ਹਾਰਾਂ ‘ਚ ਹੀ ਲੁਕਿਆ ਹੁੰਦੈ ਜਿੱਤਾਂ ਦਾ ਰਾਜ਼

0
Secret, Victory, Hidden, Defeat

ਜਗਤਾਰ ਸਮਾਲਸਰ

ਇਨਸਾਨ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਖੇਤਰ ‘ਚ ਸਫ਼ਲਤਾ ਹਾਸਲ ਕਰਕੇ ਆਪਣੇ ਜੀਵਨ ਨੂੰ ਅਨੰਦਮਈ ਬਣਾਵੇ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਜੀਵੇ ਪਰ ਦ੍ਰਿੜ ਨਿਸ਼ਚੇ ਅਤੇ ਸਖ਼ਤ ਮਿਹਨਤ ਬਿਨਾ ਕਦੇ ਸੁਫ਼ਨੇ ਪੂਰੇ ਨਹੀਂ ਹੁੰਦੇ। ਜੋ ਲੋਕ ਆਪਣੀਆਂ ਅਸਫ਼ਲਤਾਵਾਂ ਤੋਂ ਕੁਝ ਨਾ ਕੁਝ ਸਿੱਖਦੇ ਹਨ ਅਤੇ ਕਦੇ ਵੀ ਬੁਰੇ ਵਕਤ ਤੋਂ ਘਬਰਾÀੁਂਦੇ ਨਹੀਂ ਉਹ ਇੱਕ ਨਾ ਇੱਕ ਦਿਨ ਸਫ਼ਲਤਾ ਜਰੂਰ ਪਾ ਲੈਂਦੇ ਹਨ।

ਮਨੁੱਖੀ ਜ਼ਿੰਦਗੀ ਦੁੱਖਾਂ-ਸੁਖਾਂ ਦਾ ਘਰ ਹੈ। ਬਹੁਤੇ ਇਨਸਾਨ ਆਪਣੀ ਕਾਰਜਸ਼ੈਲੀ ਨਾਲ ਦੁੱਖਾਂ ਨੂੰ ਸੁੱਖਾਂ ‘ਚ ਬਦਲਣ ਦੇ ਆਦੀ ਹੁੰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ‘ਚ ਚੰਦ ਕੁ ਦਿਨਾਂ ਲਈ ਆਏ ਦੁੱਖਾਂ ਤੋਂ ਐਨਾ ਘਬਰਾ ਜਾਂਦੇ ਹਨ ਕਿ ਉਹ ਆਪਣੀ ਸਾਰੀ ਜ਼ਿੰਦਗੀ ਨੂੰ ਹੀ ਨਰਕ ਬਣਾ ਬੈਠਦੇ ਹਨ। ਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਦੀ ਹੈ। ਕੁਦਰਤੀ ਬਦਲਾਅ ‘ਚ ਵੀ ਸਾਨੂੰ ਅਨੇਕ ਅਜਿਹੀਆਂ ਚੀਜਾਂ ਵੇਖਣ ਨੂੰ ਮਿਲਦੀਆਂ ਹਨ ਜੋ ਮਨੁੱਖ ਨੂੰ ਮੁਸੀਬਤ ‘ਚ ਕਦੇ ਵੀ ਹਾਰ ਨਾ ਮੰਨਣ ਦੀ ਪ੍ਰੇਰਣਾ ਦਿੰਦੀਆਂ ਹਨ ।

