ਸਾਹਿਤ ਤੇ ਸੰਗੀਤਕ ਖੇਤਰ ਦਾ ਸਿਤਾਰਾ, ਬਲਦੇਵ ਇਕਵੰਨ

ਸਾਹਿਤ ਤੇ ਸੰਗੀਤਕ ਖੇਤਰ ਦਾ ਸਿਤਾਰਾ, ਬਲਦੇਵ ਇਕਵੰਨ

ਪੰਜਾਬੀ ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਬਲਦੇਵ ਇਕਵੰਨ ਨੇ ਵੱਖਰੀ ਪਛਾਣ ਬਣਾਈ ਹੈ। ਬਲਦੇਵ ਇਕਵੰਨ ਦੀਆਂ ਲਿਖਤਾਂ ਵਿਚਲੀ ਸਰਲਤਾ ਅਤੇ ਠੇਠ ਪੰਜਾਬੀ ਨੇ ਉਸਨੂੰ ਨਾਮਵਰ ਸਾਹਿਤਕਾਰਾਂ ਦੀ ਕਤਾਰ ਵਿੱਚ ਲਿਆਂਦਾ ਹੈ। ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਤਾ ਖੁਸ਼ਹਾਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਸਾਲ 1975 ਵਿੱਚ ਜਨਮੇ ਬਲਦੇਵ ਸਿੰਘ ਨੂੰ ਨਿੱਕੇ ਹੁੰਦਿਆਂ ਹੀ ਅਖਬਾਰ ਅਤੇ ਰਸਾਲੇ ਪੜ੍ਹਨ ਦਾ ਬਹੁਤ ਸ਼ੌਂਕ ਸੀ।

ਜਿਲ੍ਹਾ ਫਿਰੋਜਪੁਰ ਦੇ ਪਿੰਡ ਸੋਹਣਗੜ੍ਹ ‘ਰੱਤੇਵਾਲਾ’ ਦੀਆਂ ਗਲੀਆਂ ਵਿੱਚ ਖੇਡ ਕੇ ਜਵਾਨ ਹੋਏ ਬਲਦੇਵ ਸਿੰਘ ਨੇ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਰੱਤੇਵਾਲਾ ਦੇ ਸਰਕਾਰੀ ਹਾਈ ਸਕੂਲ ਤੋਂ ਕਰਨ ਉਪਰੰਤ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਡੀ. ਏ. ਵੀ. ਸੀਨੀਅਰ ਸੈਕੰਡਰ ਸਕੂਲ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ।

ਸਕੂਲੀ ਪੜ੍ਹਾਈ ਸਮੇਂ ਬਾਲ ਸਭਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਬਲਦੇਵ ਸਿੰਘ ਨੂੰ ਪ੍ਰਸਿੱਧ ਗੀਤਕਾਰ ‘ਬਚਨ ਬੇਦਿਲ’ ਦੇ ਲਿਖੇ ਗੀਤਾਂ ਨੇ ਬਹੁਤ ਪ੍ਰਭਾਵਿਤ ਕੀਤਾ, ਜਿਸ ਕਰਕੇ ਉਸਦੇ ਮਨ ਵਿੱਚ ਵੀ ਲਿਖਣ ਦਾ ਖਿਆਲ ਆਇਆ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ।
ਸਾਹਿਤਕ ਤੇ ਗੀਤਕਾਰੀ ਦੇ ਖੇਤਰ ਵਿੱਚ ਸਰਗਰਮ ‘ਬਲਦੇਵ ਇਕਵੰਨ’ ਦੇ ਨਾਂਅ ਨਾਲ ਤਖੱਲਸ ਵਜੋਂ ਲੱਗਦਾ ‘ਇਕਵੰਨ’ ਉਨ੍ਹਾਂ ਦਾ ਗੋਤ ਹੈ ਅਤੇ ਜਾਣ-ਪਛਾਣ ਵਾਲੇ ਉਸਨੂੰ ਲਾਡ ਨਾਲ ‘ਦੇਬਾ’ ਵੀ ਆਖ ਬੁਲਾਉਂਦੇ ਹਨ।

