ਲੇਖ

ਜਿਉਣ ਦੀ ਜਾਂਚ ਸਿੱਖਣ ਦੀ ਲੋੜ

Learn, Live, Test

ਹਰਦੇਵ ਇੰਸਾਂ

ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਦੀ ਦਾਤ ਸਭ ਤੋਂ ਵੱਡੀ ਹੈ। ਜੀਵਨ ਇੱਕ ਰਹੱਸ ਹੈ, ਇਸ ਰਹੱਸ ਨੂੰ ਜਾਣਨਾ ਤੇ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਇਸ ਰਹੱਸ ਨੂੰ ਜਾਣ ਗਿਆ, ਮੰਨੋ ਉਹ ਅਮਰ ਹੋ ਗਿਆ। ਮਨੁੱਖ ਜੀਵਨ ਨਾਲ ਹੀ ਬਾਕੀ ਵਸਤੂਆਂ ਦੀ ਕੀਮਤ ਹੈ। ਜੀਵਨ ਦਾ ਲੁਤਫ਼ ਲੈਣਾ ਮਾਨਵ ਦੀ ਬਿਰਤੀ ‘ਤੇ ਨਿਰਭਰ ਕਰਦਾ ਹੈ, ਬਿਰਤੀ ਜਿਹੋ-ਜਿਹਾ ਕੰਮ ਕਰਦੀ ਹੈ, ਉਹੋ-ਜਿਹਾ ਸੁਰਤੀ ਨਤੀਜਾ ਭੁਗਤਦੀ ਹੈ। ਬੀਤੇ ਹੋਏ ਸਮੇਂ ਅਤੇ ਕਮਾਨੋਂ ਨਿੱਕਲੇ ਤੀਰ ਵਾਂਗ ਜੀਵਨ ਦੁਬਾਰਾ ਨਹੀਂ ਮਿਲਦਾ, ਨਿੱਕੀ ਜਿਹੀ ਗਲਤੀ ਨਾਲ ਜੀਵਨ ਨੂੰ ਨਸ਼ਟ ਕਰ ਦੇਣਾ ਅਕਲਮੰਦੀ ਦਾ ਕੰਮ ਨਹੀਂ, ਕਰਮਗਤੀ ਵਿੱਚ ਜੀਵਨ ਦਾ ਵਹਿਣਾ ਇੱਕਸਾਰ ਨਹੀਂ ਰਹਿੰਦਾ। ਪੱਤਝੜ ਤੋਂ ਬਾਅਦ ਬਹਾਰ ਦਾ ਆਉਣਾ, ਹਨ੍ਹੇਰੀ ਰਾਤ ਤੋਂ ਬਾਅਦ ਸੱਜਰੀ ਸਵੇਰ ਦਾ ਸੂਰਜ ਚੜ੍ਹਨਾ ਕੁਦਰਤ ਦਾ ਨਿਯਮ ਹੈ। ਇਸੇ ਤਰ੍ਹਾਂ ਜੀਵਨ ਵਿੱਚ ਉਤਾਰ-ਚੜ੍ਹਾਅ ਦਾ ਆਉਣਾ ਸੁਭਾਵਿਕ ਹੈ।

