ਸਰਪੰਚ ਆਪਣੇ ਪੱਲਿਓ ਖਰਚ ਕਰਕੇ ਪਿੰਡ ਦੀ ਬਦਲ ਰਿਹੈ ਨੁਹਾਰ

0
98
ਸੰਗਤ ਮੰਡੀ । ਸਰਪੰਚ ਕਿਰਨਜੀਤ ਕੌਰ ਪਿੰਡ ’ਚ ਪੰਚਾਇਤ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਮਨਜੀਤ

ਦੋ ਪਾਰਕ, ਸ਼ਮਸ਼ਾਨਘਾਟ, ਓਪਨ ਜਿੰਮ, ਸਕੂਲ, ਬੱਸ ਅੱਡੇ ਤੇ ਪੰਚਾਇਤ ਘਰ ਦੀ ਬਦਲੀ ਜਾ ਚੁੱਕੀ ਹੈ ਨੁਹਾਰ

  • ਮਿਸਤਰੀ ਤੇ ਮਜ਼ਦੂਰਾਂ ਦੇ ਨਾਲ ਲੱਗ ਕੇ ਖੁੱਦ ਕੰਮ ਵੀ ਕਰਦੈ

ਮਨਜੀਤ ਨਰੂਆਣਾ, ਸੰਗਤ ਮੰਡੀ। ਅਜਿਹੇ ਵੀ ਸਰਪੰਚ ਵੇਖੇ ਹੋਣਗੇ ਜੋ ਸਰਕਾਰੀ ਗ੍ਰਾਂਟਾਂ ’ਚ ਘਪਲਾ ਕਰਕੇ ਆਪਣਾ ਢਿੱਡ ਭਰਦੇ ਹਨ ਪ੍ਰੰਤੂ ਪਿੰਡ ਨਰੂਆਣਾ ਦੀ ਸਰਪੰਚ ਕਿਰਨਜੀਤ ਕੌਰ ਦਾ ਪਤੀ ਸੇਵਾ ਮੁਕਤ ਆਰਮੀਮੈਨ ਜਥੇ. ਤੇਜਾ ਸਿੰਘ ਸਰਾਂ ਨੇ ਸਰਕਾਰੀ ਗ੍ਰਾਂਟ ਤਾਂ ਕੀ ਖਾਣੀ ਸਗੋਂ ਖੁੱਦ ਆਪਣੇ ਪੱਲਿਓ ਪੈਸੇ ਖਰਚ ਕਰਕੇ ਪਿੰਡ ਦੀ ਨੁਹਾਰ ਬਦਲਣ ’ਚ ਲੱਗਿਆ ਹੋਇਆ ਹੈ।

ਇੰਨ੍ਹਾਂ ਹੀ ਨਹੀਂ ਉਹ ਮਿਸਤਰੀ ਅਤੇ ਮਜ਼ਦੂਰਾਂ ਦੇ ਨਾਲ ਲੱਗ ਕੇ ਖੁੱਦ ਕੰਮ ਵੀ ਕਰਦੈ। ਜ਼ਿਆਦਾਤਰ ਸਰਪੰਚ ਆਪਣੀ ਸਾਰੀ ਸਰਪੰਚੀ ਗਲੀਆਂ ਨਾਲੀਆਂ ਬਣਾਉਣ ’ਚ ਹੀ ਕੱਢ ਦਿੰਦੇ ਹਨ ਪ੍ਰੰਤੂ ਇਸ ਸਰਪੰਚ ਵੱਲੋਂ ਗਲੀਆਂ-ਨਾਲੀਆਂ ਨਾ ਬਣਾ ਕੇ ਪਿੰਡ ’ਚ ਕੁਝ ਵੱਖਰਾ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਪਿੰਡ ਵਾਸੀ ਵੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਖੁੱਸ ਹਨ।

