ਲੇਖ

ਨਵੀਆਂ ਚੁਣੀਆਂ ਪੰਚਾਇਤਾਂ ਦੀ ਸਾਰਥਿਕਤਾ!

Relevance,  Panchayats

ਗੋਬਿੰਦਰ ਸਿੰਘ ਬਰੜ੍ਹਵਾਲ

ਪੰਜਾਬ ਵਿੱਚ ਸਾਲ 2018 ਦੇ ਆਖਰੀ ਦਿਨਾਂ ‘ਚ 30 ਦਸੰਬਰ ਨੂੰ 13,276 ਸਰਪੰਚਾਂ ਅਤੇ  83,831 ਪੰਚ ਚੁਣਨ ਲਈ ਪੰਚਾਇਤੀ ਚੋਣਾਂ ਮੁਕੰਮਲ ਹੋਈਆਂ ਇਨ੍ਹਾਂ ਚੋਣਾਂ ਲਈ ਪੰਜਾਬ ਵਿੱਚ 1,27,87,395 ਵੋਟਰ ਰਜਿਸਟਰ ਹਨ, ਜਿਨ੍ਹਾਂ ਵਿੱਚ 66,88,245 ਪੁਰਸ਼, 60,66,245 ਔਰਤਾਂ ਅਤੇ 97 ਵੋਟਰ ਤੀਜੇ ਲਿੰਗ ਦੇ ਸਨ ਇਨ੍ਹਾਂ ਚੋਣਾਂ ਵਿੱਚ ਸਰਪੰਚੀ ਲਈ 49,000 ਉਮੀਦਵਾਰਾਂ ਅਤੇ ਪੰਚੀ ਲਈ 1.65 ਲੱਖ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ।

ਪਿੰਡਾਂ ਵਿੱਚ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਦਿੰਦਿਆਂ ਪੰਜਾਬ ਦੀਆਂ ਕੁੱਲ 13,276 ਪੰਚਾਇਤਾਂ ਵਿੱਚੋਂ 1,863 ਸਰਪੰਚ ਅਤੇ 22,203 ਪੰਚ ਬਿਨਾ ਮੁਕਾਬਲਾ ਜੇਤੂ ਰਹੇ ਜੋ ਕਿ ਸ਼ਲਾਘਾਯੋਗ ਵਰਤਾਰਾ ਹੈ ਪਰੰਤੂ ਯਾਦ ਰਹੇ ਕਿ ਸਰਬਸੰਮਤੀ ਦੇ ਮੂਲ ਵਿਚਾਰਾਂ ਦੇ ਖਿਲਾਫ ਧੱਕੇਸ਼ਾਹੀ ਨਾਲ ਕੀਤੀ ਸਰਬਸੰਮਤੀ ਲੋਕਤੰਤਰ ਨੂੰ ਖੋਖਲਾ ਹੀ ਕਰੇਗੀ ਸਰਪੰਚੀ ਦੇ 18,762 ਅਤੇ ਪੰਚੀ ਦੇ 80,270 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ। ਸਬੰਧਿਤ ਉਮੀਦਵਾਰਾਂ ਵੱਲੋਂ ਤਕਰੀਬਨ 100 ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀਆਂ ਗਈਆਂ, ਜਿਨ੍ਹਾਂ ਦਾ ਟਰਾਇਲ ਕੋਰਟ ਵਿੱਚ ਚੱਲ ਰਿਹਾ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਮੁਤਾਬਕ ਜ਼ਿਆਦਾਤਰ ਕਾਗਜ਼ ਰੱਦ ਹੋਣ ਦਾ ਮੁੱਖ ਕਾਰਨ ਉਮੀਦਵਾਰਾਂ ਵੱਲੋਂ ਚੁੱਲ੍ਹਾ ਟੈਕਸ ਨਾ ਭਰਨਾ ਸੀ। ਜੇਕਰ ਕਿਸੇ ਵਿਅਕਤੀ ਵੱਲ ਪੰਚਾਇਤ ਦਾ ਕੋਈ ਬਕਾਇਆ ਖੜ੍ਹਾ ਹੁੰਦਾ ਹੈ ਤਾਂ ਉਹ ਚੋਣ ਨਹੀਂ ਲੜ ਸਕਦਾ ਅਤੇ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਕਈ ਵਾਰੀ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਲਈ ਸੱਤਾ ਧਿਰ ਜਾਂ ਜਿੱਥੇ ਜਿਸਦੀ ਚਲਦੀ ਹੈ, ਉਹ ਸਬੰਧਿਤ ਉਮੀਦਵਾਰਾਂ ਨੂੰ ਐੱਨ.ਓ.ਸੀ. ਹੀ ਨਹੀਂ ਦਿੰਦੇ।

