ਨਸ਼ਿਆਂ ‘ਚ ਡੁੱਬਦੀ ਜਵਾਨੀ ਨੂੰ ਬਚਾਉਣ ਦੀ ਲੋੜ

0
Regards, Drug, Racket, STF, Handed, Sealed, Envelope, HighCourt

ਨਸ਼ਿਆਂ ‘ਚ ਡੁੱਬਦੀ ਜਵਾਨੀ ਨੂੰ ਬਚਾਉਣ ਦੀ ਲੋੜ

ਨਸ਼ਾ ਕੋਈ ਵੀ ਹੋਵੇ, ਉਹ ਸਿਹਤ ਲਈ ਹਾਨੀਕਾਰਕ ਹੈ ਨਸ਼ਿਆਂ ਦੀ ਦਲਦਲ ਵਿੱਚ ਇਸ ਵੇਲੇ ਸਾਡੇ ਪੰਜਾਬ ਸੂਬੇ ਦੀ ਨੌਜਵਾਨ ਪੀੜ੍ਹੀ ਧੱਸਦੀ ਜਾ ਰਹੀ ਹੈ , ਜਿਸ ਕਾਰਨ ਪੰਜਾਬ ਵਿੱਚੋਂ ਰੋਜ਼ਾਨਾ ਹੀ ਦਰਜਨਾਂ ਦੀ ਗਿਣਤੀ ਵਿੱਚ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ  ਨਸ਼ਿਆਂ ਕਾਰਨ ਕਈ ਘਰ ਵੀ ਹੁਣ ਉੱਜੜ ਚੁੱਕੇ ਹਨ ਅਤੇ ਕਈ ਉੱਜੜਨ ਕੰਢੇ ਪਹੁੰਚ ਚੁੱਕੇ ਹਨ ਨਸ਼ਾ ਜਿੱਥੇ ਸਿਹਤ ਲਈ ਹਾਨੀਕਾਰਕ ਹੈ, ਉੱਥੇ ਹੀ ਦੂਜੇ ਪਾਸੇ ਇਹ ਨਸ਼ਾ ਸਾਡੇ ਪੂਰੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਵੇਖਿਆ ਜਾਵੇ ਤਾਂ ਜਦੋਂ ਤੋਂ ਦੇਸ਼ ਅਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਦੇ ਅੰਦਰ ਕਈ ਪ੍ਰਕਾਰ ਦੇ ਨਸ਼ੇ ਪੈਦਾ ਹੋਏ ਹਨ ਅਤੇ ਕਈ ਨਸ਼ੇ ਬਾਰਡਰ ਪਾਰੋਂ ਇੱਥੇ ਆਏ ਹਨ

ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਇਸ ਤਰੀਕੇ ਨਾਲ ਆਪਣੇ ਵੱਲ ਖਿੱਚ ਲਿਆ ਕੇ ਨੌਜਵਾਨ ਹੁਣ ਨਸ਼ਾ ਛੱਡਣ ਦਾ ਨਾਂਅ ਵੀ ਨਹੀਂ ਲੈ ਰਹੇ ਸਾਡੀਆਂ ਸਰਕਾਰਾਂ ਦੇ ਵੱਲੋਂ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ, ਤਾਂ ਜੋ ਇੱਥੇ ਆਪਣਾ ਇਲਾਜ ਕਰਵਾ ਕੇ ਨੌਜਵਾਨ ਨਸ਼ਿਆਂ ਨੂੰ ਤਿਆਗ ਸਕਣ, ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਤੋਂ ਨਸ਼ੇ ਛੱਡ ਵੀ ਚੁੱਕੇ ਹਨ ਅਤੇ ਕਈ ਹਾਲੇ ਵੀ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਨਸ਼ਿਆਂ ਨੂੰ ਤਿਆਗ ਦੇਣ, ਕਿਉਂਕਿ ਨਸ਼ੇ ਬਰਬਾਦੀ ਤੋਂ ਇਲਾਵਾ ਕੁਝ ਨਹੀਂ ਹਨ