ਸਾਲ ‘ਚ ਰੁੱਖਾਂ ‘ਤੇ ਵੀ ਇੱਕ ਵਾਰ ਪੱਤਝੜ ਦਾ ਸਮਾਂ ਆਉਂਦਾ ਹੈ ਜਦੋਂ ਪੱਤੇ ਵੀ ਸਾਥ ਛੱਡ ਜਾਂਦੇ ਹਨ ਪਰ ਰੁੱਖ ਸਦਾ ਇਸੇ ਆਸ ‘ਚ ਖੜ੍ਹੇ ਰਹਿੰਦੇ ਹਨ ਕਿ ਉਹ ਸਮਾਂ ਦੁਬਾਰਾ ਫਿਰ ਆਵੇਗਾ ਜਦਂੋ ਲੋਕ ਉਸਦੀ ਸੰਘਣੀ ਛਾਂ ਦਾ ਅਨੰਦ ਮਾਨਣ ਲਈ ਉਸਦੇ ਹੇਠ ਬੈਠਣਗੇ। ਦੁੱਖ ਤੋਂ ਬਾਦ ਸੁਖ ਦਾ ਆਉਣਾ, ਧੁੱਪ ਤੋਂ ਬਾਦ ਛਾਂ ਦਾ ਆਉਣਾ ਇਹ ਕੁਦਰਤ ਦੇ ਨਿਯਮ ਹਨ । ਬਹੁਤ ਵਾਰ ਵੇਖਣ ‘ਚ ਆਉਂਦਾ ਹੈ ਕਿ ਜਦੋਂ ਕੋਈ ਇਨਸਾਨ ਦੁੱਖਾਂ ਦੀ ਮਾਰ ਝੱਲ ਰਿਹਾ ਹੁੰਦਾ ਹੈ ਤਾਂ ਉਹ ਮਾਨਸਿਕ ਪੀੜਾਂ ਦਾ ਸ਼ਿਕਾਰ ਹੋਇਆ ਹੋਰ ਅਨੇਕ ਬੁਰਾਈਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਹੈ ਅਤੇ ਫਿਰ ਸਾਰੀ ਉਮਰ ਲਈ ਉਨ੍ਹਾਂ ਬੁਰਾਈਆਂ ਦਾ ਗੁਲਾਮ ਹੋ ਜਾਂਦਾ ਹੈ।

ਕਮਲ ਦਾ ਫੁੱਲ ਭਾਵਂੇ ਚਿੱਕੜ ‘ਚ ਖਿੜਦਾ ਹੈ ਪਰ ਉਹ ਕਦੇ ਵੀ ਆਪਣੀ ਖੁਸ਼ਬੂ ਨੂੰ ਨਹੀਂ ਛੱਡਦਾ। ਉਹ ਚਿੱਕੜ ਵਰਗੀਆਂ ਬੁਰਾਈਆਂ ਦਾ ਗੁਲਾਮ ਨਹੀਂ ਹੁੰਦਾ ਸਗੋਂ ਆਪਣੀ ਵੱਖਰੀ ਪਛਾਣ ਬਣਾਈ ਰੱਖਦਾ ਹੈ। ਕਮਲ ਦਾ ਫੁੱਲ ਵੀ ਸਾਡੇ ਲਈ ਰਾਹ-ਦਸੇਰਾ ਹੈ। ਇੱਕ ਵਾਰ ਕਿਸੇ ਅਸਫ਼ਲ ਆਦਮੀ ਨੇ ਸਫ਼ਲ ਆਦਮੀ ਤੋਂ ਉਸਦੀ ਸਫ਼ਲਤਾ ਦਾ ਰਹੱਸ ਪੁੱਛਿਆ ਤਾਂ ਅੱਗੋ ਸਫ਼ਲ ਵਿਅਕਤੀ ਨੇ ਜਵਾਬ ਦਿੱਤਾ ਕਿ ਅਸਫ਼ਲ ਹੋਏ ਵਿਅਕਤੀਆਂ ਦੀ ਜ਼ਿੰਦਗੀ ‘ਚੋਂ ਹੀ ਉਸਨੇ ਸਫ਼ਲਤਾ ਦਾ ਰਾਹ ਲੱਭਿਆ ਹੈ। ਅਸਫ਼ਲ ਹੋਏ ਵਿਅਕਤੀ ਨੇ ਜਦੋਂ ਹੈਰਾਨੀ ਨਾਲ ਫਿਰ ਉਸ ਕੋਲੋਂ ਪੁੱਛਿਆ ਕਿ ਇਹੋ-ਜਿਹੀ ਕਿਹੜੀ ਚੀਜ਼ ਹੈ ਜੋ ਅਸਫ਼ਲ ਵਿਅਕਤੀਆਂ ਦੀ ਜ਼ਿੰਦਗੀ ‘ਚੋਂ ਲੱਭ ਕੇ ਤੁਸੀਂ ਸਫ਼ਲ ਹੋਏ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਅਸਫ਼ਲ ਹੋਏ ਵਿਅਕਤੀਆਂ ਦੀਆਂ ਜੀਵਨੀਆਂ ਨੂੰ ਧਿਆਨ ਨਾਲ ਪੜ੍ਹਿਆ ਤੇ ਅਸਫ਼ਲ ਹੋਏ ਵਿਅਕਤੀਆਂ ਵੱਲੋਂ ਆਪਣੀ ਜ਼ਿੰਦਗੀ ‘ਚ ਜੋ ਕਾਰਜ ਕੀਤੇ ਗਏ ਉਨ੍ਹਾਂ ਕੰਮਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖਿਆ ਹੈ, ਇਹ ਹੀ ਮੇਰੀ ਸਫ਼ਲਤਾ ਦਾ ਰਹੱਸ ਹੈ।

