ਗਊਸ਼ਾਲਾ ਦੀ ਛੱਤ ਡਿੱਗੀ, 2 ਗਊਆਂ ਤੇ 1 ਵੱਛੇ ਦੀ ਮੌਤ, ਕਈ ਜਖ਼ਮੀ

ਬਚਾਓ ਕਾਰਜ ‘ਚ ਜੁਟੀਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਹੋਰ ਸਮਾਜ ਸੇਵੀ ਸੰਸਥਾਵਾਂ

ਭੀਖੀ (ਡੀਪੀ ਜਿੰਦਲ) ਸਥਾਨਕ ਗਊਸ਼ਾਲਾ ਦੀ ਅੱਜ ਸਵੇਰੇ ਛੱਤ ਡਿੱਗ ਜਾਣ ਨਾਲ ਦੋ ਗਊਆਂ ਤੇ ਇੱਕ ਵੱਛੇ ਦੀ ਮੌਤ ਅਤੇ ਕਈ ਗਊਆਂ ਦੇ ਜਖਮੀ ਹੋ ਜਾਣ ਦਾ ਸਮਾਚਾਰ ਹੈ। ਘਟਨਾ ਦਾ ਪਤਾ ਲਗਦਿਆਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ, ਪੰਜਾਬ ਮਹਾਂਵੀਰ ਦਲ, ਗਊ ਸੇਵਾ ਦਲ, ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਗਊਆਂ ਨੂੰ ਮਲਬੇ ਥੱਲਿਓਂ ਕੱਢਣ ਦਾ ਕਰਜ ਸ਼ੁਰੂ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਆਗੂ ਵੀਰਇੰਦਰ ਮਿੱਤਲ ਰਿੱਕੀ ਨੇ ਦੱਸਿਆ ਕਿ ਛੱਤ ਡਿੱਗਣ ਨਾਲ ਭਾਵੇਂ ਦੋ ਗਊਆਂ ਤੇ ਇੱਕ ਵੱਛਰੂ ਦੀ ਮੌਤ ਹੋ ਗਈ ਅਤੇ ਕਈ ਹੋਰ ਜਖਮੀ ਹੋ ਗਈਆਂ ਹਨ, ਪਰ ਤਨਦੇਹੀ ਨਾਲ ਬਚਾਓ ਕਾਰਜਾਂ ‘ਚ ਜੁਟੇ ਸਮਾਜ ਸੇਵੀ ਲੋਕਾਂ ਨੇ ਅਨੇਕਾਂ ਗਊਆਂ-ਵੱਛੀਆਂ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ। ਉਨ੍ਹਾਂ ਦੱਸਿਆ ਕਿ ਬਚਾਓ ਕਾਰਜਾਂ ਦੇ ਚਲਦਿਆਂ ਹੋਈ ਹਿੱਲ-ਜੁਲ ਕਾਰਨ ਛੱਤ ਦੇ ਨਾਲ ਲਗਦੇ ਸ਼ੈੱਡ ਦੀਆਂ ਵੀ ਤਿੰਨ-ਚਾਰ ਗਾਡਰੀਆਂ ਡਿੱਗ ਗਈਆਂ, ਜਿਸ ਨਾਲ ਗਊਸ਼ਾਲਾ ਦਾ ਹੋਰ ਵੀ ਵੱਡਾ ਨੁਕਸਾਨ ਹੋ ਗਿਆ। ਡਾਕਟਰਾਂ ਵੱਲੋਂ ਜ਼ਖਮੀ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਛੱਤ ਡਿੱਗਣ ਦਾ ਕਾਰਨ ਭਾਵੇਂ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਦੱਸਿਆ ਜਾ ਰਿਹਾ ਹੈ, ਪਰੰਤੂ ਗਊਸ਼ਾਲਾ ਕਮੇਟੀ ਦਾ ਇਹ ਵੀ ਕਹਿਣਾ ਹੈ ਕਿ ਕਰੀਬ 9 ਮਹੀਨੇ ਪਹਿਲਾਂ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਗਊਸ਼ਾਲਾ ਲਈ 3 ਲੱਖ ਰੁਪਏ ਦੀ ਗ੍ਰਾਂਟ ਨਗਰ ਪੰਚਾਇਤ ਨੂੰ ਦਿੱਤੀ ਗਈ ਸੀ, ਜਿਸ ਨਾਲ ਘਟਨਾ ਵਾਲੀ ਥਾਂ ‘ਤੇ ਇੱਕ ਸ਼ੈੱਡ ਬਣਾਇਆ ਜਾਣਾ ਸੀ।

