ਕੋਰੋਨਾ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਪੰਜਾਬ ਸਰਕਾਰ ਵਾਈਟ ਪੇਪਰ ਜ਼ਾਰੀ ਕਰੇ : ਹਰਪਾਲ ਸਿੰਘ ਚੀਮਾ

0

ਕਿਹਾ, ਪੰਜਾਬ ਸਰਕਾਰ ਕੋਰੋਨਾ ਬਾਰੇ ਅਸਲ ਸਥਿਤੀ ‘ਤੇ ਪਰਦਾ ਪਾ ਰਹੀ ਹੈ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਕੋਰੋਨਾ ਮਾਮਲਿਆਂ ਵਿੱਚ ਪੰਜਾਬ ਸਰਕਾਰ ਵੱਡਾ ਪਰਦਾ ਰੱਖ ਰਹੀ ਹੈ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਸਬੰਧੀ ਜਾਣਕਾਰੀ ਮਿਲ ਰਹੀ ਹੈ ਅਤੇ ਨਾ ਹੀ ਇਸ ਦੇ ਇਲਾਜ ਅਤੇ ਨਾ ਹੀ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਕੁਝ ਜਾਣਕਾਰੀ ਮਿਲ ਰਹੀ ਹੈ ਪੰਜਾਬ ਸਰਕਾਰ ਇਸ ਮਾਮਲੇ ‘ਤੇ ਫੌਰਨ ਵਾਈਟ ਪੇਪਰ ਜਾਰੀ ਕਰੇ ਤੇ ਸਾਰੀ ਸਥਿਤੀ ਸਪੱਸ਼ਟ ਕਰੇ ਇਹ ਪ੍ਰਗਟਾਵਾ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ

ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਦੇਸ਼ ਵਿੱਚੋਂ ਪਹਿਲ ਕਰਦਿਆਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਲਾਕਡਾਊਨ ਕਰ ਦਿੱਤਾ ਸੀ ਪਰ ਇਸ ਦੇ ਬਾਵਜ਼ੂਦ ਸੂਬੇ ਵਿੱਚ ਕੋਰੋਨਾ ਦੀ ਬਿਮਾਰੀ ਤੇਜ਼ੀ ਨਾਲ ਵਧ ਰਹੀ ਹੈ ਕੋਰੋਨਾ ਦੇ ਹਰ ਰੋਜ਼ ਇੱਕ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਲੱਗੇ ਹਨ ਇੱਥੋਂ ਤੱਕ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀ ਵਿੱਚ 450 ਦੀ ਗਿਣਤੀ ਵਿੱਚ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ

ਚੀਮਾ ਨੇ ਕਿਹਾ ਕਿ ਹੁਣ ਪੰਜਾਬ ਦੇ ਹਾਲਾਤ ਬੇਕਾਬੂ ਹੋ ਰਹੇ ਹਨ ਜੇਕਰ ਅੱਜ ਪੰਜਾਬ ਵਿੱਚ ਟੈਸਟਿੰਗ ਕਰਵਾਈ ਜਾਵੇ ਤਾਂ ਹੈਰਾਨੀਜਨਕ ਅੰਕੜੇ ਸਾਹਮਣੇ ਆ ਸਕਦੇ ਹਨ ਪਰ ਹੁਣ ਸਰਕਾਰ ਇਸ ਲਈ ਰਾਜ਼ੀ ਨਹੀਂ ਹੈ ਪੰਜਾਬ ਦੇ ਡੀਜੀਪੀ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਜੇਕਰ ਸਾਰੇ ਪੁਲਿਸ ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕਰਵਾ ਦਿੱਤਾ ਗਿਆ ਤਾਂ ਇਸ ਕਾਰਨ ਡਿਊਟੀ ਵਿੱਚ ਵੱਡਾ ਵਿਘਨ ਪਵੇਗਾ ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੇ ਮਾਮਲੇ ਵਿੱਚ ਬੇਵੱਸ ਹੋ ਚੁੱਕੀ ਹੈ ਜਿਸ ਕਾਰਨ ਸਰਕਾਰ ਹੁਣ ਅੰਕੜੇ ਲੁਕੋਣ ਲੱਗੀ ਹੈ ਪਟਿਆਲਾ ਵਿਖੇ ਚਾਰ ਕੋਰੋਨਾ ਮਰੀਜ਼ ਹਸਪਤਾਲ ਵਿੱਚੋਂ ਭੱਜ ਗਏ ਪਿਛਲੇ ਦਿਨੀਂ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ

ਜਿਸ ਬਾਰੇ ਜਾਂਚ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੈਡੀਕਲ ਲੈਬਾਰਟਰੀਆਂ ਜਾਅਲੀ ਟੈਸਟ ਰਿਪੋਰਟਾਂ ਦੇ ਰਹੀਆਂ ਹਨ ਜਿਨ੍ਹਾਂ ਦੀ ਜਾਂਚ ਨੂੰ ਵਿਜੀਲੈਂਸ ਨੂੰ ਦੇ ਕੇ ਮੁੜ ਪੰਜਾਬ ਪੁਲਿਸ ਤੋਂ ਕਰਵਾਈ ਜਾ ਰਹੀ ਹੈ ਗੱਲ ਕੀ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਰਾਬ ਮਾਫ਼ੀਆ ਦੇ ਕਬਜ਼ੇ ਵਿੱਚ ਹੈ ਜਦੋਂ ਕਿ ਕੋਰੋਨਾ ਮਾਮਲੇ ਨੂੰ ਲੈ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਅੱਗੇ ਧਰਨਾ ਦਿੱਤਾ ਜਿਸ ਕਾਰਨ ਹੀ ਉਹ ਘਰ ਵਿੱਚੋਂ ਨਿੱਕਲਣ ਲਈ ਮਜ਼ਬੂਰ ਹੋਏ

Kovid

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੋਰੋਨਾ ਦੇ ਟਾਕਰੇ ਲਈ ਪੰਜਾਬ ਸਰਕਾਰ ਵੱਲੋਂ 67 ਕਰੋੜ ਰੁਪਏ ਇਕੱਠੇ ਕੀਤੇ ਗਏ ਪਰ ਖਰਚੇ ਸਿਰਫ਼ ਢਾਈ ਕਰੋੜ ਰੁਪਏ ਹੀ ਹਨ ਜਿਸ ਕਾਰਨ ਇਹ ਮਾਮਲਾ ਵੀ ਸ਼ੱਕੀ ਲੱਗ ਰਿਹਾ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਇਸ ਦੇ ਹੱਲ ਲਈ 300 ਕਰੋੜ ਰੁਪਏ ਖਰਚ ਕੀਤੇ ਹਨ ਪਰ ਇਹ ਪੈਸਾ ਕਿੱਧਰੇ ਲੱਗਿਆ ਨਜ਼ਰ ਨਹੀਂ ਆ ਰਿਹਾ ਸੰਗਰੂਰ ਵਿਖੇ ਕੋਵਿਡ ਕੇਅਰ ਸੈਂਟਰਾਂ ਦਾ ਕੀ ਹਾਲ ਹੈ, ਇਸ ਬਾਰੇ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ, ਪਟਿਆਲਾ ਵਿਖੇ ਕੋਰੋਨਾ ਮਰੀਜ਼ ਹਸਪਤਾਲ ਵਿੱਚੋਂ ਭੱਜ ਰਹੇ ਹਨ, ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੀਆਂ ਲਾਸ਼ਾਂ ਦੀ ਬੇਕਰਦੀ ਹੋ ਰਹੀ ਹੈ ਚੀਮਾ ਨੇ ਕਿਹਾ ਕਿ ਲੋਕਾਂ ਨੂੰ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਕਈ ਆਗੂ ਮੌਜ਼ੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