ਪੰਚਾਇਤੀ ਚੋਣਾਂ ਵਿੱਚ ਤਕਰਬੀਨ 80 ਫੀਸਦੀ ਮੱਤਦਾਨ ਹੋਇਆ। ਵੋਟਾਂ ਭੁਗਤਣ ਦੇ ਮਾਮਲੇ ਵਿੱਚ ਮਾਨਸਾ ਜਿਲ੍ਹਾ ਬਾਜੀ ਮਾਰ ਗਿਆ ਤੇ ਅੰਮ੍ਰਿਤਸਰ ਬਾਕੀ ਜਿਲ੍ਹਿਆਂ ਤੋਂ ਪੱਛੜ ਗਿਆ।

ਅੱਠ ਜਿਲ੍ਹਿਆਂ ਦੇ 14 ਸਥਾਨਾਂ ‘ਤੇ 2 ਜਨਵਰੀ ਨੂੰ ਮੁੜ ਮਤਦਾਨ ਹੋਇਆ ਚੋਣਾਂ ਵਿੱਚ ਜਿੱਥੇ ਉਮੀਦਵਾਰਾਂ ਨੇ ਵੱਡੇ ਫਰਕਾਂ ਨਾਲ ਜਿੱਤਾਂ ਦਰਜ ਕੀਤੀਆਂ, ਉੱਥੇ ਹੀ ਕਈ ਥਾਵਾਂ ‘ਤੇ ਫਸਵੇਂ ਮੁਕਾਬਲੇ ਹੋਏ ਅਤੇ ਜਿੱਤ ਦਾ ਅੰਤਰ ਕੁਝ ਵੋਟਾਂ ਦਾ ਹੀ ਰਿਹਾ ਚੋਣ ਕਮੀਸ਼ਨ ਅਤੇ ਪ੍ਰਸ਼ਾਸਨ ਚੋਣਾਂ ਨੂੰ ਨਿਰਪੱਖ ਅਤੇ ਨਸ਼ਾ ਰਹਿਤ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਹੋਇਆ। ਚੋਣਾਂ ਦੌਰਾਨ ਵਾਪਰੀ ਹਿੰਸਾ ਵਿੱਚ ਦੋ ਵਿਅਕਤੀਆਂ ਦੀ ਮੌਤ ਤੇ ਕਈ ਜਖਮੀ ਹੋਏ। ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਦੀ ਹੀ ਵੋਟ ਜਾਅਲੀ ਭੁਗਤ ਗਈ। ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਹੋਰ ਲਾਲਚਾਂ ਦੇ ਨਾਲ-ਨਾਲ ਵੋਟਾਂ ਦੀ ਖਰੀਦੋ-ਫਰੋਖਤ ਵੀ ਕੀਤੀ ਗਈ।

ਚੋਣਾਂ ਵਿੱਚ ਪੱਛੜੀਆਂ ਜਾਤੀਆਂ ਅਤੇ ਔਰਤਾਂ ਲਈ ਸੁਰੱਖਿਅਤ ਸੀਟਾਂ ‘ਤੇ ਜਿੱਤੇ ਉਮੀਦਵਾਰ ਜਿਆਦਾਤਰ ਰਬੜ ਸਟੈਂਪਾਂ ਹੀ ਹਨ ਕਿਉਂਕਿ ਜਿਆਦਾਤਰ ਦਸਤਖਤ ਜਾਂ ਅੰਗੂਠਾ ਲਾਉਣ ਤੱਕ ਹੀ ਸੀਮਤ ਰਹਿਣਗੇ, ਉਨ੍ਹਾਂ ਦੀ ਥਾਂ ਫੈਸਲੇ ਕੋਈ ਹੋਰ ਲਵੇਗਾ। ਅਜਿਹੇ ਉਮੀਦਵਾਰਾਂ ਨੂੰ ਆਪਣੀ ਜਿੰਮੇਵਾਰੀ ਪਹਿਚਾਣਨ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਉਦਾਹਰਨ ਬਣਨ ਅਤੇ ਇਤਿਹਾਸ ਦੇ ਪੰਨਿਆਂ ‘ਤੇ ਉਨ੍ਹਾਂ ਨੂੰ ਆਪਣੀ ਜਿੰਮੇਵਾਰੀ ਪ੍ਰਤੀ ਅਣਗਹਿਲੀ ਲਈ ਭੰਡਿਆ ਨਾ ਜਾਵੇ