ਦੇਸ਼ ਭਰ ਦੇ ਅੰਦਰ ਵੱਖ-ਵੱਖ ਪ੍ਰਕਾਰ ਦੇ ਆਏ ਨਸ਼ਿਆਂ ਨੇ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ਨੂੰ ਹੀ ਜਕੜਿਆ ਹੈ ਕਈ ਨੌਜਵਾਨ ਆਪਣੇ ਕੋਈ ਗ਼ੈਰ ਕਾਨੂੰਨੀ ਕੰਮ ਧੰਦੇ ਨੂੰ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਕਰਨ ਲਈ ਸੁਆਦ-ਸੁਆਦ ਵਿੱਚ ਪਹਿਲੋਂ ਨਸ਼ਾ ਲਗਾ ਲੈਂਦੇ ਹਨ ਬਾਅਦ ਵਿੱਚ ਇਹੀ ਨਸ਼ਾ ਉਨ੍ਹਾਂ ਦੇ ਕੋਲੋਂ ਛੁਟਦਾ ਨਹੀਂ ਨਸ਼ਾ ਜਦੋਂ ਨੌਜਵਾਨਾਂ ਦੀ ਆਦਤ ਬਣ ਜਾਂਦਾ ਹੈ ਤਾਂ ਨੌਜਵਾਨ ਬਹੁਤ ਕੋਸ਼ਿਸ਼ ਕਰਦੇ ਹਨ ਕਿ ਇਸ ਨੂੰ ਛੱਡ ਕੇ, ਉਹ ਫਿਰ ਤੋਂ ਆਪਣੀ ਪਿਛਲੀ ਜ਼ਿੰਦਗੀ ਵਿੱਚ ਜਾ ਸਕਣ, ਪਰ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਦੇਖਿਆ ਜਾਵੇ ਤਾਂ ਨਸ਼ੇ ਲੱਗਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਨੌਜਵਾਨਾਂ ਦਾ ਵਿਹਲਾਪਣ  ਜਿਹੜੇ ਨੌਜਵਾਨ ਵਿਹਲੇ ਹੁੰਦੇ ਹਨ, ਉਹ ਹੀ ਨਸ਼ਿਆਂ ਨੂੰ ਆਪਣੇ ਮਿੱਤਰ ਬਣਾਉਂਦੇ ਹਨ ਅਤੇ ਬਾਅਦ ਵਿੱਚ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ

ਜੇਕਰ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਆਪਣੇ ਕੰਮ ਧੰਦੇ ਵਿੱਚ ਆਪਣਾ ਦਿਮਾਗ਼ ਲਗਾਉਣ ਤਾਂ ਕਦੇ ਵੀ ਉਹ ਗ਼ਲਤ ਰਸਤੇ ਨਹੀਂ ਜਾ ਸਕਦੇ ਅਤੇ ਨਾ ਹੀ ਬੇਵਕਤੀ ਮੌਤ ਮਰ ਸਕਦੇ ਹਨ ਕਈ ਨੌਜਵਾਨ ਤਾਂ ਇਸ ਵੇਲੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ, ਕਈ ਦਿਮਾਗ਼ੀ ਪ੍ਰੇਸ਼ਾਨੀ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਕੁੱਲ ਮਿਲਾ ਕੇ ਕਹਿ ਲਈਏ ਕਿ ਇਹ ਨਸ਼ੇ ਹੀ ਸਭ ਤੋਂ ਵੱਡੀ ਬਰਬਾਦੀ ਦਾ ਕਾਰਨ ਹਨ ਅਤੇ ਇਸ ਬਰਬਾਦੀ ਵਿੱਚੋਂ ਨਿਕਲਣ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਚੰਗੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਚੋਣ ਕਰਨੀ ਹੋਵੇਗੀ

