ਔਰਤ ਨੇ ਦੋ ਬੱਚੀਆਂ ਸਮੇਤ ਮਾਰੀ ਭਾਖੜਾ ‘ਚ ਛਾਲ, ਬੱਚੀਆਂ ਦੀ ਮੌਤ

Woman, Girls, Jumped, Bhakra, Child, Death

ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢਿਆ

ਮਾਨਸਾ, ਸੁਖਜੀਤ ਮਾਨ

ਕਸਬਾ ਬੋਹਾ ਨੇੜਲੇ ਪਿੰਡ ਮਲਕੋ ਦੀ ਵਸਨੀਕ ਮਹਿਲਾ ਵੀਰਪਾਲ ਕੌਰ ਨੇ ਆਪਣੀਆਂ ਦੋ ਧੀਆਂ ਸਮੇਤ ਪਿੰਡ ਬਾਹਮਣਵਾਲਾ ‘ਚੋਂ ਲੰਘਦੀ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ ਜਿਸ ਕਾਰਨ ਦੋਵਾਂ ਬੱਚੀਆਂ ਦੀ ਮੌਤ ਹੋ ਗਈ ਜਦੋਂਕਿ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਇਸ ਮੌਕੇ ਛੋਟੀ ਬੱਚੀ ਦੀ ਲਾਸ਼ ਵੀ ਮਹਿਲਾ ਦੇ ਨਾਲ ਹੀ ਕੱਢ ਲਈ ਗਈ ਸੀ ਜਦੋਂ ਕਿ ਵੱਡੀ ਲੜਕੀ ਦੀ ਲਾਸ਼ ਖ਼ਬਰ ਮਿਲੇ ਜਾਣ ਤੱਕ ਨਹੀਂ ਮਿਲੀ ਸੀ  ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਨਾਲ ਮਿਲਕੇ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪਿੰਡ ਮਲਕੋ ਵਾਸੀ ਮਹਿਲਾ ਵੀਰਪਾਲ ਕੌਰ (25) ਦੀ ਪੰਜ ਸਾਲ ਪਹਿਲਾਂ ਕੁਲਵੰਤ ਸਿੰਘ ਨਾਲ ਸ਼ਾਦੀ ਹੋਈ ਸੀ ਜਿੰਨ੍ਹਾਂ ਦੇ ਘਰ ਦੋ ਧੀਆਂ ਨੇ ਜਨਮ ਲਿਆ ਕੁਲਵੰਤ ਸਿੰਘ ਖੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਵੀਰਪਾਲ ਕੌਰ ਅਕਸਰ ਕਲੇਸ਼ ਕਰਦੀ ਰਹਿੰਦੀ ਸੀ ਜਿਸ ਕਾਰਨ ਕੁਲਵੰਤ ਸਿੰਘ ਨੂੰ ਵੱਖ ਕਰ ਦਿੱਤਾ ਸੀ ਪਰ ਪਤੀ-ਪਤਨੀ ਦਾ ਝਗੜਾ ਫਿਰ ਵੀ ਖਤਮ ਨਹੀਂ ਹੋਇਆ ਅਤੇ ਅੱਜ ਜਦੋਂ ਕੁਲਵੰਤ ਸਿੰਘ ਕੰਮ ਲਈ ਸਵੇਰੇ ਘਰੋਂ ਨਿੱਕਲਿਆ ਤਾਂ ਉਸ ਮਗਰੋਂ ਵੀਰਪਾਲ ਕੌਰ ਆਪਣੀਆਂ ਦੋਵਾਂ ਧੀਆਂ ਨੂੰ ਨਾਲ ਲੈ ਕੇ ਕਰੀਬ 15 ਕਿਲੋਮੀਟਰ ਦੂਰ ਪਿੰਡ ਬਾਹਮਣਵਾਲਾ ਦੀ ਭਾਖੜਾ ਨਹਿਰ ‘ਤੇ ਜਾ ਪਹੁੰਚੀ ਜਿੱਥੇ ਆਪਣੀਆਂ ਦੋਵਾਂ ਧੀਆਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ ਇਸ ਘਟਨਾ ਨੂੰ ਵੇਖਦਿਆਂ ਹੀ ਰਾਹਗੀਰਾਂ ਅਤੇ ਨੇੜਲੇ ਕਿਸਾਨਾਂ ਵੱਲੋਂ ਮਹਿਲਾ ਨੂੰ ਜਿਉਂਦੀ ਨੂੰ ਅਤੇ ਉਸਦੀ ਛੋਟੀ ਬੇਟੀ ਦੀ ਲਾਸ਼ ਨੂੰ ਬਾਹਰ ਕੱਢ ਲਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਮਹਿਲਾ ਦੀ ਵੱਡੀ ਬੇਟੀ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਈ ਜਿਸਦੀ ਲਾਸ਼ ਹਾਲੇ ਨਹੀਂ ਮਿਲੀ ਮੌਕੇ ‘ਤੇ ਪਹੁੰਚੀ ਬੋਹਾ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਉਣ ਤੋਂ ਬਾਅਦ ਵੀਰਪਾਲ ਕੌਰ ਨੂੰ ਵੀ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ।

ਮਹਿਲਾ ਖਿਲਾਫ ਮਾਮਲਾ ਦਰਜ਼ : ਐਸਐਚਓ

ਥਾਣਾ ਬੋਹਾ ਦੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਮਹਿਲਾ ਨੂੰ ਜਿਉਂਦੀ ਨੂੰ ਅਤੇ ਉਸਦੀ ਛੋਟੀ ਧੀ ਦੀ ਲਾਸ਼ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ ਜਦੋਂ ਕਿ ਵੱਡੀ ਲੜਕੀ ਦੀ ਲਾਸ਼ ਹਾਲੇ ਨਹੀਂ ਮਿਲੀ ਉਨ੍ਹਾਂ ਦੱਸਿਆ ਕਿ ਮਹਿਲਾ ਦੇ ਪਤੀ ਕੁਲਵੰਤ ਸਿੰਘ ਦੇ ਬਿਆਨਾਂ ‘ਤੇ ਵੀਰਪਾਲ ਕੌਰ ਖਿਲਾਫ ਥਾਣਾ ਬੋਹਾ ‘ਚ ਧਾਰਾ 304-ਏ ਤੇ 309 ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।