ਲੇਖ

ਮਾਂ ਦੀ ਮਮਤਾ ਦਾ ਕੋਈ ਬਦਲ ਨਹੀਂ, ਮਾਂ ਦੀ ਕਦਰ ਕਰੋ

MotherLove, RespectTheMother

ਕਮਲ ਬਰਾੜ 

ਬੱਚੇ ਦਾ ਪਹਿਲਾ ਗੁਰੂ, ਆਧਿਆਪਕ ਉਸ ਦੀ ਮਾਂ ਹੀ ਹੁੰਦੀ ਹੈ। ਬੱਚਾ ਮਾਂ ਕੋਲੋਂ ਬਹੁਤ ਕੁਝ ਸਿੱਖਦਾ ਹੈ। ਉਹ ਪਹਿਲਾ ਸ਼ਬਦ ਹੀ ‘ਮਾਂ’ ਬੋਲਦਾ ਹੈ। ਬੱਚੇ ਦੀ ਸ਼ਖਸੀਅਤ ‘ਤੇ ਬਹੁਤਾ ਪ੍ਰਭਾਵ ਉਸ ਦੀ ਮਾਂ ਦਾ ਹੀ ਹੁੰਦਾ ਹੈ। ਤੇ ਉਸਦਾ ਵਿਕਾਸ ਵੀ ਉਸ ਦੀ ਮਾਂ ਦੀ ਸ਼ਖਸੀਅਤ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਕੁਝ ਲੋਕ ਇਹ ਕਹਿ ਦਿੰਦੇ ਹਨ ਕਿ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ। ਪਰ ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਚੋਰ ਬਣੇ। ਹਾਂ ਉਹ ਆਪਣੇ ਚੋਰ ਪੁੱਤਰ ਨੂੰ ਕਦੇ ਵੀ ਚੋਰ ਮੰਨਣ ਲਈ ਤਿਆਰ ਨਹੀਂ ਹੋਵੇਗੀ ਕਿਉਂਕਿ ਇੱਥੇ ਉਸਦੀ ਮਮਤਾ ਭਾਰੀ ਪੈ ਜਾਂਦੀ ਹੈ। ਮਾਂ ਅਤੇ ਮਮਤਾ ਦਾ ਸਿੱਧਾ ਸਬੰਧ ਹੈ।

ਨਿੱਕਾ ਹੁੰਦਾ ਮੈਂ ਦੇਖਦਾ ਕਿ ਮੇਰੀ ਮਾਂ ਹਮੇਸ਼ਾ ਅਜਿਹੀਆਂ ਗੱਲਾਂ ਕਰਦੀ ਤੇ ਉਸ ਦੀ ਮਮਤਾ ਸਪੱਸ਼ਟ ਝਲਕਦੀ। ਮੈਂ ਕਈ ਵਾਰੀ ਸੋਚਦਾ ਕਿ ਇਹ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਪਰ ਹੁਣ ਅਹਿਸਾਸ ਹੁੰਦਾ ਹੈ ਉਹ ਸਾਰੀ ਉਸਦੀ ਮਮਤਾ ਹੀ ਸੀ। ਕਦੇ ਤਾਪ ਚੜ੍ਹ ਜਾਣਾ ਤਾਂ ਸਾਰੀ-ਸਾਰੀ ਰਾਤ ਮੱਥੇ ‘ਤੇ ਗਿੱਲੀਆਂ ਪੱਟੀਆਂ ਰੱਖੀ ਜਾਣੀਆਂ ਤੇ ਅੱਖਾਂ ‘ਚੋਂ ਹੰਝੂ ਕੇਰੀ ਜਾਣੇ। ਸੋਚਦੇ ਤਾਪ ਹੀ ਤਾਂ ਚੜ੍ਹਿਆ ਹੈ ਮਰਨ ਥੋੜ੍ਹਾ ਹੀ ਲੱਗੇ ਹਾਂ ਪਰ ਇੱਕ ਮਾਂ ਕਿਵੇਂ ਬਰਦਾਸ਼ਤ ਕਰਦੀ ਕਿ ਉਸ ਦੇ ਪੁੱਤ ਨੂੰ ਤਾਪ ਚੜ੍ਹਿਆ ਹੈ। ਹਰ ਇੱਕ ਨੂੰ ਦੱਸਦੀ, ਮੁੰਡੇ ਨੂੰ ਪੰਜ ਭੱਠ ਤਾਪ ਚੜ੍ਹਿਆ ਹੈ ਭੋਰਾ ਸੁਰਤ ਨ੍ਹੀਂ ਕਰਦਾ। ਇਹ ਇੱਕ ਮਾਂ ਦੀ ਮਮਤਾ ਹੀ ਤਾਂ ਸੀ।