ਕਿਉਂਕਿ ਜੇਕਰ ਸਾਡਾ ਆਲਾ-ਦੁਆਲਾ ਰਿਸ਼ਤੇ ਨਾਤੇ ਅਤੇ ਦੋਸਤ ਮਿੱਤਰ ਚੰਗੀ ਸੰਗਤ ਵਿਚ ਹੋਣਗੇ, ਤਾਂ ਹੀ ਉਹ ਸਾਨੂੰ ਕੋਈ ਚੰਗੀ ਸਿੱਖਿਆ ਦੇ ਸਕਣਗੇ ਮਾੜੀ ਸੰਗਤ ਦੇ ਵਿੱਚ ਪਏ ਨੌਜਵਾਨ ਹੀ ਆਖ਼ਰ ਨਸ਼ਿਆਂ ਨੂੰ ਮਿੱਤਰ ਬਣਾ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਭਾਵੇਂ ਕਿ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਸਾਡੀਆਂ ਸਰਕਾਰਾਂ ਵੀ ਨਸ਼ੇ ਰੋਕਣ ਦੇ ਲਈ ਕਈ ਪ੍ਰਕਾਰ ਦੇ ਸੈਮੀਨਾਰ ਵਗ਼ੈਰਾ ਕਰਵਾ ਰਹੀਆਂ ਹਨ, ਪਰ ਫਿਰ ਵੀ ਸਾਡੀ ਪੀੜ੍ਹੀ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀ ਇੱਥੇ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਕਈ ਨੌਜਵਾਨ ਖ਼ੁਦ ਵੀ ਨਸ਼ਾ ਛੱਡਣ ਦੇ ਲਈ ਅੱਗੇ ਨਹੀਂ ਆ ਰਹੇ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹਨ, ਜੋ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਸਮਾਜ ਨੂੰ ਚੰਗਾ ਪਾਠ ਪੜ੍ਹਾ ਰਹੇ ਹਨ

ਇੱਥੇ ਅਹਿਮ ਗੱਲ ਇਹ ਦੱਸ ਦਈਏ ਕਿ ਨਸ਼ਿਆਂ ਵਿੱਚ ਡੁੱਬਦੀ ਜਵਾਨੀ ਨੂੰ ਬਚਾਉਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਲਾ-ਦੁਆਲਾ ਹੀ ਸਾਫ਼ ਰੱਖਣਾ ਹੋਵੇਗਾ ਮਤਲਬ ਕਿ ਆਸ-ਪਾਸ ਜਿੰਨੇ ਵੀ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਹਨ ਜਾਂ ਫਿਰ ਫਸਦੇ ਜਾ ਰਹੇ ਹਨ, ਉਨ੍ਹਾਂ ਤੋਂ ਥੋੜ੍ਹਾ ਦੂਰੀ ਬਣਾ ਕੇ ਰੱਖਣੀ ਹੋਵੇਗੀ ਕਿਉਂਕਿ ਅੱਜ ਨਸ਼ਾ ਇੱਕ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੱਕ ਇਸ ਕਰਕੇ ਲੱਗ ਰਿਹਾ ਹੈ ਕਿਉਂਕਿ ਇਹ ਸਭ ਕੁਝ ਵੇਖੋ-ਵੇਖੀ ਸਾਰਾ ਕੁਝ ਹੋ ਰਿਹਾ ਹੈ

ਜੇਕਰ ਕੋਈ ਅੱਠ ਦਸ ਜਣੇ ਕਿਸੇ ਪਿੰਡ ਦੇ ਵਿੱਚ ਨਸ਼ੇੜੀ ਹਨ ਤਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਪੱਧਰ ‘ਤੇ ਉਨ੍ਹਾਂ ਨੌਜਵਾਨਾਂ ਨੂੰ ਸਮਝਾ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਪਿੰਡਾਂ ਦੀਆਂ ਪੰਚਾਇਤਾਂ ਸਭ ਤੋਂ ਪਹਿਲੋਂ ਅੱਗੇ ਆਉਣ, ਫਿਰ ਸ਼ਹਿਰਾਂ ਦੀਆਂ ਨਗਰ ਪੰਚਾਇਤਾਂ ਤਾਂ ਹੀ ਜਾ ਕੇ ਕਿਤੇ ਨਸ਼ਾ ਖ਼ਤਮ ਕਰਵਾ ਸਕਦੀਆਂ ਹੈ

