ਆਉਣ ਵਾਲੇ ਦਿਨਾਂ ‘ਚ ਮੁੜ ਦੌੜ ਸਕਦੀ ਐ ਪੀਆਰਟੀਸੀ ਦੀ ਲਾਰੀ

0

ਸਰਕਾਰ ਵੱਲੋਂ ਬੱਸਾਂ ਚਲਾਉਣ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਸਰਕਾਰ ਵੱਲੋਂ 18 ਮਈ ਤੋਂ ਕਰਫਿਊ ਹਟਾਉਣ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਪਬਲਿਕ ਟਰਾਂਸਪੋਰਟ ਵੀ ਸੜਕਾਂ ‘ਤੇ ਦੌੜ ਸਕਦੀ ਹੈ। ਬੱਸਾਂ ਨੂੰ ਮੁੜ ਚਲਾਉਣ ਲਈ ਪੀਆਰਟੀਸੀ ਮੈਨੇਜ਼ਮੈਂਟ ਸਮੇਤ ਸਰਕਾਰ ਵਿਚਕਾਰ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ।  ਸੂਬੇ ਅੰਦਰ ਲਗਭਗ ਦੋ ਮਹੀਨਿਆਂ ਤੋਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਪਹੀਏ ਜਾਮ ਹਨ, ਜਿਸ ਕਾਰਨ ਪੀਆਰਟੀਸੀ ਸਮੇਤ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਿਆ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਕੋਰੋਨਾ ਸੰਕਟ ਦੌਰਾਨ 20 ਮਾਰਚ ਤੋਂ ਬੱਸਾਂ ਚੱਲਣ ‘ਤੇ ਪਾਬੰਦੀ ਲੱਗ ਗਈ ਸੀ, ਜੋ ਕਿ ਅੱਜ ਤੱਕ ਜਾਰੀ ਹੈ। ਜੇਕਰ ਪੀਆਰਟੀਸੀ ਦੀ ਹੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਲਗਭਗ 80 ਕਰੋੜ ਦਾ ਵਿੱਤੀ ਨੁਕਸਾਨ ਝੱਲ ਚੁੱਕੀ ਹੈ।

ਲਾਕਡਾਊਨ ਅਤੇ ਕਰਫਿਊ ਦੌਰਾਨ ਪੀਆਰਟੀਸੀ ਦੀਆਂ ਬੱਸਾਂ ਵੱਲੋਂ ਸ੍ਰੀ ਹਜ਼ੂਰ ਸਾਹਿਬ ‘ਚ ਫਸੇ ਯਾਤਰੀਆਂ ਸਮੇਤ ਹੋਰਨਾਂ ਪ੍ਰਵਾਸੀਆਂ ਨੂੰ ਘਰ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 18 ਮਈ ਤੋਂ ਪੰਜਾਬ ਚੋਂ ਕਰਫਿਊ ਉਠਾ ਦਿੱਤਾ ਹੈ ਅਤੇ ਲਾਕਡਾਊਨ 31 ਮਈ ਤੱਕ ਵਧਾ ਦਿੱਤਾ ਗਿਆ ਹੈ।

ਸਰਕਾਰ ਹੁਣ ਪਬਲਿਕ ਟਰਾਂਸਪੋਰਟ ਨੂੰ ਸ਼ਰਤਾਂ ਦੇ ਤਹਿਤ ਖੋਲ੍ਹਣ ਦੇ ਰੋਂਅ ਵਿੱਚ ਹੈ। ਇਸ ਸਬੰਧੀ ਪੀਆਰਟਸੀ ਦੇ ਅਧਿਕਾਰੀਆਂ ਨਾਲ ਦੋ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਪਤਾ ਲੱਗਾ ਹੈ ਕਿ ਕੱਲ੍ਹ ਨੂੰ ਮੁੜ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਪੀਆਰਟਸੀ ਦੀਆਂ ਬੱਸਾਂ ਨੂੰ ਚਲਾਉਣ ‘ਤੇ ਸਹਿਮਤੀ ਹੋ ਸਕਦੀ ਹੈ। ਸਰਕਾਰ ਵੱਲੋਂ ਬੱਸਾਂ ਚਲਾਉਣ ਸਬੰਧੀ ਸਮਾਜਿਕ ਦੂਰੀ ਸਮੇਤ ਹੋਰ ਕੋਰੋਨਾ ਵਾਇਰਸ ਦੇ ਨੇਮਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਬੱਸਾਂ ਚਲਾਉਣ ਨੂੰ ਹਾਮੀ ਭਰੀ ਜਾ ਸਕਦੀ ਹੈ।