ਆਪਣੀ ਜ਼ਿੰਦਗੀ ਨੂੰ ਸਫ਼ਲਤਾ ਦੇ ਰਸਤੇ ‘ਤੇ ਤੋਰਨ ਵਾਲੇ ਇਨਸਾਨ ਅਸਫ਼ਲਤਾ ‘ਚੋਂ ਵੀ ਸਫ਼ਲ ਹੋਣ ਦੇ ਗੁਣ ਲੱਭ ਲੈਂਦੇ ਹਨ। ਗਰੀਬੀ, ਮੰਦਹਾਲੀ ਤੇ ਸਾਧਨਾਂ ਦੀ ਕਮੀ ਜ਼ਿੰਦਗੀ ਨੂੰ ਸਫ਼ਲਤਾ ਦੇ ਰਾਹ ‘ਤੇ ਤੋਰਨ ਲਈ ਕਦੇ ਰੋੜਾ ਨਹੀਂ ਬਣ ਸਕਦੀਆਂ ਪਰ ਅਜਿਹੀਆਂ ਮੁਸੀਬਤਾਂ ਨਾਲ ਨਜਿੱਠਣ ਲਈ ਦ੍ਰਿੜ ਨਿਸ਼ਚੇ ਅਤੇ ਆਤਮ-ਵਿਸ਼ਵਾਸ ਦਾ ਹੋਣਾ ਅਤਿ ਜ਼ਰੂਰੀ ਹੈ। ਕਦੇ ਵੀ ਨਿਰਾਸ਼ਾਵਾਦੀ ਨਾ ਬਣੋ। ਬਹੁਤੇ ਲੋਕ ਆਪਣੀ ਜ਼ਿੰਦਗੀ ‘ਚ ਖੁਸ਼ਹਾਲ ਜੀਵਨ ਜਿਉਂ ਰਹੇ ਲੋਕਾਂ ਦੇ ਵਰਤਮਾਨ ਨੂੰ ਵੇਖਦੇ ਹਨ ਪਰ ਇਹ ਕਦੇ ਨਾ ਭੁੱਲੋ ਕਿ ਅਜਿਹੇ ਲੋਕਾਂ ਨੇ ਵੀ ਆਪਣੀ ਜ਼ਿੰਦਗੀ ਦੇ ਸੰਘਰਸ਼ ‘ਚੋਂ ਇਸ ਖੁਸ਼ਹਾਲੀ ਨੂੰ ਪਾਇਆ ਹੈ।

ਅਮਰੀਕਾ ‘ਚ ਜਨਮ ਲੈਣ ਵਾਲੇ ਟੇਡ ਵਿਲੀਅਮ ਆਪਣੀਆਂ ਖਰਾਬ ਆਦਤਾਂ ਤੇ ਘਰ ਦੀ ਗਰੀਬੀ ਦੇ ਚਲਦਿਆਂ ਸੜਕਾਂ ‘ਤੇ ਭੀਖ ਮੰਗ ਕੇ ਗੁਜ਼ਾਰਾ ਕਰਿਆ ਕਰਦੇ ਸਨ। ਨਸ਼ੇ ਦੀ ਬੁਰੀ ਆਦਤ ਕਾਰਨ ਉਨ੍ਹਾਂ ਨੂੰ ਦੋ ਵਾਰ ਜੇਲ੍ਹ ਵੀ ਜਾਣਾ ਪਿਆ। ਜੇਲ੍ਹ ‘ਚੋਂ ਬਾਹਰ ਆਉਣ ‘ਤੇ ਉਸਨੇ ਇੱਕ ਪਲੇਅ-ਕਾਰਡ ‘ਤੇ ਇਹ ਲਿਖ ਕੇ ਭੀਖ ਮੰਗਣੀ ਸ਼ੁਰੂ ਕੀਤੀ ਕਿ ਉਸਦੀ ਅਵਾਜ਼ ਬਹੁਤ ਚੰਗੀ ਹੈ, ਉਸ ਨੂੰ ਇੱਕ ਵਾਰ ਜ਼ਰੂਰ ਸੁਣਿਆ ਜਾਵੇ।