ਪੰਜਾਬ ਦੇ ਤਿੰਨ ਜ਼ਿਲ੍ਹੇ ਜਿਨ੍ਹਾਂ ਵਿੱਚ ਗੁਰਦਾਸਪੁਰ, ਅਮ੍ਰਿਤਸਰ ਅਤੇ ਤਰਨਤਾਰਨ ਆਦਿ ਦੇ ਇਲਾਕਿਆਂ ਵਿੱਚ ਇਸ ਵੇਲੇ ਸ਼ਰਾਬ ਕਾਰਨ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਨੇ ਸਾਨੂੰ ਸਮਝਣ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ  ਕਿ ਜਿਸ ਸ਼ਰਾਬ ਨੂੰ ਲੋਕ ਆਨੰਦ ਮਈ ਜ਼ਿੰਦਗੀ ਜਿਊਣ ਲਈ ਪੀਂਦੇ ਸਨ, ਉਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ ਬਹੁਤ ਸਾਰੇ ਬੱਚਿਆਂ ਦੇ ਸਿਰਾਂ ਤੋਂ ਪਿਉ ਦਾ ਸਾਇਆ ਉੱਠ ਗਿਆ, ਔਰਤਾਂ ਦੇ ਸਿਰਾਂ ਤੋਂ ਪਤੀ ਦਾ ਸਾਇਆ ਉੱਠ ਗਿਆ ਅਤੇ ਮਾਪਿਆਂ ਦੇ ਪੁੱਤ ਬੇਵਕਤੀ ਮੌਤ ਜ਼ਹਿਰੀਲੀ ਸ਼ਰਾਬ ਦੇ ਕਾਰਨ ਮਾਰੇ ਗਏ ਇਸ ਤੋਂ ਪਹਿਲੋਂ, ਪਿਛਲੇ ਕੁਝ ਕੁ ਸਾਲਾਂ ਦੌਰਾਨ ਸਾਡੇ ਪੰਜਾਬ ਦੇ ਅੰਦਰ ਨੌਜਵਾਨਾਂ ਦੀਆਂ ਕਈ ਪ੍ਰਕਾਰ ਦੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੇ, ਮਨ ਨੂੰ ਬਹੁਤ ਜ਼ਿਆਦਾ ਦੁੱਖ ਪਹੁੰਚਾਇਆ ਹੈ

ਇਹ ਜੋ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਹ ਖ਼ਬਰਾਂ ਬੇਹੱਦ ਦੁਖਦਾਈ ਖ਼ਬਰਾਂ ਹਨ ਲੋਕਾਂ ਨੂੰ ਨਸ਼ੇ ਦੇ ਅੱਤਵਾਦ ਨੂੰ ਖ਼ਤਮ ਕਰਨ ਵਿੱਚ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਡੈਪੋ ਪ੍ਰੋਗਰਾਮ ਪਿਛਲੇ ਸਾਲ ਸਰਕਾਰ ਨੇ ਚਲਾਇਆ ਸੀ, ਜੋ ਹੁਣ ਵੀ ਚੱਲ ਰਿਹਾ ਹੈ, ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ, ਤਹਿਸੀਲਾਂ, ਪਿੰਡਾਂ ਅਤੇ ਵਾਰਡ ਪੱਧਰ ‘ਤੇ ਨਸ਼ੇ ਦੀ ਸਪਲਾਈ ਰੋਕਣ ਅਤੇ ਨਸ਼ਾ ਕਰਦੇ ਵਿਅਕਤੀਆਂ ਦਾ ਇਲਾਜ ਕਰਵਾਉਣ ਲਈ ਨਸ਼ਾ ਮੁਕਤੀ ਅਧਿਕਾਰੀ (ਡੈਪੋ ਵਲੰਟੀਅਰਜ਼) ਨਿਯੁਕਤ ਕੀਤੇ ਗਏ ਸਨ, ਜੋ ਕਿ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਦੇ ਸਨ ਕਈ ਸਮਾਜ ਸੇਵੀ ਲੋਕ ਹੁਣ ਵੀ ਆਪਣੇ ਪੱਧਰ ‘ਤੇ ਸੈਮੀਨਾਰ ਵਗ਼ੈਰਾ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੇ ਹਨ