ਜੀਵਨ ਮਿਲਿਆ ਹੈ ਤਾਂ ਜਿਉਣਾ ਸਿੱਖੋ, ਗੁਜ਼ਾਰਨਾ ਨਹੀਂ, ਜੀਵਨ ਤਾਂ ਪਸ਼ੂ ਗੁਜ਼ਾਰਦੇ ਹਨ। ਜੀਵਨ ਰੂਪੀ ਜਹਾਜ਼ ਦੇ ਤੁਸੀਂ ਖੁਦ ਕਪਤਾਨ ਹੋ। ਇਸ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਇਹ ਤੁਹਾਡੀ ਆਪਣੀ ਬੁੱਧੀ ‘ਤੇ ਨਿਰਭਰ ਕਰਦਾ ਹੈ। ਸੁਫ਼ਨਿਆਂ ਵਿੱਚ ਜਿਉਣਾ ਬੜਾ ਸਰਲ ਹੁੰਦਾ ਹੈ, ਸੁਫ਼ਨਿਆਂ ਨੂੰ ਚਕਨਾਚੂਰ ਹੁੰਦਿਆਂ ਦੇਖ ਸਕਣਾ ਬੜਾ ਔਖਾ ਹੁੰਦਾ ਹੈ। ਨਫ਼ੇ, ਨੁਕਸਾਨ, ਗਮੀਆਂ, ਖੁਸ਼ੀਆਂ ਜੀਵਨ ਵਿੱਚ ਸਾਗਰ ਦੀਆਂ ਲਹਿਰਾਂ ਵਾਂਗੂੰ ਹਨ ।

ਦੁੱਖ-ਸੁੱਖ ਮਨੁੱਖ ਦੀਆਂ ਮਾਨਸਿਕ ਪ੍ਰਸਥਿਤੀਆਂ ਹਨ। ਮਾਨਵ ਨਸਲ ਹਮੇਸ਼ਾ ਸੁੱਖਾਂ ਨੂੰ ਲੋਚਦੀ ਹੈ ਤੇ ਦੁੱਖਾਂ ਦੀ ਸ਼ਿਕਾਇਤ ਕਰਦੀ ਹੈ। ਮਾਨਸਿਕ ਦੁੱਖ ਦਾ ਇਲਾਜ ਕਿਸੇ ਵੈਦ ਕੋਲ ਨਹੀਂ ਸਗੋਂ ਸਿਰਫ ਤੇ ਸਿਰਫ ਤੁਹਾਡੇ ਕੋਲ ਹੁੰਦਾ ਹੈ।  ਖੁਸ਼ੀਆਂ ਦੇ ਖਜ਼ਾਨੇ ਵਿੱਚ ਕਟੌਤੀ ਨਹੀਂ ਹੁੰਦੀ, ਬੇਸ਼ੱਕ ਜੀਵਨ ਬਜ਼ੁਰਗ ਅਵਸਥਾ ਵਿੱਚ ਵੀ ਕਿਉਂ ਨਾ ਹੋਵੇ। ਦੇਖਿਆ ਜਾਵੇ ਤਾਂ ਦੁੱਖ ਸਾਡੀ ਜ਼ਿੰਦਗੀ ਵਿੱਚ ਨਹੀਂ ਜਿਉਣ ਦੇ ਢੰਗਾਂ ਵਿੱਚ ਹਨ। ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਲਈ ਮਨੁੱਖ ਦੀ ਸੋਚ ਸਹਾਈ ਹੁੰਦੀ ਹੈ। ਦੁੱਖਾਂ ਨੂੰ ਹੌਂਸਲੇ ਦੀ ਭੱਠੀ ਵਿੱਚ ਸਾੜ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੁੱਖ ਮਾਨਣ ਲਈ ਦੁੱਖਾਂ ਨੂੰ ਤਿਆਗਣ ਦੀ ਜਾਚ ਹੋਣੀ ਲਾਜ਼ਮੀ ਹੈ। ਜਿਸ ਨੇ ਦੁੱਖਾਂ ਨੂੰ ਸਹਿਣਾ ਅਤੇ ਸੁੱਖਾਂ ਨੂੰ ਮਾਨਣਾ ਸਿੱਖ ਲਿਆ, ਉਸਨੂੰ ਜਿੰਦਗੀ ਜਿਉਣ ਦੀ ਜਾਚ ਆ ਗਈ। ਜਿਸ ਨੂੰ ਦੁੱਖਾਂ ਵਿੱਚ ਜਿੰਦਗੀ ਜਿਉਣੀ ਨਹੀਂ ਆਈ, ਉਹ ਸੁੱਖਾਂ ਵਿੱਚ ਜਿੰਦਗੀ ਮਾਣ ਨਹੀਂ ਸਕਦਾ। ਦੁੱਖ ਮੁਕਤ ਜੀਵਨ ਸੁੱਖ ਦੇ ਅਨੰਦ ਤੋਂ ਵਾਂਝਾ ਹੈ। ਕੜਕਦੀ ਧੁੱਪ ਤੋਂ ਬਿਨਾਂ ਛਾਂ ਦਾ ਅਨੰਦ ਮਾਣਿਆ ਨਹੀਂ ਜਾ ਸਕਦਾ। ਦੁੱਖ ਜ਼ਿੰਦਗੀ ਜਿਉਣ ਦੀ ਕੀਮਤ ਹੁੰਦੇ ਹਨ। ਦੁੱਖਾਂ ਦੇ ਸਿਰ Àੁੱਪਰ ਹੀ ਸੁਖਮਣੀ ਪਈ ਹੈ। ਦੁੱਖਾਂ ਦੀ ਸਰਹੱਦ ਤੋਂ ਸੁੱਖਾਂ ਦਾ ਬੂਹਾ ਖੁੱਲ੍ਹਦਾ ਹੈ। ਇੱਟ ਦੀ ਟਮਕ, ਸੋਨੇ ਦੀ ਚਮਕ ਅੱਗ ਵਿੱਚੋਂ ਗੁਜ਼ਰ ਕੇ ਹੀ ਬਣਦੀ ਹੈ। ਦੁੱਖ ਦੀ ਘੜੀ ਸੁੱਖਾਂ ਦਾ ਸੁਨੇਹਾ ਲੈ ਕੇ ਆਉਂਦੀ ਹੈ।

ਦੁੱਖਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਦੁੱਖ ਰੂਪੀ ਘੋੜੇ ਦੀ ਸਵਾਰੀ ਕਰਕੇ ਜੀਵਨ ਦੇ ਪੜਾਅ ਵੱਲ ਵਧਣਾ ਆਤਮਿਕ ਮਜ਼ਬੂਤੀ ਹੈ, ਆਤਮਿਕ ਮਜ਼ਬੂਤੀ ਹੀ ਸਫ਼ਲਤਾ ਦੀ ਪੂੰਜੀ ਹੈ। ਆਰਥਿਕ ਤੰਗੀ, ਨਾਜ਼ੁਕ ਹਲਾਤ, ਇੱਛਾਵਾਂ ਦਾ ਵਿਸ਼ਾਲ ਦਾਇਰਾ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਉਮੀਦਾਂ ਦਾ ਟੁੱਟਣਾ ਦੁੱਖਾਂ ਦਾ ਘੇਰਾ ਬਣ ਜਾਂਦਾ ਹੈ। ਇੱਛਾਵਾਂ ਦਾ ਪਨਪਣਾ ਮਨੁੱਖ ਦਿਮਾਗ ਵਿੱਚ ਸੁਭਾਵਿਕ ਹੈ। ਪਰ ਸੋਚ ਇਹ ਵੀ ਹੈ ਕਿ ਇੱਛਾ ਸ਼ਕਤੀ ਹੀ ਸਾਡੀ ਸਫਲਤਾ ਦਾ ਆਗਮਨ ਕਰਦੀ ਹੈ। ਮੁਨਕਰ ਇਸ ਗੱਲ ਤੋਂ ਵੀ ਨਹੀਂ ਹੋਇਆ ਜਾ ਸਕਦਾ ਕਿ ਇੱਛਾਵਾਂ ਦਾ ਮੱਕੜਜਾਲ ਮਾਨਸਿਕ ਦੁੱਖਾਂ ਦਾ ਕਾਰਨ ਬਣਦਾ ਹੈ। ਇੱਛਾਵਾਂ ‘ਤੇ ਕਾਬੂ ਰੱਖਣ ਦੀ ਸਮਰੱਥਾ ਹੋਣੀ ਬਹੁਤ ਜਰੂਰੀ ਹੈ, ਨਹੀਂ ਤਾਂ ਦਿਨ ਦਾ ਚੈਨ ਰਾਤਾਂ ਦੀ ਨੀਂਦ Àੁੱਡ ਜਾਂਦੀ ਹੈ। ਇਹ ਕਾਰਜ ਹੈ ਤਾਂ ਬੜਾ ਕਠਿਨ, ਪਰ ਮਾਨਵ ਸ਼ਕਤੀ ਅੱਗੇ ਕੁਝ ਵੀ ਅਸੰਭਵ ਨਹੀਂ। ਮਨੁੱਖ ਮਾਇਕ ਪਦਾਰਥਾਂ ਵਿੱਚੋਂ ਖੁਸ਼ੀ ਲੱਭਦਾ ਹੈ, ਖੁਸ਼ੀ ਕੋਈ ਵਪਾਰਕ ਜਾਂ ਗੁਆਚੀ ਹੋਈ ਵਸਤੂ ਨਹੀਂ ਜਿਸਨੂੰ ਖਰੀਦਣ ਲਈ ਪੈਸਿਆਂ ਦੀ ਅਤੇ ਲੱਭਣ ਲਈ ਵਕਤ ਦੀ ਜ਼ਰੂਰਤ ਪਵੇ।

