ਅਸਫ਼ਲਤਾ ਤੋਂ ਸਬਕ ਲੈ ਕੇ ਅੱਗੇ ਵਧਣ ਦਾ ਨਾਂਅ ਹੈ ਜ਼ਿੰਦਗੀ

0
Failure, life

ਹਰਪ੍ਰੀਤ ਸਿੰਘ ਬਰਾੜ                   

ਸਾਡੀ ਜ਼ਿੰਦਗੀ ਉਸ ਕਿਸ਼ਤੀ ਵਾਂਗ ਹੈ ਜੋ ਸਮੇਂ ਦੀ ਲਹਿਰ ‘ਚ ਆਪਣੇ-ਆਪ ਵਹਿਣ ਲੱਗਦੀ ਹੈ। ਅਸੀਂ ਇੱਕ ਤੈਅ ਦਿਸ਼ਾ ‘ਚ ਅੱਗੇ ਵਧਣਾ ਚਾਹੁੰਦੇ ਹਾਂ ਪਰ ਕਦੇ-ਕਦਾਈਂ ਸਮੇਂ ਦੀ ਲਹਿਰ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਦੀ ਕਿਸ਼ਤੀ ਦਾ ਮੁਹਾਣ ਬਦਲ ਦਿੰਦੀ ਹੈ। ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਪਹੁੰਚਣਾ ਸੀ ਤੇ ਕਿੱਥੇ ਪਹੁੰਚ ਗਏ।

ਦਰਅਸਲ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਇਸ ਸਮੇਂ ਮੈਨੂੰ ਦੋ ਦੋਸਤਾਂ ਦੀ ਜ਼ਿੰਦਗੀ ਦੀ ਕਹਾਣੀ ਯਾਦ ਆ ਰਹੀ ਹੈ।  ਇੱਕ ਮਿੱਤਰ ਪੜ੍ਹਨ ‘ਚ ਬਹੁਤ ਜਿਆਦਾ ਤੇਜ਼ ਸੀ ਅਤੇ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਘਰ ਦੇ ਹਾਲਾਤ ਅਜਿਹੇ ਨਹੀਂ ਸਨ ਕਿ ਉਸ ਦੀ ਪੜ੍ਹਾਈ ‘ਤੇ ਜਿਆਦਾ ਖਰਚ ਕੀਤਾ ਜਾ ਸਕੇ। ਉਹ ਸਿਰਫ ਬਾਰ੍ਹਵੀਂ ਤੱਕ ਪੜ੍ਹ ਸਕਿਆ ਤੇ ਅੱਜ ਆਪਣੀ ਇੱਕ ਛੋਟੀ ਜਿਹੀ ਦੁਕਾਨ ਸੰਭਾਲ ਰਿਹਾ ਹੈ। ਦੂਜੇ ਦੋਸਤ ਦੇ ਘਰ ਦੀ ਹਾਲਤ ਕਾਫੀ ਚੰਗੀ ਸੀ ਅਤੇ ਉਹ ਪੜ੍ਹਨ ‘ਚ ਠੀਕ-ਠਾਕ ਸੀ। ਉਹ ਡਾਕਟਰ ਬਣਨਾ ਚਾਹੁੰਦਾ ਸੀ, ਪਰ ਕਾਫੀ ਤਿਆਰੀ ਦੇ ਬਾਵਜੂਦ ਵੀ ਉਹ ਪ੍ਰੀਖਿਆ ‘ਚ ਸਫਲ ਨਹੀਂ ਹੋ ਸਕਿਆ। ਅੱਜ ਉਹ ਆਪਣੇ ਪਰਿਵਾਰ ਦਾ ਕਾਰੋਬਾਰ ਸੰਭਾਲ ਰਿਹਾ ਹੈ।

ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਉਹ ਕਦੇ ਪੂਰਾ ਨਹੀਂ ਹੁੰਦਾ। ਕਿਸੇ ਕੰਮ ਦੇ ਪ੍ਰਤੀ ਸਾਡੀ ਲਗਨ ਅਤੇ ਮਿਹਨਤ ਹੀ ਸਾਡੀ ਸਫਲਤਾ ਦਾ ਅਧਾਰ ਬਣਦੀ ਹੈ। ਇਸ ਲਈ ਸਾਡੇ ਅੰਦਰ ਅੱਗੇ ਵਧਣ ਦੀ ਚਾਹਤ ਹਮੇਸ਼ਾ ਬਰਕਰਾਰ ਰਹਿੰਦੀ ਹੈ। ਕਈ ਵਾਰ ਅਸੀਂ ਜਿਸ ਰਸਤੇ ‘ਤੇ ਅੱਗੇ ਵਧਣਾ ਚਾਹੁੰਦੇ ਹਾਂ, ਹਾਲਾਤਾਂ ਕਾਰਨ ਉਸ ਰਸਤੇ ‘ਤੇ ਅੱਗੇ ਵਧ ਨਹੀਂ ਪਾਉਂਦੇ। ਪਰ ਜਦੋਂ ਇੱਕ ਰਾਹ ਬੰਦ ਹੁੰਦਾ ਹੈ ਤਾਂ ਦੂਜਾ ਖੁੱਲ੍ਹਦਾ ਵੀ ਹੈ। ਅਸੀਂ ਇੱਕ ਰਸਤਾ ਬੰਦ ਹੋਣ ਨੂੰ ਹੀ ਜਿੰਦਗੀ ਦਾ ਅੰਤ ਮੰਨ ਲੈਂਦੇ ਹਾਂ। ਇਹ ਹਾਲਾਤ ਸਾਨੂੰ ਮਨੋਵਿਗਿਆਨਕ ਰੂਪ ਤੋਂ  ਵੀ ਪ੍ਰੇਸ਼ਾਨ ਕਰਦੇ ਹਨ। ਜਿੰਦਗੀ ਨੂੰ ਸੁਖੀ ਅਤੇ ਚੰਗੇ ਤਰੀਕੇ ਨਾਲ ਜਿਉਣ ਲਈ ਸਾਨੂੰ ਮਨੋਵਿਗਿਆਨਕ ਦਬਾਅ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੋਵੇਗੀ।

ਸਾਨੂੰ ਠੰਢੇ ਦਿਮਾਗ ਅਤੇ ਸ਼ਾਂਤੀ ਨਾਲ ਸਮੱਸਿਆ ‘ਤੇ ਵਿਚਾਰ ਕਰਨਾ ਪਵੇਗਾ। ਮਾਨਸਿਕ ਤਣਾਅ ਦੀ ਹਾਲਤ ‘ਚੋਂ ਨਿੱਕਲਣ ਲਈ ਸਾਨੂੰ ਕਈ ਰਾਹ ਇਕੱਠੇ ਦਿਖਾਈ ਦੇਣ ਲੱਗਦੇ ਹਨ। ਅਸੀਂ ਅੰਤਰਮਨ ਅਤੇ ਇਕਾਗਰਤਾ ਨਾਲ ਵਿਚਾਰ ਕਰਕੇ ਹੀ ਕਿਸੇ ਸਹੀ ਫੈਸਲੇ ਤੱਕ ਪਹੁੰਚ ਸਕਦੇ ਹਾਂ।

ਅਜਿਹੀਆਂ ਅਨੇਕਾਂ ਉਦਾਹਰਨਾਂ ਮਿਲਣਗੀਆਂ ਕਿ ਲੋਕ ਇੱਕ ਰਸਤੇ ‘ਤੇ ਚੱਲ ਕੇ ਸਫਲ ਨਹੀਂ ਹੋ ਸਕੇ ਪਰ ਉਨ੍ਹਾਂ ਦੂਜੇ ਰਸਤੇ ‘ਤੇ ਚੱਲ ਕੇ ਸਫਲਤਾ ਦੀ ਇੱਕ ਨਵੀਂ ਕਹਾਣੀ ਲਿਖ ਦਿੱਤੀ। ਸਾਨੂੰ ਅਹਿਜੀਆਂ ਉਦਾਹਰਨਾਂ ਵੀ ਮਿਲ ਜਾਣਗੀਆਂ ਕਿ ਲੋਕ ਸਾਰੀ ਉਮਰ ਰਸਤੇ ਬਦਲਦੇ ਰਹੇ ਅਤੇ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਪਰ ਇਸ ਲਈ ਸਾਨੂੰ ਕਿਸੇ ਵੀ ਕੀਮਤ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ। ਜਰੂਰਤ ਇਸ ਗੱਲ ਦੀ ਹੈ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਆਪਣੇ ਰਸਤੇ ‘ਤੇ ਅੱਗੇ ਵਧੀਏੇ।

