ਮਨੁੱਖਤਾ ਨੂੰ ਸਮਰਪਿਤ ਸੰਸਥਾ ਰੈੱਡ ਕਰਾਸ

0

ਮਨੁੱਖਤਾ ਨੂੰ ਸਮਰਪਿਤ ਸੰਸਥਾ ਰੈੱਡ ਕਰਾਸ

ਮਾਨਵਤਾ ਨੂੰ ਸਮਰਪਿਤ ਸੰਸਥਾਵਾਂ ਦਾ ਜ਼ਿਕਰ ਹੁੰਦਿਆਂ ਰੈੱਡ ਕਰਾਸ ਦਾ ਨਾਂਅ ਆਪ-ਮੁਹਾਰੇ ਜ਼ੁਬਾਨ ‘ਤੇ ਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਉੱਦਮੀ, ਰੈੱਡ ਕਰਾਸ ਦੇ ਸੰਸਥਾਪਕ ਅਤੇ 1901 ਵਿੱਚ ਵਿਸ਼ਵ ਸ਼ਾਂਤੀ ਦੇ ਲਈ ਪਹਿਲੇ ਨੋਬਲ ਪੁਰਸਕਾਰ ਜੇਤੂ ਜੀਨ ਹੇਨਰੀ ਡਿਊਨੈਂਟ ਦੇ ਜਨਮ ਦਿਨ ‘ਤੇ ਹਰ ਸਾਲ 8 ਮਈ ਨੂੰ ਕੌਮਾਂਤਰੀ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ। ਰੈੱਡ ਕਰਾਸ ਆਪਣੀ ਕਾਰਜਸ਼ੈਲੀ ਦੌਰਾਨ ਮੁੱਖ ਸੱਤ ਸਿਧਾਂਤਾਂ ਮਨੁੱਖਤਾ, ਸਮਦਰਸ਼ਤਾ, ਨਿਰਪੱਖਤਾ, ਆਜ਼ਾਦੀ, ਵਲੰਟਰੀ ਸੇਵਾ, ਏਕਤਾ ਅਤੇ ਸਰਵ ਵਿਆਪਕਤਾ ‘ਤੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ।

ਇੰਟਰਨੈਸ਼ਨਲ ਕਮੇਟੀ ਆਫ਼ ਦ ਰੈੱਡ ਕਰਾਸ (ਆਈ.ਸੀ.ਆਰ.ਸੀ.) ਦੀ ਸਥਾਪਨਾ 1863 ਵਿੱਚ ਹੋਈ ਅਤੇ ਇਹ ਸੰਸਥਾ ਯੁੱਧ ਪੀੜਤ ਲੋਕਾਂ, ਸੈਨਿਕਾਂ ਅਤੇ ਯੁੱਧ ਬੰਦੀਆਂ ਲਈ ਕੰਮ ਕਰਦੀ ਰਹੀ ਹੈ। ਰੈੱਡ ਕਰਾਸ ਉਹਨਾਂ ਕਾਨੂੰਨਾਂ ਨੂੰ ਉਤਸ਼ਾਹਿਤ ਕਰਦੀ ਹੈ ਜਿਸ ਨਾਲ ਯੁੱਧ ਪੀੜਤਾਂ ਦੀ ਸੁਰੱਖਿਆ ਹੋ ਸਕੇ। ਰੈੱਡ ਕਰਾਸ ਦਾ ਮੁੱਖ ਦਫ਼ਤਰ ਜਿਨੇਵਾ (ਸਵਿਟਜ਼ਰਲੈਂਡ) ਵਿਖੇ ਹੈ। ਰੈੱਡ ਕਰਾਸ ਦਾ ਮੁੱਖ ਉਦੇਸ਼ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉੱਥੇ ਆਫਤਾਂ, ਹੜ੍ਹਾਂ, ਸੋਕੇ, ਭੂਚਾਲ ਅਤੇ ਬਿਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਬਿਨਾਂ ਕਿਸੇ ਵਿਤਕਰੇ ਤੋਂ ਸੇਵਾ ਕਰਨਾ ਹੈ।

ਸੰਸਾਰ ਦੇ ਤਕਰੀਬਨ ਹਰ ਦੇਸ਼ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ। ਭਾਰਤ ਸਰਕਾਰ ਦੇ ਪਾਰਲੀਮੈਂਟ ਐਕਟ 15 ਅਧੀਨ ਸਾਲ 1920 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਦਾ ਗਠਨ ਕੀਤਾ ਗਿਆ। ਸਾਲ 1994 ਵਿੱਚ ਬਣਾਏ ਨਿਯਮਾਂ ਅਨੁਸਾਰ ਭਾਰਤੀ ਰੈੱਡ ਕਰਾਸ ਸੋਸਾਇਟੀ ਦੇ ਪ੍ਰਧਾਨ ਰਾਸ਼ਟਰਪਤੀ ਅਤੇ ਚੇਅਰਮੈਨ ਕੇਂਦਰੀ ਸਿਹਤ ਮੰਤਰੀ ਨੂੰ ਬਣਾਇਆ ਗਿਆ। ਰੈੱਡ ਕਰਾਸ ਦੇ ਨਿਸ਼ਾਨ ਦੀ ਗਲਤ ਵਰਤੋਂ ਕਰਨ ‘ਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਉਸ ਵਿਅਕਤੀ ਦੀ ਸੰਪੱਤੀ ਵੀ ਜ਼ਬਤ ਕੀਤੀ ਜਾ ਸਕਦੀ ਹੈ।

ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਇਤਿਹਾਸ ਵਿੱਚ ਭਾਈ ਘਨ੍ਹੱਈਆ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਿਨਾਂ ਕਿਸੇ ਭੇਦਭਾਵ ਤੋਂ ਜ਼ਖਮੀਆਂ ਨੂੰ ਪਾਣੀ ਪਿਲਾ ਅਤੇ ਮੱਲ੍ਹਮ ਪੱਟੀਆਂ ਕਰ ਕੇ ਅਜਿਹੀ ਹੀ ਮਾਨਵਤਾ ਦੀ ਸੇਵਾ ਦੀ ਉੱਚ ਸੋਚ ਦੀ ਪਿਉਂਦ ਲਾਈ ਜਿਸ ਦਾ ਝੰਡਾ ਰੈੱਡ ਕਰਾਸ ਨੇ ਚੁੱਕਿਆ ਹੋਇਆ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਪੰਜਾਬ ਵਿੱਚ ਭਾਈ ਘਨ੍ਹੱਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਪੁੱਜ ਕੇ ਸੇਵਾ ਕੀਤੀ।

ਇਸ ਲਈ ਪੰਜਾਬ ਵਿੱਚ ਭਾਈ ਘਨੱ੍ਹਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਸਾਲ 1937 ਵਿੱਚ ਰੈੱਡ ਕਰਾਸ ਸੰਸਥਾ ਦੁਆਰਾ ਵਿਸ਼ਵ ਦਾ ਪਹਿਲਾ ਬਲੱਡ ਬੈਂਕ ਅਮਰੀਕਾ ਵਿੱਚ ਖੋਲ੍ਹਿਆ ਗਿਆ ਅਤੇ ਭਾਰਤ ਵਿੱਚ 1942 ਵਿੱਚ ਕਲਕੱਤੇ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਹਾਈਜੀਨ ਐਂਡ ਪਬਲਿਕ ਹੈਲਥ ਦੇ ਅਧੀਨ ਭਾਰਤੀ ਰੈੱਡ ਕਰਾਸ ਸੁਸਾਇਟੀ ਦੁਆਰਾ ਪਹਿਲਾ ਬਲੱਡ ਬੈਂਕ ਸਥਾਪਿਤ ਕੀਤਾ ਗਿਆ।

ਸਾਲ 1977 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਹੈੱਡਕੁਆਟਰ ਦੁਆਰਾ ਸਿੱਧੇ ਤੌਰ ‘ਤੇ ਬਲੱਡ ਬੈਂਕਾਂ ਦਾ ਸੰਚਾਲਨ ਕੀਤਾ ਜਾਣ ਲੱਗਾ ਅਤੇ ਇਸਦੇ ਤਹਿਤ ਵੱਖੋ-ਵੱਖਰੇ ਰਾਜਾਂ ਵਿੱਚ ਇਸਦੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਗਈਆਂ। ਰੈੱਡ ਕਰਾਸ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਂ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਸਹਾਇਤਾ ਕੀਤੀ। ਰੈੱਡ ਕਰਾਸ ਦੇ ਸਾਰਥਿਕ ਕਾਰਜਾਂ ਕਰਕੇ ਹੀ ਸਾਲ 1917 ਦਾ ਸ਼ਾਂਤੀ ਨੋਬਲ ਪੁਰਸਕਾਰ ਰੈੱਡ ਕਰਾਸ ਨੂੰ ਦਿੱਤਾ ਗਿਆ।

ਇਸ ਤੋਂ ਇਲਾਵਾ ਰੈੱਡ ਕਰਾਸ ਨੂੰ 1944 ਅਤੇ 1963 ਵਿੱਚ ਵੀ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ ਸੰਸਾਰ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਰੈੱਡ ਕਰਾਸ ਅਤੇ ਉਸਦੇ ਵਲੰਟੀਅਰ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਪਿੰਡ ਤੇ ਡਾਕ. ਬਰੜ੍ਹਵਾਲ, ਧੂਰੀ,
ਜ਼ਿਲ੍ਹਾ: ਸੰਗਰੂਰ
ਗੋਬਿੰਦਰ ਸਿੰਘ ਬਰੜ੍ਹਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।