ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਭਰ ਦੇ ਹਸਪਤਾਲਾਂ ‘ਤੇ ਅਚਾਨਕ ਛਾਪੇਮਾਰੀ

Punjab, Pollution, Control, Board, Team, Suddenly, Raid, Hospitals, Across

24 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਲਗਭਗ 100 ਹਸਪਤਾਲਾਂ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਦੋ ਦਰਜ਼ਨ ਹਸਪਤਾਲ ਨਿਯਮਾਂ ਦੀ ਉਲੰਘਨਾ ਕਰਦੇ ਪਾਏ ਗਏ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 40 ਟੀਮਾਂ ਵੱਲੋਂ ਪੰਜਾਬ ਭਰ ਦੇ 95 ਹਸਪਤਾਲਾਂ ਦਾ ਪੂਰੀ ਡੂੰਘਾਈ ਨਾਲ ਮੁਆਇਨਾ ਕੀਤਾ ਗਿਆ। ਇਸ ਤਹਿਕੀਕਾਤ ਦੌਰਾਨ 71 ਹਸਪਤਾਲ ਅਜਿਹੇ ਸਨ ਜੋ ਬਾਇਓ ਮੈਡੀਕਲ ਵੇਸਟ ਰੂਲਜ਼-2016 ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਸਨ ਜਦਕਿ ਬਾਕੀ 24 ਹਸਪਤਾਲਾਂ ‘ਚ ਉਣਤਾਈਆਂ ਦੇਖਣ ਨੂੰ ਮਿਲੀਆਂ।

ਉਲੰਘਨਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਪੰਨੂ

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ 24 ਹਸਪਤਾਲਾਂ ਖਿਲਾਫ਼ ਵਾਤਾਵਰਨ ਸੁਰੱਖਿਆ ਐਕਟ-1986 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਤੰਦਰੁਸਤ ਪੰਜਾਬ ਦੇ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਦੇ 7400 ਦੇ ਕਰੀਬ ਹਸਪਤਾਲ, ਕਲੀਨਿਕ ਅਤੇ ਸਿਹਤ ਕੇਂਦਰ ਹਰ ਰੋਜ਼ 15-16 ਟਨ ਬਾਇਓ ਮੈਡੀਕਲ ਕਚਰਾ ਪੈਦਾ ਕਰ ਰਹੇ ਹਨ, ਜਿਸ ਨੂੰ ਪੰਜਾਬ ‘ਚ ਮੌਜ਼ੂਦ 4 ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਜਿਹੜੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ ਵਿਖੇ ਸਥਿੱਤ ਹਨ, ‘ਚ ਸੋਧ ਕੇ ਇਸ ਕਚਰੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਬਾਇਓ ਮੈਡੀਕਲ ਕਚਰੇ ਦਾ ਜੇ ਵਿਗਿਆਨਕ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਭਿਆਨਕ ਬਿਮਾਰੀਆਂ ਫੈਲਾਊਣ ਦਾ ਜ਼ਰੀਆ ਬਣਦਾ ਹੈ ਜੋ ਸਮੁੱਚੇ ਪੰਜਾਬੀਆਂ ਦੀ ਸਿਹਤ ਲਈ ਖਤਰਾ ਹੈ। ਮਿਸ਼ਨ ਤੰਦਰੁਸਤ ਪੰਜਾਬ, ਪੰਜਾਬੀਆਂ ਨੂੰ ਸਾਫ਼-ਸੁਥਰਾ ਤੇ ਨਰੋਆ ਵਾਤਾਵਰਨ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਅਚਾਨਕ ਛਾਪੇਮਾਰੀ ਕਰਕੇ ਉਲੰਘਣਾ ਕਰਨ ਵਾਲੇ ਹਸਪਤਾਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।