ਜਿਸ ਤਰ੍ਹਾਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ, ਖੁਸ਼ੀ ਵੀ ਸਾਡੇ ਅੰਦਰ ਸਮੋਈ ਹੋਈ ਹੈ। ਬਾਹਰੀ ਭਟਕਣਾ ਮਨੁੱਖ ਨੂੰ ਖੁਸ਼ੀਆਂ ਤੋਂ ਵਾਂਝਾ ਕਰ ਦਿੰਦੀ ਹੈ। ਤਾਲੋਂ Àੁੱਖੜਿਆ ਵਿਅਕਤੀ ਸੁੱਖ ਪ੍ਰਾਪਤੀ ਲਈ ਤਾਂਤਰਿਕ ਵਿਧੀਆਂ ਦਾ ਸਹਾਰਾ ਲੈਂਦਾ ਹੈ, ਸਹਾਰੇ ਹਮੇਸ਼ਾ ਕਮਜ਼ੋਰ ਵਿਅਕਤੀ ਲੈਂਦੇ ਹਨ ਅਤੇ ਆਪਣੀ ਆਰਥਿਕ ਲੁੱਟ ਦਾ ਖੁਦ ਸ਼ਿਕਾਰ ਹੋ ਜਾਂਦੇ ਹਨ ਜੋ ਕਿ ਕਦੇ ਵੀ ਠੀਕ ਨਹੀਂ। ਸੁੱਖ ਮੰਗਿਆਂ ਨਹੀਂ ਮਿਲਦੇ,  ਨਾ ਹੀ ਇਹਨਾਂ ਦਾ ਵਪਾਰ ਜਾਂ ਕਿਸੇ ਦੀ ਮਲਕੀਅਤ ਹੁੰਦੇ ਹਨ। ਸੁੱਖ ਤਾਂ ਆਪਣੀ ਯੋਗ ਸਮਰੱਥਾ ਨਾਲ ਮਾਣੇ ਜਾਂਦੇ ਹਨ। ਸੁਖਮਈ ਖੁਸ਼ਹਾਲ ਜਿੰਦਗੀ ਦਾ ਰਹੱਸ ਇਹ ਹੈ ਕਿ ਅਤੀਤ ਨੂੰ ਭੁੱਲ ਭਵਿੱਖ ਨੂੰ ਬਿਨਾਂ ਕਲਪਿਆਂ ਵਰਤਮਾਨ ਵਿੱਚ ਜਿਉਣਾ । ਮੰਨਿਆ ਕਿ ਆਸ ਜੀਵਨ ਦੀ ਕਿਰਨ ਹੈ, ਆਸ ਬਿਨਾ ਜੀਵਨ ਜਿਉਣਾ ਮੁਸ਼ਕਲ ਹੈ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਵਰਤਮਾਨ ਨੂੰ ਅਤੀਤ ਦੀਆਂ ਯਾਦਾਂ ਅਤੇ ਭਵਿੱਖ ਨੂੰ ਕਲਪ-ਕਲਪ ਚਿੰਤਾ ਵਿੱਚ ਡੁੱਬੇ ਰਹੀਏ। ਚਿੰਤਾ ਚਿਖਾ ਦੇ ਸਮਾਨ ਹੈ।