ਨਸ਼ੇ ਦੀ ਦੰਸ਼ ਇਸ ਦੀ ਦਲਦਲ ਵਿੱਚ ਫਸੇ ਵਿਅਕਤੀ ਨੂੰ ਨਹੀਂ, ਬਲਕਿ ਉਸ ਦੇ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ ਸਾਡੇ ਮੁਤਾਬਿਕ ਵਿਚਾਰ ਇਹ ਹੀ ਹੈ ਕਿ ਨਸ਼ੇ ਵਿੱਚ ਫਸੇ ਆਦਮੀ ਨਾਲ ਨਫ਼ਰਤ ਕਰਨ ਦੀ ਬਜਾਏ, ਉਸ ਨੂੰ ਇੱਕ ਬਿਮਾਰ ਵਿਅਕਤੀ ਦੀ ਤਰ੍ਹਾਂ ਡੀਲ ਕੀਤਾ ਜਾਵੇ ਅਤੇ ਇਲਾਜ ਲਈ ਸਰਕਾਰੀ ਨਸ਼ਾ ਛਡਾਓ ਕੇਂਦਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਉਹ ਮੁੱਖ ਧਾਰਾ ਵਿੱਚ ਵਾਪਸ ਆ ਸਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੰਗੀ ਪੱਧਰ ‘ਤੇ ਮੁਹਿੰਮਾਂ ਜਾਰੀ ਹਨ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਦੇ ਦੁਸ਼ ਪ੍ਰਭਾਵਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਡੈਪੋ ਤਹਿਤ ਪਿੰਡ-ਪਿੰਡ ਜਾਗਰੂਕਤਾ ਫੈਲਾਈ ਜਾ ਰਹੀ ਹੈ,

ਉੱਥੇ ਪੁਲਿਸ ਵੱਲੋਂ ਨਸ਼ਿਆਂ ਨੂੰ ਵੇਚਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਉਂਜ, ਪੁਲਿਸ ਵਿਭਾਗ ਨੂੰ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਸ਼ਾ ਵੇਚਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਇਆ ਜਾਵੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸੋਸ਼ਲ ਮੀਡੀਆ ਰਾਹੀਂ ਵੀ ਜਨ-ਜਨ ਤੱਕ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ

ਪੰਜਾਬ ਨੂੰ ਅਸੀਂ ਨਸ਼ਾ ਮੁਕਤ ਤਦ ਤੱਕ ਹੀ ਕਰ ਸਕਦੇ ਹਾਂ, ਜਦ ਤੱਕ ਅਸੀਂ ਖ਼ੁਦ ਨਹੀਂ ਸੋਚ ਲੈਂਦੇ ਕਿ ਸਾਨੂੰ ਕਿਹੋ ਜਿਹਾ ਪੰਜਾਬ ਚਾਹੀਦਾ ਹੈ ਪੰਜਾਬ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਦੇ ਵਾਸਤੇ ਸਾਨੂੰ ਸਭ ਨੂੰ ਹੰਭਲਾ ਮਾਰਨਾ ਪਵੇਗਾ ਤਾਂ, ਜੋ ਨਸ਼ੇ ਵਿੱਚ ਡੁੱਬਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ
ਪਰਮਜੀਤ ਕੌਰ ਸਿੱਧੂ
98148-90905

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