ਅੱਤਵਾਦ ਦਾ ਹੱਲ ਮਕਬੂਜਾ ਕਸ਼ਮੀਰ ਦੀ ਵਾਪਸੀ

0

ਅੱਤਵਾਦ ਦਾ ਹੱਲ ਮਕਬੂਜਾ ਕਸ਼ਮੀਰ ਦੀ ਵਾਪਸੀ

ਬਰਫ਼ ਪਿਘਲਣ ਦੇ ਨਾਲ ਹੀ ਕਸ਼ਮੀਰ ‘ਚ ਘੁਸਪੈਠ ਸ਼ੁਰੂ ਹੋ ਜਾਂਦੀ ਹੈ, ਇਸ ਘੁਸਪੈਠ ‘ਚ ਵਿਦੇਸ਼ੀ ਅੱਤਵਾਦੀ ਅਤੇ ਸਥਾਨਕ ਕਸ਼ਮੀਰੀ ਨੌਜਵਾਨ ਮਕਬੂਜਾ ਕਸ਼ਮੀਰ ਤੋਂ ਅੱਤਵਾਦੀ ਸਿਖਲਾਈ ਲੈ ਕੇ ਕੰਟਰੋਲ ਲਾਈਨ ਦੇ ਇਸ ਪਾਸੇ ਦੇ ਕਸ਼ਮੀਰ ‘ਚ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਐਤਵਾਰ ਸਵੇਰੇ ਇਨ੍ਹਾਂ ਘੁਸਪੈਠੀਆਂ ਨਾਲ ਇੱਕ ਮੁਕਾਬਲੇ ‘ਚ ਫੌਜ ਦੇ ਅਫਸਰਾਂ ਅਤੇ ਜਵਾਨਾਂ ਸਮੇਤ ਪੰਜ ਜ਼ਾਂਬਾਜਾਂ ਨੂੰ ਦੇਸ਼ ਨੇ  ਗੁਆ ਲਿਆ ਹੈ ਪੂਰੀ ਦੁਨੀਆ ਜਿੱਥੇ ਕੋਰੋਨਾ ਦੀ ਮਹਾਂਮਾਰੀ ਨਾਲ ਲੜ ਰਹੀ ਹੈ,

ਉੱਥੇ ਪਾਕਿਸਤਾਨ ਅਤੇ ਭਾਰਤ ਵੀ ਕੋਰੋਨਾ ਦੀ ਲਪੇਟ ‘ਚ ਹੈ ਪਰ ਪਾਕਿਸਤਾਨ ਭਾਰਤ ਵਿਚ ਆਪਣੇ ਅੱਤਵਾਦੀ ਲਗਾਤਾਰ ਭੇਜ ਰਿਹਾ ਹੈ ਪਿਛਲੇ ਸਾਲ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੀ ਗਈ ਸਰਜ਼ੀਕਲ ਸਟਰਾਇਕ ਨਾਲ ਅੱਤਵਾਦੀ ਘਟਨਾਵਾਂ ‘ਚ ਕੁਝ ਵਿਰਾਮ ਆਇਆ ਸੀ, ਫ਼ਿਰ ਭਾਰਤ ਦਾ ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨਾ ਅਤੇ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡਣ ਨਾਲ ਅੱਤਵਾਦੀਆਂ ਨੂੰ ਮਿਲ ਰਹੀ ਸ਼ਹਿ ਦਾ ਵੀ ਲੱਕ ਟੁੱਟ ਗਿਆ ਸੀ

ਧਾਰਾ 370 ਤੋਂ ਬਾਅਦ ਕਰੀਬ ਛੇ ਮਹੀਨਿਆਂ ਤੱਕ ਕਸ਼ਮੀਰ ‘ਚ ਪੂਰਨ ਸ਼ਾਂਤੀ ਰਹੀ ਪਰ ਪਾਕਿਸਤਾਨ ਨੂੰ ਇਸ ਨਾਲ ਕਾਫ਼ੀ ਤਕਲੀਫ਼ ਹੋ ਰਹੀ ਸੀ, ਸੋ ਬਰਫ਼ ਹਟਦਿਆਂ ਹੀ ਉਸ ਪਾਸਿਓਂ ਗੋਲੀਬਾਰੀ ਅਤੇ ਘੁਸਪੈਠ ਦੀਆਂ ਘਟਨਾਵਾਂ ‘ਚ ਇੱਕਦਮ ਵਾਧਾ ਹੋਇਆ ਹੈ ਅਪਰੈਲ ਦੇ ਸ਼ੁਰੂ ਤੋਂ ਹੁਣ ਤੱਕ 40 ਦੇ ਲਗਭਗ ਅੱਤਵਾਦੀ ਫੌਜ ਅਤੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਹਨ ਘੁਸਪੈਠ ਅਤੇ ਸਰਹੱਦ ਪਾਰ ਦੀ ਗੋਲੀਬਾਰੀ ਨਾਲ ਕਸ਼ਮੀਰੀ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਗਏ ਹਨ ਕਿਉਂਕਿ ਕੋਰੋਨਾ ਦੀ ਵਜ੍ਹਾ ਨਾਲ ਲਾਕਡਾਊਨ ਹੈ, ਲੋਕ ਘਰਾਂ ‘ਚ ਰਹਿਣ ਨੂੰ ਮਜ਼ਬੂਰ ਹਨ, ਥੋੜ੍ਹੇ-ਬਹੁਤ ਸਮੇਂ ਦੀ ਜੋ ਰਾਹਤ ਮਿਲੀ ਹੈ ਉਸ ‘ਚ ਸਰਹੱਦ ਪਾਰ ਦੀ ਗੋਲੀਬਾਰੀ ਨਾਲ ਜਾਨ ‘ਤੇ ਬਣ ਜਾਂਦੀ ਹੈ ਅੱਤਵਾਦੀ ਅਤੇ ਪਾਕਿਸਤਾਨ ਜਾਣਦੇ ਹਨ ਕਿ ਉਹ ਇਸ ਲੜਾਈ ‘ਚ ਕਦੇ ਵੀ ਜਿੱਤ ਨਹੀਂ ਸਕਣਗੇ ਪਰ ਉਨ੍ਹਾਂ ਨੂੰ ਉਮੀਦ ਇਸ ਲਈ ਹੈ ਕਿ ਕੁਝ ਗੁੰਮਰਾਹ ਕਸ਼ਮੀਰੀ ਹੀ ਆਪਣੇ ਘਰ ਨੂੰ ਅੱਗ ‘ਚ ਝੋਕ ਰਹੇ ਹਨ