ਪਰੰਤੂ ਨਗਰ ਪੰਚਾਇਤ ਸਮੇਂ ਸਿਰ ਕੰਮ ਨਾ ਕਰਵਾ ਸਕੀ ਅਤੇ ਇਹ ਅਣਹੋਣੀ ਘਟਨਾ ਵਾਪਰ ਗਈ। ਇਸ ਸਬੰਧੀ ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ ਨੇ ਕਿਹਾ ਕਿ ਨਗਰ ਪੰਚਾਇਤ ਵੱਲੋਂ ਗਊਸ਼ਾਲਾ ਵਿਖੇ ਸ਼ੈੱਡ ਦੀ ਉਸਾਰੀ ਲਈ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਜਿਸ ਦੇ ਲਈ ਗਊਸ਼ਾਲਾ ਕਮੇਟੀ ਨੂੰ ਡਰਾਇੰਗ ਬਣਾ ਕੇ ਦੇਣ ਲਈ ਕਿਹਾ ਗਿਆ ਸੀ, ਪ੍ਰੰਤੂ ਅਜੇ ਤੱਕ ਗਊਸ਼ਾਲਾ ਕਮੇਟੀ ਵੱਲੋਂ ਕੋਈ ਡਰਾਇੰਗ ਨਹੀਂ ਦਿੱਤੀ ਗਈ ਜਿਸ ਕਾਰਨ ਸ਼ੈੱਡ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਗਊਸ਼ਾਲਾ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ, ਹਲਕਾ ਵਿਧਾਇਕ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਆਗੂ ਨਾ ਪਹੁੰਚਣ ਕਾਰਨ ਗਊਸ਼ਾਲਾ ਕਮੇਟੀ ਅਤੇ ਸ਼ਹਿਰ ਵਾਸੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਗਊਸ਼ਾਲਾ ਨੂੰ ਆਰਥਿਕ ਮਦਦ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।

ਵਿਧਾਇਕ ਮਾਨਸ਼ਾਹੀਆ ਨੇ ਗਊਸ਼ਾਲਾ ਘਟਨਾ ‘ਤੇ ਦੁੱਖ ਪ੍ਰਗਟਾਇਆ

ਸਥਾਨਕ ਗਊਸ਼ਾਲਾ ਵਿੱਚ ਛੱਤ ਡਿੱਗ ਜਾਣ ਦੀ ਵਾਪਰੀ ਮੰਦਭਾਗੀ ਘਟਨਾ ਦੌਰਾਨ ਹੋਏ ਨੁਕਸਾਨ ‘ਤੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੇਰ ਸ਼ਾਮ ਗਊਸ਼ਾਲਾ ‘ਚ ਪਹੁੰਚ ਕੇ ਗਊਸ਼ਾਲਾ ਕਮੇਟੀ ਨਾਲ ਦੁੱਖ ਪ੍ਰਗਟਾਇਆ। ਜਾਣਕਾਰੀ ਅਨੁਸਾਰ ਉਹਨਾਂ ਕਮੇਟੀ ਨੂੰ ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਵੀ ਮੌਕੇ ‘ਤੇ ਦਿੱਤਾ ਹੈ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਸਤਪਾਲ ਮੱਤੀ, ਮਾ. ਅੰਮ੍ਰਿਤ ਲਾਲ ਜਿੰਦਲ, ਭਗਵਾਨ ਦਾਸ ਭਾਨਾ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