ਇੱਧਰ ਹੁਣ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਨੂੰ ਵੀ ਕੁਝ ਸਟਾਫ਼ ਨਾਲ ਖੋਲ੍ਹਿਆ ਜਾ ਰਿਹਾ ਹੈ, ਜਿਸ ਕਾਰਨ ਦੂਰ-ਦੁਰਾਡੇ ਨੌਕਰੀ ਕਰਦੇ ਆਮ ਲੋਕਾਂ ਨੂੰ ਵੀ ਆਉਣ ਜਾਣ ‘ਚ ਦਿੱਕਤ ਪੇਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਪੀਆਰਟੀਸੀ ਦੀ ਆਮਦਨ ਦੇ ਸ੍ਰੋਤ ਨੂੰ ਮੁੜ ਚਾਲੂ ਕਰਨ ਲਈ ਸਰਕਾਰ ਨੂੰ ਬੱਸਾਂ ਚਲਾਉਣੀਆਂ ਲਾਜ਼ਮੀ ਹੋ ਜਾਣਗੀਆਂ।

ਪੀਆਰਟੀਸੀ ਦਾ ਆਪਣੇ ਮੁਲਾਜ਼ਮਾਂ ਦੀ ਤਨਖਾਹ, ਪੈਨਸ਼ਨਾਂ ਆਦਿ ਲਈ ਪਹਿਲਾਂ ਹੱਥ ਤੰਗ ਹੈ ਅਤੇ ਸਰਕਾਰ ਵੱਲ ਹੀ ਲਗਭਗ 200 ਕਰੋੜ ਦੀਆਂ ਦੇਣਦਾਰੀਆਂ ਬਕਾਇਆ ਪਈਆਂ ਹਨ। ਉਂਜ ਪ੍ਰਾਈਵੇਟ ਬੱਸਾਂ ਵਾਲੇ ਵਿੱਤੀ ਸੰਕਟ ਨੂੰ ਦੇਖਦਿਆਂ ਮੁੜ ਬੱਸਾਂ ਚਲਾਉਣ ਲਈ ਸਰਕਾਰ ਵੱਲ ਝਾਕ ਰਹੇ ਹਨ।

ਲੰਬੇ ਰੂਟ ਵਾਲੀਆਂ ਬੱਸਾਂ ਵੀ ਚਲਾਈਆਂ ਜਾ ਸਕਦੀਆਂ ਨੇ : ਕੇ.ਕੇ. ਸ਼ਰਮਾ

ਇਸ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਆਖਿਆ ਕਿ 18 ਮਈ ਨੂੰ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਬੱਸਾਂ ਚਲਾਉਣ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੰਬੇ ਰੂਟ ਵਾਲੀਆਂ ਬੱਸਾਂ ਵੀ ਚਲਾਈਆਂ ਜਾ ਸਕਦੀਆਂ ਹਨ। ਉਨ੍ਹਾਂ  ਦੱਸਿਆ ਕਿ ਬੱਸਾਂ ਨੂੰ ਸੈਨੇਟਾਈਜ਼ ਸਮੇਤ ਹੋਰ ਪ੍ਰਹੇਜ਼ਾਂ ਤਹਿਤ ਹੀ ਸੜਕਾਂ ‘ਤੇ ਲਿਆਂਦਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।