ਇਸ ਸਮੱਸਿਆ ਦਾ ਇੱਕੋ-ਇੱਕ ਹੱਲ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਪਾਉਣ ਨਾਲ ਹੀ ਸੰਭਵ ਹੋਵੇਗਾ ਭਾਰਤ ਜਦੋਂ ਤੱਕ ਆਪਣੀ ਸੰਸਦ ‘ਚ ਲਏ ਗਏ ਪ੍ਰਣ ਕਿ ਇੱਕ-ਇੱਕ ਇੰਚ ਵਿਦੇਸ਼ੀ ਕਬਜ਼ੇ ‘ਚ ਪਈ ਕਸ਼ਮੀਰੀ ਜ਼ਮੀਨ ਨੂੰ ਵਾਪਸ ਲੈ ਕੇ ਰਹਾਂਗੇ, ਪੂਰਾ ਨਹੀਂ ਕਰਦਾ ਉਦੋਂ ਤੱਕ ਪਾਕਿਸਤਾਨ ਨੂੰ ਕਸ਼ਮੀਰ ਦੇ ਨਾਂਅ ‘ਤੇ ਅੱਤਵਾਦ ਦੀ ਫੰਡਿੰਗ ਅਤੇ ਅੱਤਵਾਦੀ ਮੁਹੱਈਆ ਹੁੰਦੇ ਰਹਿਣਗੇ ਪਹਿਲਾਂ ਕਸ਼ਮੀਰ ‘ਚ ਵੱਖਵਾਦੀ ਰਾਜਨੀਤੀ ਕਰਨ ਵਾਲਿਆਂ ਦੇ ਸਵਾਰਥਾਂ ਦੇ ਚੱਲਦਿਆਂ ਕਸ਼ਮੀਰ ਵਿਕਾਸ ‘ਚ ਪੱਛੜਿਆ ਰਿਹਾ, ਨਤੀਜਾ ਕਸ਼ਮੀਰ ‘ਚ ਕੇਂਦਰ ਉਹ ਨਹੀਂ ਕਰ ਸਕਿਆ ਜੋ ਸੰਭਵ ਸੀ ਪਰੰਤੂ ਹੁਣ ਕੇਂਦਰ ਸਰਕਾਰ ਦਾ ਸਿੱਧਾ ਕੰਟਰੋਲ ਕਸ਼ਮੀਰ ‘ਚ ਹੈ

ਇਸ ਲਈ ਵਿਕਾਸ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਕਸ਼ਮੀਰ ਨੂੰ ਵਿਸ਼ਵ ਦੇ ਸਾਹਮਣੇ ਇੱਕ ਮਾਡਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਮਕਬੂਜਾ ਕਸ਼ਮੀਰ ਦੇ ਲੋਕ ਖੁਦ ਹੀ ਦਿੱਲੀ ਦੇ ਕੰਟਰੋਲ ‘ਚ ਹੋਣ ਦੀ ਲੜਾਈ ਲੜਨ ਸੁਰੱਖਿਆ ਅਤੇ ਵਿਕਾਸ ਅਜਿਹੇ ਦੋ ਅਸਤਰ ਹਨ ਜੋ ਦੁਨੀਆ ‘ਚ ਜਰਮਨੀ ਨੂੰ ਇੱਕ ਕਰ ਗਏ, ਜੋ ਵੀਅਤਨਾਮ ਨੂੰ ਇੱਕ ਕਰ ਗਏ ਕਸ਼ਮੀਰ ਨੂੰ ਇੱਕ ਕਰਨ ਲਈ ਪੂਰੀ ਦੁਨੀਆ ਭਾਰਤ ਦੇ ਨਾਲ ਹੈ, ਜੇਕਰ ਚੰਦ ਗੁੰਮਰਾਹ ਲੋਕਾਂ ਅਤੇ ਪਾਕਿਸਤਾਨ ਨੂੰ ਕਸ਼ਮੀਰ ਦੀ ਫ਼ਿਜਾ ‘ਚੋਂ ਹਟਾ ਦਿੱਤਾ ਜਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।