ਨਾਮਵਰ ਗੀਤਕਾਰ ‘ਡੀ.ਸੀ ਧੂਰਕੋਟ’ ਪਾਸੋਂ ਗੀਤਕਾਰੀ ਦੀਆਂ ਬਰੀਕੀਆਂ ਦੀ ਤਾਲੀਮ ਹਾਸਲ ਕਰ ਗੀਤਕਾਰ ਬਲਦੇਵ ਇਕਵੰਨ ਨੇ ਹੁਣ ਤੱਕ ਸੈਂਕੜੇ ਸੱਭਿਆਚਾਰਕ ਗੀਤ ਲਿਖੇ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਲਿਖੇ ਕਈ ਗੀਤ ਰਿਕਾਰਡ ਹੋਏ। ਜਲਦ ਹੀ ਗੀਤਕਾਰ ਬਲਦੇਵ ਇਕਵੰਨ ਦੇ ਕਲਮਬੱਧ ਕੀਤੇ ਗੀਤ ਪੰਜਾਬੀ ਦੇ ਮਸ਼ਹੂਰ ਗਾਇਕਾਂ ਦੀ ਆਵਾਜ਼ ਵਿੱਚ ਸੁਣਨ ਨੂੰ ਮਿਲਣਗੇ।

ਪੰਜਾਬੀ ਸਾਹਿਤ ਸਭਾ ਗਰੁੱਪ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਾਂਝਾ ਕਾਵਿ ਸੰਗ੍ਰਹਿ ‘ਹੱਕਾਂ ਦੀ ਜੰਗ’ ਅਤੇ ‘ਛੰਦ ਫੁਲਵਾੜੀ’ ਤੋਂ ਇਲਾਵਾ ਵੱਖ-ਵੱਖ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਵਿੱਚ ਗੀਤਕਾਰ ਤੇ ਲੇਖਕ ਬਲਦੇਵ ਇਕਵੰਨ ਲਿਖੀਆਂ ਕਵਿਤਾਵਾਂ ਤੇ ਗਜ਼ਲਾਂ ਛਪ ਚੁੱਕੀਆਂ ਹਨ। ‘ਸੁਖ਼ਨ ਸੁਨੇਹੇ’ ਮੈਗਜ਼ੀਨ ਅਤੇ ਭਾਰਤ-ਪਾਕਿਸਤਾਨ ਦਾ ਮੈਗਜ਼ੀਨ ‘ਸਾਂਝਾਂ ਆਰ ਪਾਰ ਦੀਆਂ’ ਵਿੱਚ ਵੀ ਉਸ ਦੀਆਂ ਰਚਨਾਵਾਂ ਨੂੰ ਛਾਪਿਆ ਗਿਆ ਹੈ।

ਪੰਜਾਬੀ ਭਵਨ ਲੁਧਿਆਣਾ, ਰੌਸ਼ਨ ਕਲਾ ਕੇਂਦਰ ਗੱਜਰ (ਹੁਸ਼ਿਆਰਪੁਰ), ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਅਤੇ ‘13ਵਾਂ ਰਾਜ ਪੱਧਰੀ ਵਿਰਾਸਤ ਮੇਲਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸਰਬ ਸਾਂਝਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪਿੰਡ ਮੱਤਾ (ਜੈਤੋ) ਵਿਖੇ ਹਰ ਸਾਲ ਕਰਵਾਏ ਜਾਂਦੇ ‘ਲੋਹੜੀ ਧੀਆਂ ਦੀ ਅਤੇ ਸੱਭਿਆਚਾਰਕ ਮੇਲਾ’ ਵਿੱਚ ਵਿਸੇਸ਼ ਤੌਰ ’ਤੇ ਗੀਤਕਾਰ ਬਲਦੇਵ ਇਕਵੰਨ ਨੂੰ ਸਨਮਾਨਿਤ ਕੀਤਾ ਗਿਆ ਹੈ।

ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਸਰਗਰਮ ਮੈਂਬਰ ਗੀਤਕਾਰ ਬਲਦੇਵ ਇਕਵੰਨ ਇਸ ਵੇਲੇ ਆਪਣੀ ਜੀਵਨ ਸਾਥਣ ਜਸਪਾਲ ਕੌਰ ਅਤੇ ਆਪਣੀਆਂ ਬੇਟੀਆਂ ਨਵਜੋਤ ਕੌਰ, ਹਰਮਨਪ੍ਰੀਤ ਕੌਰ ਤੇ ਗੁਰਕੀਰਤ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਹੇ ਹਨ।

ਜਲਦ ਹੀ ਗੀਤਕਾਰ ਬਲਦੇਵ ਇਕਵੰਨ ਆਪਣੇ ਗੀਤਾਂ ਅਤੇ ਰਚਨਾਵਾਂ ਦੀ ਪਲੇਠੀ ਪੁਸਤਕ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ ਵਿੱਚ ਪਾ ਰਹੇ ਹਨ। ਦੁਆ ਕਰਦੇ ਹਾਂ ਕਿ ਸਾਹਿਤ ਅਤੇ ਸੰਗੀਤਕ ਖੇਤਰ ਵਿੱਚ ਬਲਦੇਵ ਇਕਵੰਨ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
ਸਿਰ ਉੱਤੇ ਬਾਪ ਹੋਵੇ, ਭਾਈਆਂ ’ਚ ਥਪਾਕ ਹੋਵੇ,

