ਪਟਿਆਲਾ-ਡਕਾਲਾ ਸੜਕ ਦਾ ਨਾਮ ਸਾਬਕਾ ਵਿਧਾਇਕ ਬ੍ਰਿਜ ਲਾਲ ਗੋਇਲ ਦੇ ਨਾਮ ’ਤੇ ਰੱਖਿਆ

0

ਪਾਰਟੀ ਦੇ ਵਫ਼ਾਦਾਰ ਸਿਪਾਹੀ ਤੇ ਸਿਧਾਂਤਾਂ ਨੂੰ ਪ੍ਰਣਾਈ ਸ਼ਖ਼ਸੀਅਤ ਸਨ ਬ੍ਰਿਜ ਲਾਲ ਗੋਇਲ: ਵਿਜੈ ਇੰਦਰ ਸਿੰਗਲਾ

ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬ ਸਰਕਰ ਨੇ ਪਟਿਆਲਾ-ਡਕਾਲਾ ਸੜਕ ਦਾ ਨਾਮ ਮਰਹੂਮ ਵਿਧਾਇਕ ਬ੍ਰਿਜ ਲਾਲ ਗੋਇਲ ਦੇ ਨਾਮ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸ੍ਰੀ ਗੋਇਲ ਨੇ ਜ਼ਿਲ੍ਹੇ ਦੇ ਵਿਕਾਸ ਲਈ ਅਣਥੱਕ ਯਤਨ ਕੀਤੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਪਰਨੀਤ ਕੌਰ ਦੀ ਅਗਵਾਈ ਹੇਠ ਸਥਾਨਕ ਆਗੂਆਂ ਨੇ ਇਸ ਸੜਕ ਦਾ ਨਾਮ ਮਰਹੂਮ ਸ੍ਰੀ ਗੋਇਲ ਦੇ ਨਾਂ ’ਤੇ ਰੱਖਣ ਲਈ ਇੱਕ ਮੰਗ ਪੱਤਰ ਸੌਂਪਿਆ ਸੀ। ਦੱਸਣਯੋਗ ਹੈ ਕਿ ਬ੍ਰਿਜ ਲਾਲ ਗੋਇਲ 1972 ’ਚ ਹਲਕਾ ਰਾਜਪੁਰਾ ਤੋਂ ਵਿਧਾਇਕ ਚੁਣੇ ਗਏ ਸਨ। ਉਹ ਪਨਸਪ ਅਤੇ ਪੰਜਾਬ ਪਸ਼ੂ ਧਨ ਵਿਕਾਸ ਬੋਰਡ ਦੇ ਵੀ ਚੇਅਰਮੈਨ ਰਹੇ।

ਉਨ੍ਹਾਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪੀਪੀਸੀਸੀ ਦੇ ਮੀਤ ਪ੍ਰਧਾਨ ਵਜੋਂ ਵੀ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਸਨ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਟਿਆਲਾ-ਡਕਾਲਾ ਸੜਕ ਦਾ ਨਾਮ ਬ੍ਰਿਜ ਲਾਲ ਗੋਇਲ ਦੇ ਨਾਂ ’ਤੇ ਰੱਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ,

ਜਿਸ ਮਗਰੋਂ ਸਬੰਧਤ ਸੜਕ ’ਤੇ ਨਵੇਂ ਸਾਈਨ ਬੋਰਡ ਲਗਾਉਣ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।  ਇਸੇ ਦੌਰਾਨ ਮਰਹੂਮ ਬ੍ਰਿਜ ਲਾਲ ਗੋਇਲ ਦੀ ਧਰਮ ਪਤਨੀ ਰਮਾ ਗੋਇਲ, ਸਪੁੱਤਰ ਸੀ.ਏ. ਸਤੀਸ਼ ਗੋਇਲ, ਸੰਜੀਵ ਗੋਇਲ ਟੋਨੀ ਤੇ ਪੁੱਤਰੀ ਨੇਹਾ ਅਗਰਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਪਰਨੀਤ ਕੌਰ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.