ਪੰਜਾਬ ਦੀ ਸੱਤਾ ਰਜਵਾੜਿਆਂ ਦੇ ਹੱਥੋਂ ਖੋਹ ਕੇ ਆਮ ਲੋਕਾਂ ਨੂੰ ਦਿੱਤੀ : ਚਰਨਜੀਤ ਸਿੰਘ ਚੰਨੀ

CM Charanjit Singh Channi Sachkahoon

ਸੰਗਰੂਰ ’ਚ ਇੱਕ ਦਿਨ ’ਚ ਦੋ ਵੱਡੇ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ

ਘਾਬਦਾਂ ਨੇੜੇ ਸਰਕਾਰੀ ਮੈਡੀਕਲ ਕਾਲਜ ਤੇ ਦੇਹ ਕਲਾਂ ’ਚ ਸੀਮੇਂਟ ਦੀ ਫੈਕਟਰੀ ਦਾ ਰੱਖਿਆ ਨੀਂਹ ਪੱਥਰ

(ਗੁਰਪ੍ਰੀਤ ਸਿੰਘ) ਸੰਗਰੂਰ।  ਅਸੀਂ ਪੰਜਾਬ ਦੀ ਸੱਤਾ ਰਜਵਾੜਾ ਸ਼ਾਹੀ ਤੋਂ ਖੋਹ ਕੇ ਆਮ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤੀ ਹੈ ਹੁਣ ਲੋਕਾਂ ਦਾ ਪੈਸਾ ਲੋਕਾਂ ਦੇ ਉੱਪਰ ਹੀ ਲਾਇਆ ਜਾਵੇਗਾ ਇਹ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਦੇ ਘਾਬਦਾਂ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਉਪਰੰਤ ਇਕੱਤਰ ਹੋਏ ਵੱਡੀ ਗਿਣਤੀ ਕਾਂਗਰਸੀ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕ ਹਿਤੈਸ਼ੀ ਫੈਸਲੇ ਲੈਂਦੀ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਤਾ ਰਜਵਾੜਿਆਂ ਤੋਂ ਖੋਹ ਕੇ ਆਮ ਲੋਕਾਂ ਨੂੰ ਦੇ ਦਿੱਤੀ ਹੈ ਜਿਸ ਕਾਰਨ ਪੰਜਾਬ ਦੇ ਹਰ ਵਰਗ ਦੇ ਲੋਕ ਭਾਰੀ ਖੁਸ਼ ਹਨ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਚੰਨੀ ਵੱਲੋਂ ਸਰਕਾਰੀ ਖਜ਼ਾਨਾ ਲੁਟਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਡੇ ਕੋਲ ਸੱਤਾ ਹੈ ਅਸੀਂ ਖਜ਼ਾਨੇ ਦੇ ਮੂੰਹ ਲੋਕਾਂ ਵੱਲ ਹੀ ਕਰੀ ਰੱਖਣਾ ਹੈ ਉਨ੍ਹਾਂ ਕਿਹਾ ਸੱਤਾ ਵਿੱਚ ਰਹਿੰਦਿਆਂ ਸੁਖਬੀਰ ਬਾਦਲ ਨੇ ਸਾਰਾ ਖਜ਼ਾਨਾ ਆਪਣੇ ਘਰੀਂ ਰੱਖਿਆ ਜਿਸ ਕਾਰਨ ਬਾਦਲ ਪਰਿਵਾਰ ਕੋਲ ਅਣ ਗਿਣਤ ਬੱਸਾਂ, ਮਹਿੰਗੇ ਹੋਟਲ ਬਣ ਗਏ ਅਰਵਿੰਦ ਕੇਜਰੀਵਾਲ ਦੀ ਤੁਲਨਾ ਅੰਗਰੇਜ਼ ਨਾਲ ਕਰਦਿਆਂ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੰਗਰੇਜ਼ਾਂ ਵਾਂਗ ਪੰਜਾਬ ਨੂੰ ਲੁੱਟਣ ਆ ਰਿਹਾ ਹੈ, ਉਸ ਨੂੰ ਪੰਜਾਬ, ਪੰਜਾਬੀਅਤ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।

