ਰਿਸ਼ਤਿਆਂ ਦਾ ਨਿੱਘ

0
81
The Warmth of Relationships Sachkahoon

ਰਿਸ਼ਤਿਆਂ ਦਾ ਨਿੱਘ

ਬਦਲਦੇ ਹੋਏ ਸਮਾਜ ਵਿੱਚ ਭਾਵੇਂ ਪਰਿਵਾਰ ਛੋਟੇ ਹੁੰਦੇ ਜਾ ਰਹੇ ਨੇ ਪਰ ਰਿਸ਼ਤਿਆਂ ਦੀਆਂ ਤੰਦਾਂ ਕਦੇ ਵੀ ਟੁੱਟ ਨਹੀਂ ਸਕਦੀਆਂ। ਜਨਮ ਤੋਂ ਹੀ ਆਪਣੇ ਭਾਵਾਂ, ਇੱਛਾਵਾਂ ਤੇ ਲੋੜਾਂ ਦੀ ਪੂਰਤੀ ਦਾ ਸਾਧਨ ਪਰਿਵਾਰ ਹੀ ਰਿਹਾ ਹੈ। ਜਿਸ ਨੂੰ ਆਪਣੇ ਬਚਪਨ ਵਿੱਚ ਮਾਂ ਦੀ ਗੋਦੀ ਦਾ ਨਿੱਘ ਨਹੀਂ ਮਿਲਿਆ ਉਹ ਸਵਰਗ ਬਾਰੇ ਸਿਰਫ ਕਲਪਨਾ ਹੀ ਕਰ ਸਕਦਾ ਹੈ। ਮਾਂ ਬੱਚਿਆਂ ਦੀ ਸੰਭਾਲ ਹੀ ਨਹੀਂ ਕਰਦੀ ਸਗੋਂ ਪਹਿਲੀ ਅਧਿਆਪਕਾ, ਨਰਸ ਤੇ ਗੁਰੂੁ ਦਾ ਕੰਮ ਬਿਨਾਂ ਸੁਆਰਥ ਦੇ ਤਨਦੇਹੀ ਨਾਲ ਕਰਦੀ ਹੈ। ਇੱਕ ਪਿਤਾ ਬੱਚਿਆਂ ਨੂੰ ਸਿਰਫ ਪਾਲ਼ ਹੀ ਸਕਦਾ ਹੈ ਪਰ ਪਰਵਰਿਸ਼ ਤੇ ਸੰਭਾਲ ਤਾਂ ਮਾਂ ਹੀ ਕਰਦੀ ਹੈ ਜਿੱਥੇ ਮਾਂ ਪਰਿਵਾਰ ਲਈ ਇੱਕ ਘੜੀ ਵਾਂਗ ਕੰਮ ਕਰਦੀ ਹੈ, ਉੱਥੇ ਹੀ ਪਿਤਾ ਇੱਕ ਪਹਿਰੇਦਾਰ ਵਾਂਗ ਕੰਮ ਕਰਦਾ ਹੈ।

ਅਸਲ ਵਿੱਚ ਜਿਹੜੀ ਥੁੜ, ਦੁੱਖ, ਭੁੱਖ ਪਿਤਾ ਨੇ ਖੁਦ ਦੇਖੀ ਹੁੰਦੀ ਹੈ, ਉਹ ਚਾਹੁੰਦਾ ਹੈ ਉਸ ਦੇ ਬੱਚੇ ਕਦੇ ਵੀ ਨਾ ਦੇਖਣ ਸ਼ਾਇਦ ਇਸੇ ਲਈ ਉਹ ਨਰਮਾਈ ਦੀ ਥਾਂ ਸਖ਼ਤੀ ਤੇ ਕਠੋਰਤਾ ਨੂੰ ਆਪਣੇ ਵਿਹਾਰ ਦਾ ਹਿੱਸਾ ਬਣਾ ਲੈਂਦਾ ਹੈ। ਜਦੋਂ ਕੋਈ ਵਿਅਕਤੀ ਖੁਦ ਪਿਤਾ ਬਣਦਾ ਹੈ ਫਿਰ ਉਸ ਨੂੰ ਆਪਣੇ ਪਿਤਾ ਬਾਰੇ ਅਸਲੀ ਸਮਝ ਆਉਂਦੀ ਹੈ। ਸ਼ਾਇਦ ਇਸੇ ਲਈ ਲੋਕ-ਕਹਾਵਤ ਬਣੀ ਹੈ ਕਿ ਆਪਣੀ ਕਮਾਈ ਨਾਲ ਤਾਂ ਸਿਰਫ ਲੋੜਾਂ ਹੀ ਪੂਰੀਆਂ ਹੁੰਦੀਆਂ, ਸ਼ੌਂਕ ਤਾਂ ਪਿਉ ਦੇ ਸਿਰ ’ਤੇ ਪੂਰੇ ਕੀਤੇ ਜਾ ਸਕਦੇ ਹਨ।

