ਪ੍ਰਧਾਨ ਮੰਤਰੀ ਨੇ ਅਫਸਰਾਂ ਨੂੰ ਨਹੀਂ ਸਗੋਂ ਮਨਪ੍ਰੀਤ ਬਾਦਲ ਨੂੰ ਕਿਹਾ ਸੀ, ‘ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਦੇ ਦੇਣਾ’

PM Security Lapse Case Sachkahoon

ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਦੇਣਾ ਮੈਂ ਜਿਉਂਦਾ ਬਚ ਗਿਆ, ਇਹ ਸ਼ਬਦ ਬੋਲੇ ਸੀ ਪ੍ਰਧਾਨਮੰਤਰੀ ਨੇ

ਹੁਣ ਤੱਕ ਇਹ ਬੁਝਾਰਤ ਬਣੀ ਹੋਈ ਸੀ ਕਿ ਪ੍ਰਧਾਨ ਮੰਤਰੀ ਨੇ ਕਿਸ ਰਾਹੀਂ ਇਹ ਸੰਦੇਸ਼ ਭੇਜਿਆ ਸੀ

ਅਸ਼ਵਨੀ ਚਾਵਲਾ, ਚੰਡੀਗੜ੍ਹ। ‘‘ਤੁਹਾਡੇ ਮੁੱਖ ਮੰਤਰੀ ਨੂੰ ਧੰਨਵਾਦ ਦੇ ਦੇਣਾ ਕਿ ਮੈਂ ਜਿਉਂਦਾ ਬਚ ਕੇ ਬਠਿੰਡਾ ਹਵਾਈ ਅੱਡੇ ਤੱਕ ਪਹੁੰਚ ਗਿਆ ਹਾਂ’’ ਇਹ ਸੰਦੇਸ਼ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਕਿਸ ਦੇ ਰਾਹੀਂ ਭੇਜਿਆ ਸੀ, ਪਰ ਇਹ ਅਜੇ ਵੀ ਬੁਝਾਰਤ ਬਣੀ ਹੋਈ ਸੀ। ਕੁਝ ਕਹਿ ਰਹੇ ਸਨ ਕਿ ਇਹ ਸੰਦੇਸ਼ ਅਧਿਕਾਰੀਆਂ ਰਾਹੀਂ ਭੇਜਿਆ ਗਿਆ ਸੀ, ਜਦਕਿ ਕੁਝ ਕਹਿ ਰਹੇ ਸਨ ਕਿ ਅਜਿਹਾ ਕੋਈ ਸੰਦੇਸ਼ ਨਹੀਂ ਭੇਜਿਆ ਗਿਆ ਸੀ, ਪਰ ਹੁਣ ਇਹ ਬੁਝਾਰਤ ਹੱਲ ਹੋ ਗਈ ਹੈ।

ਧੰਨਵਾਦ ਦਾ ਇਹ ਸੰਦੇਸ਼ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸੇ ਅਧਿਕਾਰੀ ਨੂੰ ਨਹੀਂ ਸਗੋਂ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ ਸੀ, ਜਿਸ ਨੂੰ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਵੀਕਾਰ ਕੀਤਾ ਹੈ। ਇਸ ਗੱਲ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਦੀ ਮਨਪ੍ਰੀਤ ਸਿੰਘ ਬਾਦਲ ਨਾਲ ਗੱਲ ਹੋਈ ਹੈ ਅਤੇ ਮਨਪ੍ਰੀਤ ਬਾਦਲ ਨੇ ਆ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਭੇਜੇ ਸੰਦੇਸ਼ ਬਾਰੇ ਦੱਸਿਆ ਸੀ। ਇੱਥੇ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ, ਉਹਨਾਂ ਵੱਲ ਇਹ ਸੰਦੇਸ਼ ਦੇਣਾ ਗਲਤ ਹੈ।

ਮੁੱਖ ਮੰਤਰੀ ਦੇ ਪੱਖ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਸੰਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ਭੇਜਿਆ ਗਿਆ ਸੀ, ਜਦਕਿ ਹੁਣ ਤੱਕ ਪੰਜਾਬ ਵਿੱਚ ਵੱਡੇ ਪੱਧਰ ’ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਅਜਿਹਾ ਕੋਈ ਧੰਨਵਾਦ ਸੰਦੇਸ਼ ਪ੍ਰਧਾਨ ਮੰਤਰੀ ਵੱਲੋਂ ਭੇਜਿਆ ਹੀ ਨਹੀਂ ਗਿਆ, ਸਗੋਂ ਇੱਕ ਅਫਵਾਹ ਫੈਲਾਈ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