ਵੇਰਵਿਆਂ ਮੁਤਾਬਿਕ ਆਰਮੀ ’ਚੋਂ ਸੇਵਾ ਮੁਕਤ ਤੇਜਾ ਸਿੰਘ ਸਰਾਂ ਸਰਪੰਚ ਬਣਨ ਤੋਂ ਪਹਿਲਾ ਵੀ ਆਪਣੇ ਪੱਲਿਓ ਪੈਸੇ ਖਰਚ ਕਰਕੇ ਲੋਕਾਂ ਦੀ ਸੇਵਾ ਕਰਦੇ ਸਨ, ਜਿਸ ਸਮੇਂ ਤੋਂ ਉਨ੍ਹਾਂ ਦੀ ਪਤਨੀ ਸਰਪੰਚ ਬਣੀ ਹੈ ਉਸੇ ਸਮੇਂ ਤੋਂ ਉਹ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ’ਚ ਲੱਗਿਆ ਹੋਇਆ ਹੈ। ਪੰਚਾਇਤ ਵੱਲੋਂ ਜਿਥੇ ਬੱਸ ਅੱਡਾ, ਪੰਚਾਇਤ ਘਰ ਤੇ ਸਰਕਾਰੀ ਸਕੂਲਾਂ ਨੂੰ ਰੰਗ ਰੋਗਨ ਕਰਵਾਉਣ ਤੋਂ ਇਲਾਵਾ ਖਿਡਾਰੀਆਂ ਲਈ ਗਰਾਊਂਡ ਬਣਾਏ ਹਨ ਉਥੇ ਬੱਚਿਆਂ ਦੇ ਖੇਡਣ ਲਈ ਪਾਰਕ ’ਚ ਝੂਲੇ ਅਤੇ ਨੌਜ਼ਵਾਨਾਂ ਲਈ ਓਪਨ ਜਿੰਮ ਲਗਾਈ ਗਈ ਹੈ।

ਸਰਪੰਚ ਵੱਲੋਂ ਪਾਰਕ ਬਣਾਉਣ ਲਈ ਦੋਵੇ ਪਾਰਕਾ ’ਚ ਢਾਈ ਲੱਖ ਰੁਪਿਆ ਦੇ ਲਗਭਗ ਪੈਸਿਆ ਦੀ ਭਰਤ ਪੁਵਾਈ ਗਈ ਜੋ ਉਨ੍ਹਾਂ ਆਪਣੇ ਕੋਲੋ ਦਿੱਤੇ। ਸਰਪੰਚ ਕਿਰਨਜੀਤ ਕੌਰ ਦੇ ਪਤੀ ਤੇਜਾ ਸਿੰਘ ਸਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲਗਭਗ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਕੋਲ ਲਗਭਗ ਪੰਜਾਹ ਲੱਖ ਦੇ ਕਰੀਬ ਗ੍ਰਾਂਟ ਆ ਚੁੱਕੀ ਹੈ, ਇਸ ਗ੍ਰਾਂਟ ’ਚ ਉਨ੍ਹਾਂ ਵੱਲੋਂ ਸਵਾਰੀਆਂ ਲਈ ਜਿਥੇ ਬੱਸ ਅੱਡਾ, ਸਮਸ਼ਾਨਘਾਟ, ਦੋ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਚੁੱਕੀ ਹੈ ਉਥੇ ਪਿੰਡ ’ਚ ਦੋ ਧਰਮਸ਼ਾਲਾਂ ਅਤੇ ਦੋ ਪਾਰਕ ਵੀ ਬਣਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਇਕ ਪਾਰਕ ’ਚ ਤਾਂ ਉਨ੍ਹਾਂ ਵੱਲੋਂ ਬੱਚਿਆਂ ਨੂੰ ਧਿਆਨ ’ਚ ਰੱਖਦਿਆਂ ਕਈ ਤਰ੍ਹਾਂ ਦੇ ਝੂਲੇ ਲਗਾਉਣ ਤੋਂ ਇਲਾਵਾ ਨੌਜ਼ਵਾਨਾਂ ਅਤੇ ਬਜ਼ੁਰਗਾਂ ਲਈ ਕਸਰਤ ਕਰਨ ਲਈ ਓਪਨ ਜਿੰਮ ਲਗਾਈ ਗਈ ਹੈ। ਇਸ ਪਾਰਕ ’ਚ ਲਾਕਡਾਊਨ ਲੱਗਣ ਤੋਂ ਪਹਿਲਾ ਸਵੇਰੇ ਸ਼ਾਮ ਨੌਜ਼ਵਾਨਾ ਅਤੇ ਪਿੰਡ ਦੀਆਂ ਔਰਤਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਔਰਤਾਂ ਜਿਹੜੀਆਂ ਕਿ ਸ਼ਾਮ ਸਮੇਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੀਆਂ ਸਨ ਉਹ ਵੀ ਸ਼ਾਮ ਨੂੰ ਜਿਥੇ ਪਾਰਕ ’ਚ ਪਹੁੰਚ ਕੇ ਹੁਣ ਕਸਰਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਦਾ ਵਿਕਾਸ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਪਹਿਲਾ ਜਿਥੇ ਸਮਸ਼ਾਨਘਾਟ ’ਚ ਲੋਕ ਜਾਣ ਤੋਂ ਵੀ ਕੰਨੀ ਕਤਰਾਉਦੇ ਸਨ ਪ੍ਰੰਤੂ ਇਸ ਪੰਚਾਇਤ ਵੱਲੋਂ ਸਮਸ਼ਾਨਘਾਟ ਨੂੰ ਇਕ ਨਮੂਨੇ ਦਾ ਸਮਸ਼ਾਨਘਾਟ ਬਣਾ ਦਿੱਤਾ ਹੈ। ਸਮਸ਼ਾਨਘਾਟ ’ਚ ਸਸਕਾਰ ਲਈ ਦੋ ਵੱਡੀਆਂ ਭੱਠੀਆਂ, ਔਰਤਾਂ ਅਤੇ ਮਰਦਾ ਦੇ ਬੈਠਣ ਲਈ ਦੋ ਅਲੱਗ-ਅਲੱਗ ਸੈਂਡ, ਸੈਡਾ ਦੇ ਹੇਠਾ ਕੁਰਸੀਆਂ, ਫੁੱਲ ਚੁੱਗ ਕੇ ਰੱਖਣ ਲਈ ਨੰਬਰ ਵਾਇਜ ਅਲੱਗ-ਅਲੱਗ ਤਿੰਨ ਅਲਮਾਰੀਆ ਤੋਂ ਇਲਾਵਾ ਸਾਰੇ ਸਮਸ਼ਾਨਘਾਟ ’ਚ ਇੰਟਰਲਾਕ ਟਾਇਲਾ ਲਗਾ ਦਿੱਤੀਆਂ ਸਸਕਾਰ ਕਰਨ ਲਈ ਪੰਚਾਇਤ ਵੱਲੋਂ ਲੱਕੜਾ ਵੀ ਚੀਰ ਕੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਜਿਸ ਦਾ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ।