ਉਹ ਭੈਣ-ਭਰਾ ਹੀ ਵੱਡੇ ਹੋ ਕੇ ਸ਼ਰੀਕ ਬਣਦੇ ਨੇ ਜਿਨ੍ਹਾਂ ਦੀ ਪਰਵਰਿਸ਼ ਮਾਂ-ਪਿਉ ਚੰਗੀ ਤਰ੍ਹਾਂ ਨਹੀਂ ਕਰਦੇ ਜਾਂ ਫਿਰ ਮਾਂ-ਪਿਉ ਵਿੱਚ ਖ਼ੁਦ ਹੀ ਲੜਾਈ ਜਾਂ ਕਲੇਸ਼ ਰਹਿੰਦਾ ਹੋਵੇ, ਨਹੀਂ ਤਾਂ ਭੈਣ-ਭਰਾ ਇੱਕ-ਦੂਜੇ ਦੀਆਂ ਬਾਹਾਂ ਹੁੰਦੇ ਨੇ ਕਿਉਂਕਿ ਦੁੱਖ ਵਿੱਚ ਸਿਰਫ਼ ਆਪਣੇ ਹੀ ਖੜ੍ਹਦੇ ਨੇ। ਉਂਝ ਵੀ ਪਰਿਵਾਰ ਵਿੱਚ ਇੱਕ ਲੜਕੀ ਦਾ ਹੋਣਾ ਵੀ ਇੱਕ ਰੱਬੀ ਦਾਤ ਵਾਂਗ ਹੈ ਕਿਉਂਕਿ ਭੈਣ-ਭਰਾ ਇੱਕ-ਦੂਜੇ ਤੋਂ ਸਮਾਜ ਵਿੱਚ ਰਹਿਣ ਦਾ ਸਲੀਕਾ ਸਿੱਖਦੇ ਹਨ।

ਨਾਨਾ-ਨਾਨੀ, ਦਾਦਾ-ਦਾਦੀ ਦਾ ਪਿਆਰ ਉਹ ਝੂਟਾ ਜੋ ਅੰਕਲ-ਆਂਟੀਆਂ ਤੋਂ ਨਹੀਂ ਮਿਲ ਸਕਦਾ। ਇੱਕ ਸਮੇਂ ਪਿਉ ਪੁੱਤ ਨੂੰ ਦੁਰਕਾਰ ਸਕਦਾ ਪਰ ਆਪਣੇ ਪੋਤੇ-ਦੋਹਤਿਆਂ ਨੂੰ ਨਹੀਂ, ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਮੂਲ ਨਾਲ਼ੋ ਵਿਆਜ਼ ਪਿਆਰਾ ਹੁੰਦਾ ਹੈ।

ਅਜੋਕੇ ਸਮੇਂ ਵਿੱਚ ਯਾਰਾਂ-ਦੋਸਤਾਂ ਦੀ ਪਰਿਭਾਸ਼ਾ ਭਾਵੇਂ ਬਦਲ ਗਈ ਹੈ ਪਰ ਚੰਗਾ ਦੋਸਤ ਪ੍ਰੇਰਿਤ ਹੀ ਨਹੀਂ ਕਰਦਾ ਸਗੋਂ ਕਮੀਆਂ ਦੱਸ ਕੇ ਹਕੀਕਤ ਤੋਂ ਵੀ ਜਾਣੂ ਕਰਵਾਉਂਦਾ ਹੈ। ਸਿਆਣੇ ਕਹਿੰਦੇ ਨੇ ਦੁੱਖ ਦੱਸਣ ਨਾਲ਼ ਘਟਦਾ ਹੈ ਤੇ ਖ਼ੁਸ਼ੀ ਵੰਡਣ ਨਾਲ਼ ਵਧਦੀ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਆਧੁਨਿਕ ਸਮਾਜ ਨੇ ਪਰਿਵਾਰ ਛੋਟੇ ਕੀਤੇ ਨੇ, ਉੱਥੇ ਹੀ ਜਨਮ ਦਿਨ, ਐਨੀਵਰਸਰੀ, ਫਾਦਰ/ਮਦਰ ਡੇ ਮਨਾਉਣ ਦੇ ਰਿਵਾਜ਼ਾਂ ਨੇ ਰਿਸ਼ਤਿਆਂ ਦੇ ਨਿੱਘ ਨੂੰ ਗੂੜ੍ਹਾ ਕੀਤਾ ਹੈ। ਲੋੜ ਹੈ! ਇਨ੍ਹਾਂ ਰਿਸ਼ਤਿਆਂ ਨੂੰ ਸਾਂਭਣ ਤੇ ਕਦਰ ਕਰਨ ਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