ਅੱਗੇ ਵਧਣ ਦਾ ਜਨੂੰਨ ਅਤੇ ਹੌਂਸਲਾ ਹੀ ਆਖਿਰ ਸਾਨੂੰ ਸਫਲ ਬਣਾਉਂਦਾ ਹੈ। ਜੇਕਰ ਅੱਜ ਦਾ ਨੌਜਵਾਨ ਲਗਾਤਾਰ ਸਫਲਤਾ ਦੇ ਰਾਹ ‘ਤੇ ਅੱਗੇ ਵਧ ਰਿਹਾ ਹੈ ਤਾਂ ਇਸਦੇ ਪਿੱਛੇ ਉਸਦੀ ਇੱਛਾ ਸ਼ਕਤੀ ਹੀ ਹੈ। ਜਦੋਂ ਅਸੀਂ ਜੀਅ-ਜਾਨ ਨਾਲ ਜੁਟ ਜਾਂਦੇ ਹਾਂ ਤਾਂ ਉਹ ਇੱਛਾ ਕਦੋਂ ਪੂਰੀ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਕਦੇ-ਕਦਾਈਂ ਅਜਿਹਾ ਵੀ ਹੁੰਦਾ ਹੈ ਕਿ ਵਕਤ ਜਾਂ ਹਾਲਾਤਾਂ ਦਾ ਇੱਕ ਤੇਜ ਵਹਾਅ ਆਉਂਦਾ ਹੈ ਅਤੇ ਸਾਡੀ ਜਿੰਦਗੀ ਦੀ ਕਿਸ਼ਤੀ ਉਸ ਵਹਾਅ ‘ਚ ਵਹਿਣ ਲੱਗਦੀ ਹੈ। ਇਹ ਸਭ ਐਨੀ ਤੇਜੀ ਨਾਲ ਹੁੰਦਾ ਹੈ ਕਿ ਅਸੀਂ ਕੁਝ ਸੋਚ-ਸਮਝ ਹੀ ਨਹੀਂ ਸਕਦੇ। ਅਜਿਹੇ ‘ਚ ਅਸੀਂ ਆਪਣੀ ਜਿੰਦਗੀ ਨੁੰ ਕੋਸਣ ਲੱਗਦੇ ਹਾਂ। ਅਜਿਹੇ ਸਫਰ ਲਈ ਆਪਣੀ ਜਿੰਦਗੀ ਨੂੰ ਦੋਸ਼ ਦੇਣਾ ਸਹੀ ਨਹੀਂ ਹੈ। ਹਾਂ, ਕਦੇ-ਕਦਾਈ ਅਸੀਂ ਜਿੰਦਗੀ  ਦੀ ਕਿਸ਼ਤੀ ਉਸ ਤੂਫਾਨ ‘ਚ ਫਸਾ ਦਿੰਦੇ ਹਾਂ। ਹਾਲਾਂਕਿ ਉਸ ਵਕਤ ਸਾਡਾ ਮਨ ਉਸ ਤੂਫਾਨ ਵੱਲ ਜਾਣ ਦੀ ਇਜਾਜਤ ਨਹੀਂ ਦਿੰਦਾ ਪਰ ਸ਼ਾਇਦ ਕਿਸੇ ਸਵਾਰਥ ਦੇ ਵੱਸ ਆ ਕੇ ਹੀ ਅਜਿਹਾ ਹੁੰਦਾ ਹੈ। ਕਈ ਵਾਰ ਅਸੀਂ ਜਲਦੀ ਅਤੇ ਤੇਜ਼ ਚੱਲਣ ਦੇ ਚੱਕਰ ‘ਚ ਆਪਣੀ ਜਿੰਦਗੀ ਦੀ ਕਿਸ਼ਤੀ ਤੇਜ਼ ਵਹਾਅ ਵੱਲ ਲੈ ਜਾਂਦੇ ਹਾਂ ਪਰ ਸਾਡੀ ਤਿਆਰੀ ਉਸ ਤੇਜ਼ ਵਹਾਅ ਦੇ ਬਰਾਬਰ ਨਹੀਂ ਹੁੰਦੀ।  ਅਜਿਹੇ ‘ਚ ਸਾਡੀ ਕਿਸ਼ਤੀ ਤੇਜ਼ ਵਹਾਅ ‘ਚ ਵਹਿ ਜਾਂਦੀ ਹੈ ਅਤੇ ਸਾਡੇ ਹੱਥ ਕੁਝ ਵੀ ਨਹੀਂ ਲੱਗਦਾ।  ਇਸ ਲਈ ਸਾਨੂੰ ਕੁਝ ਠੋਸ ਬਿੰਦੂਆਂ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ।