ਨਵੀਆਂ ਚੁਣੀਆਂ ਪੰਚਾਇਤਾਂ ਦੀ ਸਾਰਥਿਕਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਹ ਧੜੇਬੰਦੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁਕਤ ਰਹਿੰਦਿਆਂ ਪਿੰਡਾਂ ਦੇ ਹਿੱਤਾਂ ਅਤੇ ਵਿਕਾਸ ਕਾਰਜਾਂ ਵਿੱਚ ਕਿੰਨੀ ਦ੍ਰਿੜਤਾ ਅਤੇ ਜਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਪਿੰਡਾਂ ਵਿੱਚ ਸਥਾਪਤ ਸਰਕਾਰੀ ਅਦਾਰਿਆਂ ਦੀਆਂ ਸਬੰਧਿਤ ਪਿੰਡਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਦੇ ਮਿਆਰੀਕਰਨ ਅਤੇ ਦਰਪੇਸ਼ ਚੁਣੌਤੀਆਂ ਪ੍ਰਤੀ ਕਿੰਨੀ ਚੇਤੰਨਤਾ ਨਾਲ ਵਿਵਹਾਰ ਕਰਦੀਆਂ ਹਨ। ਪਿੰਡ ਦੇ ਸਮੁੱਚੇ ਹਿੱਤ ਲਈ ਪੰਚਾਇਤਾਂ ਦੀ ਕਾਰਜਸ਼ੈਲੀ ਸਬੰਧੀ ਪਾਰਦਰਸ਼ਿਤਾ, ਨੀਤੀ ਅਤੇ ਨੀਅਤ ਨੂੰ ਸੇਧ ਦੇਣ ਅਤੇ ਪਰਖਣ ਲਈ ਜਾਣੀ ਜਾਂਦੀ ਪਿੰਡ ਦੀ ਸੰਸਦ ‘ਗ੍ਰਾਮ ਸਭਾ’ ਦੀ ਮੀਟਿੰਗ, ਜੋ ਕਿ ਸਾਲ ਵਿੱਚ ਹਾੜ੍ਹੀ-ਸਾਉਣੀ ਦੋ ਵਾਰ ਕਰਨੀ ਲਾਜਮੀ ਹੁੰਦੀ ਹੈ, ਜਿਸ ਵਿੱਚ ਪਿੰਡ ਦੇ ਸਾਰੇ ਵੋਟਰ ਮੈਂਬਰ ਹੁੰਦੇ ਹਨ, ਨੂੰ ਕਿੰਨੀ ਸਫਲਤਾ ਪੂਰਵਕ ਜਮੀਨੀ ਤੌਰ ‘ਤੇ ਅਮਲੀ ਰੂਪ ਦਿੰਦੀਆਂ ਹਨ ਜਾਂ ਫਿਰ ਅਜਿਹੀਆਂ ਕਾਰਵਾਈਆਂ ਦੀ ਅਧਿਕਾਰੀਆਂ ਦੀ ਮੱਦਦ ਨਾਲ ਸਿਰਫ ਕਾਗਜੀ ਖਾਨਾਪੂਰਤੀ ਹੀ ਕਰਨਗੀਆਂ, ਇਹ ਆਉਣਾ ਵਾਲਾ ਸਮਾਂ ਦੱਸੇਗਾ

ਬਰੜਵਾਲ, ਧੂਰੀ (ਸੰਗਰੂਰ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top