ਭਵਿੱਖ ਦੀ ਚਿੰਤਾ ਨਾਲ ਵਰਤਮਾਨ ਨੂੰ ਨਸ਼ਟ ਕਰਨਾ ਸਮਝਦਾਰੀ  ਨਹੀਂ ਮੂਰਖਤਾ ਹੈ। ਚਿੰਤਾ ਦੀ ਚਿਣਗ, ਸੋਗ ਦਾ ਬੋਝ ਵਿਅਕਤੀ ਨੂੰ ਧਰਤੀ ਵਿੱਚ ਗਰਕ ਕਰ ਦਿੰਦਾ ਹੈ ਅਤੇ ਖੁਸ਼ੀ ਦੀ ਲਹਿਰ ਹਵਾਵਾਂ ਵਿੱਚ ਤਰਨ ਲਾ ਦਿੰਦੀ ਹੈ। ਭਵਿੱਖ ਨੂੰ ਅੱਖੋਂ-ਪਰੋਖੇ ਕਰ ਕਰਮਗਤੀ ਨੂੰ ਨਾ ਰੋਕ ਦਿੱਤਾ ਜਾਵੇ। ਕਰਮਗਤੀ ‘ਚ ਕਿਰਿਆਸ਼ੀਲ ਜੀਵਨ ਖੁਸ਼ੀ ਦਾ ਮੰਤਵ ਹੈ। ਦਿਲ ਰੂਪੀ ਧਰਤੀ ਨੂੰ ਰੀਝਾਂ ਨਾਲ ਸਿੰਜ ਕੇ ਉਪਜਾਊ ਬਣਾਉਣਾ ਚਾਹੀਦਾ ਹੈ, ਬਿਨ ਸਿੰਜਿਆਂ ਧਰਤੀ ਕੱਲਰ ਹੋ ਜਾਂਦੀ ਹੈ। ਦਿਲ ਰੂਪੀ ਕੱਲਰਾਂ ‘ਚ ਖੁਸ਼ੀਆਂ ਦੇ ਫੁੱਲ ਨਹੀਂ ਖਿੜਦੇ, ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਸਭ ਦਾ ਭਲਾ ਮੰਗੋ ਅਤੇ ਭਲਾ ਕਰੋ। ਨੇਕ ਵਿਚਾਰਾਂ ਦੇ ਧਾਰਨੀ ਬਣੋ। ਆਪਣਾ ਜੀਵਨ ਆਪ ਜੀਵੋ, ਕਿਸੇ ਦੇ ਸਹਾਰੇ ਜਿਉਣਾ ਗੁਜ਼ਾਰੇ ਲਈ ਜਿਉਣਾ ਮਨੁੱਖ ਦਾ ਕੰਮ ਨਹੀਂ। ਕੁਝ ਅਜਿਹਾ ਕਰ ਜਾਓ ਕਿ ਦੁਨੀਆ ਤੁਹਾਨੂੰ ਯਾਦ ਕਰੇ।

ਰਾਮਗੜ੍ਹ ਚੂੰਘਾਂ
(ਸ੍ਰੀ ਮੁਕਤਸਰ ਸਾਹਿਬ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top