ਅਜਿਹੇ ਹਾਲਾਤਾਂ ‘ਚ ਸਮਝਦਾਰੀ ਤਾਂ ਇਸੇ ‘ਚ ਹੈ ਕਿ ਅਸੀਂ ਤੂਫਾਨ ‘ਚੋਂ ਬਾਹਰ ਨਿੱਕਲਣ ਦੇ ਤਰੀਕਿਆਂ ‘ਤੇ ਵਿਚਾਰ ਕਰੀਏੇ। ਲਗਾਤਾਰ ਆਪਣੀ ਜਿੰਦਗੀ ਨੂੰ ਦੋਸ਼ ਦੇਣ ਦਾ ਅਰਥ ਹੈ ਕਿ ਅਸੀਂ ਅਸਲੀਅਤ ਤੋਂ ਦੂਰ ਭੱਜ ਰਹੇ ਹਾਂ। ਆਪਣੀ ਜਿੰਦਗੀ ਨੂੰ ਦੋਸ਼ ਦੇ ਕੇ ਅਸੀਂ ਥੋੜ੍ਹੇ ਸਮੇਂ ਲਈ ਤਾਂ ਆਪਣੇ-ਆਪ ਨੂੰ ਸੰਤੁਸ਼ਟ ਕਰ ਸਕਦੇ ਹਾਂ ਪਰ ਲੰਮੇ ਸਮੇਂ ਤੱਕ ਹਰਗਿਜ਼ ਨਹੀਂ।

ਦਰਅਸਲ ਜਿੰਦਗੀ ਆਪਣੇ ਤਰੀਕੇ ਨਾਲ ਚਲਦੀ ਹੈ।  ਸਾਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲਗਾਤਾਰ ਕੋਸ਼ਿਸ਼ ਕਰਨ ਨਾਲ ਸਫਲਤਾ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ। ਜਰੂਰੀ ਨਹੀਂ ਜਿੰਦਗੀ ‘ਚ ਸਭ ਕੁਝ ਹਾਸਲ ਹੋ ਜਾਵੇ। ਜੇਕਰ ਸਾਨੂੰ ਜਿੰਦਗੀ ‘ਚ ਬਹੁਤ ਜਲਦ ਸਭ ਕੁਝ ਹਾਸਲ ਹੋ ਜਾਵੇਗਾ ਤਾਂ ਜਿੰਦਗੀ ‘ਚੋਂ ਰੋਮਾਂਚ ਖਤਮ ਹੋ ਜਾਵੇਗਾ। ਇਸ ਲਈ ਜਿੰਦਗੀ ‘ਚ ਹਮੇਸ਼ਾ ਕੁਝ ਅਜਿਹਾ ਹੋਣਾ ਚਾਹੀਦੈ ਕਿ ਅਸੀਂ ਕੁਝ ਨਾ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੀਏ। ਤਾਂ ਆਓ, ਆਪਾਂ ਜਿੰਦਗੀ ‘ਚ ਅੱਗੇ ਵਧਣ ਲਈ ਇੱਕ ਇਮਾਨਦਾਰ ਕੋਸ਼ਿਸ਼ ਕਰੀਏ ਅਤੇ ਜਿੰਦਗੀ ਨੂੰ ਆਪਣੇ ਤਰੀਕੇ ਨਾਲ ਚੱਲਣ ਦੇਈਏ।

ਸਾਬਕਾ ਡੀ ਓ, 174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।