ਚੰਨੀ ਨੇ ਸ਼੍ਰੋਮਣੀ ਅਕਾਲੀ ਦਲ (ਬ) ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੈਂ ਆਪਣੇ ਵੱਲੋਂ ਅਕਾਲੀ ਦਲ ਦੀ ਸਥਾਪਨਾ ਦੇ ਸੌ ਵਰ੍ਹੇ ਪੂਰੇ ਹੋਣ ਤੇ ਸੱਚੇ ਅਕਾਲੀ ਲੀਡਰਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਜਥੇਬੰਦੀ ਰਹੀ ਹੈ ਜਿਸ ਦੀ ਅਗਵਾਈ ਮਾਸਟਰ ਤਾਰਾ ਸਿੰਘ, ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ ਵਰਗਿਆਂ ਵੱਲੋਂ ਕੀਤੀ ਹੈ ਪਰ ਅਜੋਕੇ ਅਕਾਲੀ ਦਲ ਨੇ ਪਾਰਟੀਆਂ ਦੀਆਂ ਨੀਤੀਆਂ ਨੂੰ ਭੂੰਜੇ ਲਾਹ ਦਿੱਤਾ ਹੈ ਮਜੀਠੀਏ ਤੇ ਸੁਖਬੀਰ ਤੇ ਨਸ਼ਿਆਂ ਅਤੇ ਬੇਅਦਬੀਆਂ ਦੇ ਦੋਸ਼ ਲੱਗ ਰਹੇ ਹਨ ਜਿਸ ਕਾਰਨ ਇਹ ਪਾਰਟੀ ਹੁਣ ਲੋਕਾਂ ਦੇ ਮਨੋਂ ਲੱਥ ਚੁੱਕੀ ਹੈ ਉਨ੍ਹਾਂ ਕਿਹਾ ਕਿ ਸੰਗਰੂਰ ਵਿਖੇ ਬਣਨ ਵਾਲਾ ਮੈਡੀਕਲ ਕਾਲਜ ਤੇ ਸੀਮਿੰਟ ਦੀ ਫੈਕਟਰੀ ਨਾਲ ਇਹ ਹਲਕਾ ਸਮੁੱਚੇ ਸੂਬੇ ਵਿੱਚ ਪਹਿਲਾ ਹਲਕਾ ਹੋ ਜਾਵੇਗਾ ਜਿਸ ਕੋਲ ਏਨੀਆਂ ਸਹੂਲਤਾਂ ਹੋਣਗੀਆਂ ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਬਣਨ ਨਾਲ ਜਿੱਥੇ ਖੇਤਰ ਦੇ ਬੱਚੇ, ਬੱਚੀਆਂ ਨੂੰ ਪੜ੍ਹਾਈ ਦੀ ਵੱਡੀ ਸੁਵਿਧਾ ਮਿਲੇਗੀ, ਉੱਥੇ ਸੀਮਿੰਟ ਫੈਕਟਰੀ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੰਗਰੂਰ ਵਿਖੇ ਅੱਜ ਜਿਹੜੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਸ ਦੀ ਬੇਹੱਦ ਵੱਡੀ ਲੋੜ ਸੀ ਉਨ੍ਹਾਂ ਕਿਹਾ ਕਿ ਮੈਂ ਹਲਕਾ ਸੰਗਰੂਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਕਿਸੇ ਵੀ ਕੰਮ ਲਈ ਜਵਾਬ ਨਹੀਂ ਦੇ ਸਕਦਾ ਕਿਉਂਕਿ ਇਨ੍ਹਾਂ ਦਾ ਹਰੇਕ ਕੰਮ ਨਾਪ ਤੋਲ ਕਰਨ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਨਾਲ ਅਗਲੇ ਦਸ ਸਾਲਾਂ ਵਿੱਚ ਸੰਗਰੂਰ ਹਲਕਾ ਤਰੱਕੀ ਦੀਆਂ ਬੁਲੰਦੀਆਂ ਛੂਹੇਗਾ ਉਨ੍ਹਾਂ ਕਾਂਗਰਸ ਦਾ ਗੁਣਗਾਨ ਕਰਦਿਆਂ ਕਾਂਗਰਸ ਸਰਕਾਰ ਨੇ ਹੀ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ, ਕਾਂਗਰਸ ਨੇ ਪੰਜਾਬ ਵਿੱਚ ਖੇਤੀਬਾੜੀ ਯੂਨੀਵਰਸਿਟੀ, ਭਾਖੜਾ ਡੈਮ ਤੇ ਪੀਜੀਆਈ ਵੀ ਕਾਂਗਰਸ ਦੀ ਦੇਣ ਹੈ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਦੇਸ਼ ਸੂਈ ਤੋਂ ਮੁਥਾਜ ਸੀ ਪਰ ਕਾਂਗਰਸ ਕਰਕੇ ਹੀ ਅੱਜ ਦੇਸ਼ ਐਟਮੀ ਸ਼ਕਤੀ ਬਣ ਗਿਆ ਹੈ ਜਿਸ ਕਾਰਨ ਕੋਈ ਵੀ ਦੁਸ਼ਮਣ ਭਾਰਤ ਵੱਲ ਝਾਕ ਨਹੀਂ ਸਕਦਾ ਉਨ੍ਹਾਂ ਵਿਜੈਇੰਦਰ ਸਿੰਗਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੰਗਲਾ ਉਨ੍ਹਾਂ ਤੋਂ ਉਮਰ ਵਿੱਚ ਛੋਟੇ ਹਨ ਪਰ ਸਿਆਣੇ ਬਹੁਤ ਹਨ ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਿੰਗਲਾ ਨੇ ਸੰਗਰੂਰ ਨੂੰ ਹਲਕੇ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੇ ਪਹੁੰਚਾਇਆ ਹੈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਤੇ ਹਲਕਾ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਦਿਨ ਹੈ ਕਿਉਂਕਿ ਮੈਡੀਕਲ ਕਾਲਜ ਤੇ ਸੀਮੇਂਟ ਦੀ ਫੈਕਟਰੀ ਲੱਗਣ ਕਾਰਨ ਹਲਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਰੋਜ਼ਗਾਰ ਹਾਸਲ ਹੋਵੇਗਾ ਉਨ੍ਹਾਂ ਪੰਜਾਬ ਸਰਕਾਰ ਖ਼ਾਸ ਕਰ ਚਰਨਜੀਤ ਸਿੰਘ ਚੰਨੀ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੱਲਾਸ਼ੇਰੀ ਨਾਲ ਹੀ ਇਹ ਵੱਡੇ ਪ੍ਰਾਜੈਕਟ ਸੰਗਰੂਰ ਆਏ ਹਨ ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