ਇੱਕ ਦਿਨ ਇੱਕ ਪੱਤਰਕਾਰ ਦਾ ਧਿਆਨ ਉਸ ‘ਤੇ ਪਿਆ। ਉਸ ਨੇ ਉਸ ਦੀ ਅਵਾਜ਼ ਸੁਣੀ ਜੋ ਦਿਲ ਨੂੰ ਛੂਹ ਲੈਣ ਵਾਲੀ ਸੀ। ਪੱਤਰਕਾਰ ਨੇ ਉਸ ਦਾ ਇੰਟਰਵਿਊ ਲਿਆ ਅਤੇ ਉਸ ਦਾ ਇੱਕ ਵੀਡੀਓ ਬਣਾ ਕੇ ਯੂ-ਟਿਊਬ ‘ਤੇ ਪਾ ਦਿੱਤਾ। ਯੂ-ਟਿਊਬ ‘ਤੇ ਵੀਡੀਓ ਆਉਂਦਿਆਂ ਹੀ ਉਹ ਪੂਰੀ ਦੁਨੀਆ ‘ਚ ਛਾ ਗਏ ਤੇ ਅਸਫ਼ਲਤਾ ਤੋਂ ਨਿਰਾਸ਼ ਹੋਏ ਲੋਕਾਂ ਲਈ ਚਾਨਣ-ਮੁਨਾਰਾ ਬਣੇ। ਇਸ ਤੋਂ ਬਾਦ ਨਿਊਯਾਰਕ ਸ਼ਹਿਰ ਦੇ ਇੱਕ ਟੀ. ਵੀ. ਚੈਨਲ ਨੇ ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਇਆ ਤੇ ਉਸ ਦੀ ਚੋਣ ਕਰ ਲਈ। ਕੁਝ ਕੁ ਸਮੇਂ ਬਾਦ ਹੀ ਟੇਡ ਵਿਲੀਅਮ ਨੂੰ ਅਨੇਕ ਕੰਪਨੀਆਂ ਦੀ ਇਸ਼ਤਿਹਾਰਬਾਜ਼ੀ ਕਰਨ ਲਈ ਸੱਦੇ ਆਏ ਤੇ ਉਹ ਅਮਰੀਕਾ ਦੀਆਂ ਨਾਮੀ ਸ਼ਖ਼ਸੀਅਤਾਂ ‘ਚ ਸ਼ਾਮਲ ਹੋ ਗਏ। ਬਾਦ ‘ਚ ਉਨ੍ਹਾਂ ਆਪਣੇ ਸੰਘਰਸ਼ ਤੇ ਸਫ਼ਲਤਾ ‘ਤੇ ਇੱਕ ਕਿਤਾਬ ਵੀ ਲਿਖੀ।

ਸੋ ਹਰੇਕ ਇਨਸਾਨ ‘ਚ ਕੋਈ ਨਾ ਕੋਈ ਕਾਬਲੀਅਤ ਜ਼ਰੂਰ ਹੁੰਦੀ ਹੈ। ਜ਼ਰੂਰਤ ਹੈ ਆਪਣੀ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਲਿਆਉਣ ਦੀ, ਜੋ ਲੋਕ ਮਿਹਨਤ ਦਾ ਕਦੇ ਪੱਲਾ ਨਹੀਂ ਛੱਡਦੇ ਉਹ ਇੱਕ ਨਾ ਇੱਕ ਦਿਨ ਸਫ਼ਲਤਾ ਜ਼ਰੂਰ ਪਾ ਲੈਂਦੇ ਹਨ।

ਐਲਨਾਬਾਦ
(ਸਰਸਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।