ਵਿਚਾਰ

ਅੱਤਵਾਦ ਖਿਲਾਫ਼ ਵੱਡੀ ਲੜਾਈ ਦੀ ਲੋੜ

Fight, Against, Terrorism

ਸ੍ਰੀਲੰਕਾ ‘ਚ ਈਸਾਈਆਂ ਦੇ ਈਸਟਰ ਤਿਉਹਾਰ ਮੌਕੇ ਅੱਤਵਾਦੀਆਂ ਵੱਲੋਂ ਕੀਤੇ 8 ਲੜੀਵਾਰ ਧਮਾਕੇ ਨਾ ਸਿਰਫ਼ ਸ੍ਰੀਲੰਕਾ ਸਗੋਂ ਪੂਰੀ ਦੁਨੀਆ ਲਈ ਚੁਣੌਤੀ ਹਨ ਇਹਨਾਂ ਹਮਲਿਆਂ ‘ਚ 158 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਦਰਅਸਲ ਅੱਤਵਾਦੀ ਸੰਗਠਨ ਇੱਕ ਕਮਜ਼ੋਰ ਦੇਸ਼ ਨੂੰ ਨਿਸ਼ਾਨਾ ਬਣਾ ਕੇ ਅੱਤਵਾਦ ਖਿਲਾਫ਼ ਜੁਟੇ ਦੇਸ਼ਾਂ ਨੂੰ ਧਮਕਾਉਣਾ ਚਾਹੁੰਦੇ ਹਨ ਕਿ ਉਹਨਾਂ ਦੀ ਹੋਂਦ ਬਰਕਰਾਰ ਹੈ ਅਮਰੀਕਾ, ਇੰਗਲੈਂਡ, ਫਰਾਂਸ ਸਮੇਤ ਦੁਨੀਆ ਦੇ ਤਾਕਤਵਰ ਮੁਲਕਾਂ ਨੇ ਅੱਤਵਾਦ ਖਿਲਾਫ਼ ਸਖ਼ਤ ਕਦਮ ਚੁੱਕੇ ਹਨ ਇਹਨਾਂ ਮੁਲਕਾਂ ਦੇ ਹਮਲਾਵਰ ਰੁਖ਼ ਨੂੰ ਭਾਂਪਦਿਆਂ ਅੱਤਵਾਦੀ ਏਸ਼ੀਆ ‘ਚ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ ਸ੍ਰੀਲੰਕਾ ਦੀ ਘਟਨਾ ਪਿੱਛੇ ਅੱਤਵਾਦੀਆਂ ਦੀ ਮਜ਼ਹਬੀ ਨਫ਼ਰਤ ਵੀ ਸਾਬਤ ਹੁੰਦੀ ਹੈ ਕਿ ਉਹ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਦਰਅਸਲ ਅਲਕਾਇਦਾ ਸਮੇਤ ਕਈ ਅੱਤਵਾਦੀ ਸੰਗਠਨ ਵੀ ਈਸਾਈ ਭਾਈਚਾਰੇ ਨੂੰ ਪੂਰੀ ਦੁਨੀਆ ‘ਚ ਨਿਸ਼ਾਨਾ ਬਣਾ ਰਹੇ ਹਨ ਅੱਤਵਾਦ ਨੂੰ ‘ਜੇਹਾਦ’ ਕਹਿਣ ਵਾਲੇ ਅੱਤਵਾਦੀਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਹੁਣ ਵੇਲਾ ਸਿਰਫ਼ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਦਾ ਹੀ ਨਹੀਂ ਸਗੋਂ ਅੱਤਵਾਦੀਆਂ ਵੱਲੋਂ ਧਰਮ ਦੇ ਨਾਂਅ ‘ਤੇ ਫੈਲਾਈ ਜਾ ਰਹੀ ਨਫ਼ਰਤ ਤੋਂ ਵੀ ਬਚਣ ਦਾ ਹੈ ਸ੍ਰੀਲੰਕਾ ‘ਤੇ ਹੋਏ ਹਮਲੇ ਅਮਰੀਕਾ ਤੇ ਯੂਰਪ ਦੇ ਈਸਾਈ ਭਾਈਚਾਰੇ ‘ਚ ਮੁਸਲਮਾਨਾਂ ਖਿਲਾਫ਼ ਟਕਰਾਓ ਦੇ ਹਾਲਾਤ ਪੈਦਾ ਕਰ ਸਕਦੇ ਹਨ ਇਹ ਮਾਹੌਲ ਨਸਲੀ ਹਮਲਿਆਂ ਦਾ ਵੀ ਕਾਰਨ ਬਣਦਾ ਹੈ ਜਦੋਂ ਭਾਵੁਕ ਹੋਏ ਗੋਰੇ ਲੋਕ ਬਦਲਾ ਲੈਣ ਲਈ ਗੈਰ-ਗੋਰਿਆਂ ਨੂੰ ਮਾਰ-ਮੁਕਾਉਂਦੇ ਹਨ ਸਾਨੂੰ ਅਜਿਹੀ ਭਰਮਾਊ ਤੇ ਗੁੰਮਰਾਹ ਕਰਨ ਵਾਲੀ ਸੋਚ ਤੋਂ ਬਚਣ ਦੀ ਲੋੜ ਹੈ ਅੱਤਵਾਦੀ ਤਾਂ ਚਾਹੁੰਦੇ ਹੀ ਇਹੀ ਹਨ ਸਾਰੀ ਦੁਨੀਆ ‘ਚ ਧਰਮਾਂ ਦੇ ਨਾਂਅ ‘ਤੇ ਜੰਗ ਹੋਵੇ ਉਹਨਾਂ ਵੱਲੋਂ ਧਾਰਮਿਕ ਸਥਾਨਾਂ ‘ਤੇ ਹਮਲੇ ਵੀ ਇਸੇ ਮਨਸੂਬੇ ਨਾਲ ਕੀਤੇ ਜਾਂਦੇ ਹਨ ਤਾਕਤਵਰ ਮੁਲਕਾਂ ਨੂੰ ਅੱਤਵਾਦ ਤੇ ਧਰਮਾਂ ਨੂੰ ਵੱਖ-ਵੱਖ ਕਰਨ ਲਈ ਵੀ ਪ੍ਰਚਾਰ ਮੁਹਿੰਮ ਚਲਾਉਣੀ ਪਵੇਗੀ ਇਸ ਦੇ ਨਾਲ ਹੀ ਅੱਤਵਾਦ ਨੂੰ ਹਵਾ ਦੇਣ ਅਤੇ ਅੱਤਵਾਦ ਬਾਰੇ ਦੋਗਲੀ ਨੀਤੀ ਵਾਲੇ ਮੁਲਕਾਂ ਨਾਲ ਵੀ ਸਖ਼ਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ ਅੱਤਵਾਦ ਦੇ ਖਾਤਮੇ ਲਈ ਭਾਵੇਂ ਵੱਖ-ਵੱਖ ਮੁਲਕਾਂ ਦਰਮਿਆਨ ਕਈ ਸਮਝੌਤੇ ਹੋਏ ਹਨ ਪਰ ਤਕਨੀਕੀ ਤੇ ਕਾਨੂੰਨੀ ਪੇਚੀਦਗੀਆਂ ਅੱਤਵਾਦੀਆਂ ਖਿਲਾਫ਼ ਕਾਰਵਾਈ ‘ਚ ਰੁਕਾਵਟ ਬਣ ਰਹੀਆਂ ਹਨ ਜਿਸ ਦਾ ਨਤੀਜਾ ਹੈ ਕਿ ਅੱਤਵਾਦੀ ਤਾਕਤਵਰ ਦੇਸ਼ਾਂ ਤੋਂ ਬਚ ਕੇ ਕਮਜ਼ੋਰ ਤੇ ਗਰੀਬ ਮੁਲਕਾਂ ‘ਚ ਕਾਰਵਾਈਆਂ ਕਰ ਰਹੇ ਹਨ ਪਾਕਿਸਤਾਨ ਵਰਗਾ ਮੁਲਕ ਅੱਤਵਾਦ ਖਿਲਾਫ਼ ਕਾਰਵਾਈ ਦੀ ਦੁਹਾਈ ਦੇ ਕੇ ਵੀ ਅੱਤਵਾਦੀਆਂ ਦੇ ਬਚਾਓ ਲਈ ਹਰ ਹੀਲਾ ਵਰਤ ਰਿਹਾ ਹੈ ਅੱਤਵਾਦ ਅਮਨ ਤੇ ਖੁਸ਼ਹਾਲੀ ਦਾ ਦੁਸ਼ਮਣ ਹੈ ਤੇ ਕਿਸੇ ਦਾ ਵੀ ਦੋਸਤ ਨਹੀਂ ਅੱਤਵਾਦ ਨਾਲ ਨਜਿੱਠਣ ਲਈ ਸਾਰੇ ਮੁਲਕਾਂ ਨੂੰ ਇੱਕਜੁੱਟ ਹੋਣਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top