ਕੀਤਾ ਨਾ ਕੋਈ ਪਾਪ ਹੋਵੇ, ਦਿਲ ਦਾ ਜੋ ਸਾਫ ਹੋਵੇ।
ਉਹ ਬੰਦਾ ਨਈਂ ਡੋਲਦਾ…
ਸਾਫ਼ ਜੀਹਦੀ ਨੀਤ ਹੋਵੇ, ਦਿਲ ’ਚ ਪਰੀਤ ਹੋਵੇ,
ਸੁਭਾਅ ਜੀਹਦਾ ਸੀਤ ਹੋਵੇ, ਹਰ ਕਿਸੇ ਦਾ ਜੋ ਮੀਤ ਹੋਵੇ।
ਉਹ ਬੰਦਾ ਨਈਂ ਡੋਲਦਾ….

ਮਾੜਾ ਨਾ ਕਰਮ ਹੋਵੇ, ਅੱਖਾਂ ’ਚ ਸ਼ਰਮ ਹੋਵੇ,
ਸੀਨੇ ਨਾ ਭਰਮ ਹੋਵੇ, ਇਨਸਾਨੀਅਤ ਧਰਮ ਹੋਵੇ।
ਉਹ ਬੰਦਾ ਨਈਂ ਡੋਲਦਾ….
ਸੱਚ ਲਈ ਲੜੇ ਜਿਹੜਾ, ਹੱਕ ਲਈ ਅੜੇ ਜਿਹੜਾ,
ਮਜ਼ਲੂਮਾਂ ਸੰਗ ਖੜੇ੍ਹ ਜਿਹੜਾ, ਜ਼ਾਲਮਾਂ ਖਿਲਾਫ ਲੜੇ ਜਿਹੜਾ।
ਉਹ ਬੰਦਾ ਨਈਂ ਡੋਲਦਾ…..

ਔਲਾਦ ਜੀਹਦੀ ਚੰਗੀ ਹੋਵੇ, ਪੈਸੇ ਦੀ ਨਾ ਤੰਗੀ ਹੋਵੇ,
ਕੰਮਕਾਰ ਵਿੱਚ ਢੰਗੀ ਹੋਵੇ, ਫੁਲਵਾੜੀ ਜੀਹਦੀ ਰੰਗੀ ਹੋਵੇ।
ਉਹ ਬੰਦਾ ਨਈਂ ਡੋਲਦਾ…..
ਹੱਕ ਦੀ ਕਮਾਈ ਹੋਵੇ, ਦਾਤੇ ਸੰਗ ਲਾਈ ਹੋਵੇ,
ਰੋਟੀ ਵੰਡ ਕੇ ਛਕਾਈ ਹੋਵੇ, ਕੀਤੀ ਲੋਕ ਭਲਾਈ ਹੋਵੇ।
ਉਹ ਬੰਦਾ ਨਈਂ ਡੋਲਦਾ…..

ਗਰੀਬ ਦਾ ਜੋ ਮਿੱਤ ਹੋਵੇ, ਸਾਫ ਜੀਹਦਾ ਚਿੱਤ ਹੋਵੇ,
ਦਿਲ ਲੈਂਦਾ ਜਿੱਤ ਹੋਵੇ, ਵੰਡਦਾ ਜੋ ਹਾਸੇ ਨਿੱਤ ਹੋਵੇ।
ਉਹ ਬੰਦਾ ਨਈਂ ਡੋਲਦਾ…..
ਦੂਈ ਨਾ ਦਵੈਤ ਹੋਵੇ, ਕੋਈ ਨਾ ਕੁ- ਰਹਿਤ ਹੋਵੇ,
ਨਸ਼ਿਆਂ ਤੋਂ ਰਹਿਤ ਹੋਵੇ, ਪੜ੍ਹਦਾ ਜੋ ਸਹਿਤ ਹੋਵੇ।
ਉਹ ਬੰਦਾ ਨਈਂ ਡੋਲਦਾ…..
ਪੇਸ਼ਕਸ਼:
ਜੱਗਾ ਸਿੰਘ ਰੱਤੇਵਾਲਾ,
ਸੋਹਣਗੜ ‘ਰੱਤੇਵਾਲਾ’ (ਫਿਰੋਜ਼ਪੁਰ)
ਮੋ. 88723-27022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।