ਸਫਾਈ ਕਾਮਿਆਂ ਹੜਤਾਲ ਕਰਕੇ ਕੀਤੀ ਰੋਸ ਰੈਲੀ

Sweepers Strike

ਹੜਤਾਲ ਕਰਨਾ ਸਾਡੀ ਮਜਬੂਰੀ : ਆਗੂ

ਮੋਹਾਲੀ, (ਸੱਚ ਕਹੂੰ ਨਿਊਜ਼)।  ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਸੱਦੇ ’ਤੇ ਸਮੂਹ ਸਫਾਈ ਕਾਮਿਆਂ, ਗਾਰਬੇਜ ਕੁਲੈਕਟਰਾਂ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਸਮੇਤ ਸਮੁੱਚੇ ਸਫਾਈ ਕਾਮਿਆਂ ਵੱਲੋਂ ਸਫਾਈ ਦਾ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ, ਉਪਰੰਤ ਸਮੂਹ ਸਫਾਈ ਕਾਮੇ ਵੱਡੀ ਗਿਣਤੀ ਵਿੱਚ ਮਿਊਂਸੀਪਲ ਭਵਨ ਸੈਕਟਰ-68 ਮੋਹਾਲੀ ਵਿਖੇ ਇਕੱਠੇ ਹੋਏ ਅਤੇ ਸਰਕਾਰ ਖਿਲਾਫ ਜੋਰਦਾਰ ਰੈਲੀ ਕੀਤੀ।

ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿੱਚ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਿਆਲ, ਮੋਹਾਲੀ ਸਫਾਈ ਕਾਮਿਆਂ ਦੇ ਪ੍ਰਧਾਨ ਸ਼ੋਭਾ ਰਾਮ, ਸੀਨੀਅਰ ਮੀਤ ਪ੍ਰਧਾਨ ਰਾਜ ਮੋਹਨ, ਗਾਰਬੇਜ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਾਵਰੀਆ, ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ, ਜੀਰਕਪੁਰ ਤੋਂ ਰਵਿੰਦਰ ਪਾਲ, ਪ੍ਰਦੀਪ ਸੂਦ, ਡੇਰਾਬੱਸੀ ਤੋਂ ਹਰਵਿੰਦਰ ਸਿੰਘ, ਲਾਲੜੂ ਤੋਂ ਪਰਵੀਨ ਕੁਮਾਰ, ਨਵਾਂ ਗਾਓਂ ਤੋਂ ਜੈ ਪਾਲ, ਖਰੜ ਤੋਂ ਬਿੰਦਰ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿਚ ਆਗੂ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਇਹ ਹੜਤਾਲ ਕਰਨਾ ਸਾਡੀ ਮਜਬੂਰੀ ਹੈ ਕਿਉਂਕਿ ਨਗਰ ਨਿਗਮ ਮੋਹਾਲੀ ਦੇ ਉੱਚ ਅਧਿਕਾਰੀਆਂ, ਕਮਿਸ਼ਨਰ ਅਤੇ ਮੇਅਰ ਨਾਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ ਵਿਚ ਗੱਲ ਸਿਰੇ ਨਹੀਂ ਚੜੀ, ਇਸ ਲਈ ਅੱਜ ਦੀ ਹੜਤਾਲ ਨਗਰ ਨਿਗਮ ਮੋਹਾਲੀ ਵੱਲੋਂ ਸਫਾਈ ਦੇ ਦਿੱਤੇ ਜਾ ਰਹੇ ਠੇਕੇ ਦੇ ਵਿਰੋਧ ਵਿਚ ਕੀਤੀ ਗਈ ਹੈ।

ਆਗੂਆਂ ਨੇ ਮੰਗ ਕੀਤੀ ਕਿ ਸਫਾਈ ਦਾ ਠੇਕਾ ਕਿਸੇ ਪ੍ਰਾਈਵੇਟ ਕੰਪਨੀ ਜਾਂ ਠੇਕੇਦਾਰਾਂ ਨੂੰ ਦੇਣ ਦੀ ਬਜਾਏ ਇਨ੍ਹਾਂ ਸਫਾਈ ਸੇਵਕਾਂ ਨੂੰ ਨਿਗਮ ਅਧੀਨ ਸਿੱਧੇ ਤੌਰ ’ਤੇ ਰੱਖ ਕੇ ਕੰਮ ਕਰਵਾਇਆ ਜਾਵੇ ਅਤੇ ਹੋ ਰਹੀ ਸਰਕਾਰੀ ਖਜਾਨੇ ਦੀ ਲੁੱਟ ਨੂੰ ਰੋਕਿਆ ਜਾਵੇ। ਆਗੂਆਂ ਨੇ ਦੱਸਿਆ ਕਿ ਜਦੋਂ ਤਕ ਸਾਡੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਤਕ ਹੜਤਾਲ ਜਾਰੀ ਰਹੇਗੀ। ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਿਆਲ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਹੜਤਾਲ ਕਰਨਾ ਜਥੇਬੰਦੀ ਦੀ ਮਜਬੂਰੀ ਹੈ। ਹੜਤਾਲ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਸਾਡਾ ਸਾਥ ਦਿਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।