ਉਨ੍ਹਾਂ ਗਿਲਾ ਜਾਹਰ ਕਰਦਿਆਂ ਕਿਹਾ ਕਿ ਪਿੰਡ ਦੇ ਕੁੱਝ ਲੋਕਾਂ ਵੱਲੋਂ ਜਿਥੇ ਉਸ ਦੇ ਵਿਕਾਸ ਕਾਰਜ ਕਰਨ ’ਚ ਅੜਿਕਾ ਲਗਾਇਆ ਗਿਆ ਉਸ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਵਿਕਾਸ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਪਿੰਡ ’ਚ ਤੀਸਰਾ ਪਾਰਕ ਬਣਾਉਣ ਲਈ ਭਰਤ ਪਾਈ ਜਾ ਚੁੱਕੀ ਹੈ ਤੇ ਅਗਲੇ ਪੜਾਅ ’ਚ ਉਸ ਦਾ ਕਾਰਜ ਵੀ ਅਰੰਭ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਕਿਰਨਜੀਤ ਕੌਰ, ਪੰਚ ਜਸਵੀਰ ਸਿੰਘ ਸੰਭੂ, ਪੰਚ ਕੁਲਵੰਤ ਸਿੰਘ, ਪਾਲ ਸਿੰਘ, ਸੱਤਪਾਲ ਸ਼ਰਮਾ, ਪੰਚ ਗੁਰਜੰਟ ਸਿੰਘ, ਪੰਚ ਵੀਰਾ ਸਿੰਘ ਤੇ ਪੰਚ ਜਸਕਰਨ ਸਿੰਘ ਮੌਜ਼ੂਦ ਸਨ।

ਜੇਕਰ ਸਰਕਾਰ ਹੋਰ ਗ੍ਰਾਂਟ ਦੇਵੇ ਤਾਂ ਪਿੰਡ ’ਚ ਲਗਾਈਆਂ ਜਾਣਗੀਆਂ ਸੋਲਰ ਲਾਈਟਾਂ

ਜੱਥੇਦਾਰ ਤੇਜਾ ਸਿੰਘ ਸਰਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਵਿਕਾਸ ਕਾਰਜਾਂ ਲਈ ਹੋਰ ਗ੍ਰਾਂਟ ਦੇਵੇ ਤਾਂ ਉਨ੍ਹਾਂ ਵੱਲੋਂ ਪਿੰਡ ਦੀਆਂ ਗਲੀਆਂ ’ਚ ਜਿਥੇ ਸੋਲਰ ਲਾਇਟਾਂ ਲਗਾਈਆਂ ਜਾਣਗੀਆਂ ਉਥੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾਉਣ ਦਾ ਵਿਚਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਪਿੰਡ ’ਚ ਹੀ ਬੈਕਿੰਗ ਸਹੂਲਤ ਦੇਣ ਲਈ ਬੈਂਕ ਲਿਆਉਣ ਲਈ ਚਾਰਾਜੋਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਬੈਂਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਫਾਇਲ ਆਰ.ਬੀ.ਆਈ ਕੋਲ ਭੇਜ ਦਿੱਤੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਪਿੰਡ ’ਚ ਬੈਂਕ ਖੁੱਲ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।