ਸਾਡੀ ਮੱਝ ਦਾ ਕੱਟਾ ਕਾਫੀ ਵੱਡਾ ਹੋ ਗਿਆ। ਮੱਝ ਦੂਜੀ ਵਾਰ ਵੀ ਸੂ ਪਈ ਪਰ ਮੇਰੀ ਮਾਂ ਨੇ ਕੱਟਾ ਨਾ ਵੇਚਿਆ। ਲੋਕੀ ਹੱਸਿਆ ਕਰਨ ਬਈ ਸੇਠ ਹੁਣ ਕੱਟਾ ਪਾਲਣਗੇ। ਮੇਰੀ ਮਾਂ ਨੂੰ ਡਰ ਸੀ ਕਿ ਜੇ ਉਸਨੇ ਕੱਟਾ ਵੇਚ ਦਿੱਤਾ ਤਾਂ ਉਹ ਕਸਾਈ ਉਸਨੂੰ ਵੱਢ ਦੇਣਗੇ। ਇੱਕ ਦਿਨ ਲੋਕਾਂ ਦੇ ਬਹੁਤਾ ਕਹਿਣ ‘ਤੇ ਮੇਰੀ ਮਾਂ ਨੇ ਉਹ ਕੱਟਾ ਵੀਹ ਰੁਪਇਆਂ ਦਾ ਵੇਚ ਦਿੱਤਾ। ਤੇ ਨਾਲੇ ਰੋਈ ਜਾਵੇ ਤੇ ਨਾਲੇ ਉਸ ਦੇ ਖਰੀਦਦਾਰ ਨੂੰ ਦੋ ਰੁਪਏ ਦੇ ਕੇ ਕਹਿੰਦੀ, ਵੀਰਾ ਇਸ ਨੁੰ ਸ਼ਾਮ ਨੂੰ ਗੁੜ ਖੁਆ ਦੇਵੀਂ। ਤੇ ਉਸਦੇ ਖਾਣ ਲਈ ਉਸ ਨੂੰ ਦੋ ਰੁਪਏ ਅਲੱਗ ਤੋਂ ਦਿੱਤੇ। ਉਸਦਾ ਪਸ਼ੂ ਪ੍ਰੇਮ ਤੇ ਮਮਤਾ ਅੱਜ ਵੀ ਯਾਦ ਆਉਂਦੀ ਹੈ।

ਮੇਰੀ ਮਾਂ ਕਈ ਵਾਰੀ ਗਲੀ ਵਿੱਚ ਵਿਕਣ ਆਈਆਂ ਸਸਤੀਆਂ ਚੱਪਲਾਂ ਖਰੀਦ ਲੈਂਦੀ। ਅਸੀਂ ਗੁੱਸੇ ਹੁੰਦੇ, ਮਾਂ ਇਹ ਚੱਪਲਾਂ ਤੇਰੇ ਪਾਉਣ ਆਲੀਆਂ ਨਹੀਂ। ਕਿਉਂ ਗਲੀ ਵਿੱਚ ਸਾਡੀ ਬੇਇੱਜਤੀ ਕਰਵਾਉਨੀ ਏਂ। ਮਾਂ ਚੁੱਪ ਰਹਿੰਦੀ ਤੇ ਸ਼ਾਮ ਨੂੰ ਉਹੀ ਚੱਪਲਾਂ ਕੰਮ ਵਾਲੀਆਂ ਸ਼ਿੰਦੋ, ਰਾਮਰੱਤੀ ਜਾਂ ਗੋਰਾਂ ਨੂੰ ਦੇ ਦਿੰਦੀ ਤੇ ਕਹਿੰਦੀ, ਪੁੱਤ ਮੈਂ ਇਹਨਾਂ ਵਾਸਤੇ ਲਈਆਂ ਸੀ, ਵਿਚਾਰੀਆਂ ਰੋਜ ਨੰਗੇ ਪੈਰੀਂ ਕੰਮ ਕਰਦੀਆਂ ਨੇ। ਤੇ ਕਈ ਵਾਰੀ ਮਾਂ ਆਪਣਾ ਪੁਰਾਣਾ ਸ਼ਾਲ, ਸਵੈਟਰ ਕੰਮ ਵਾਲੀਆਂ ਨੂੰ ਦੇ ਦਿੰਦੀ। ਤੇ ਸਾਨੂੰ ਹਮੇਸ਼ਾ ਗਰੀਬ ਦਾ ਭਲਾ ਕਰਨ ਦੀ ਨਸੀਹਤ ਦਿੰਦੀ। ਜੇ ਗਲੀ ਵਿੱਚ ਕੋਈ ਸਾਮਾਨ- ਸ਼ਬਜੀ ਵੇਚਣ ਵਾਲੀ ਗਰੀਬ ਔਰਤ ਆਉਂਦੀ ਤਾਂ ਉਸ ਨੂੰ ਚਾਹ ਪਿਆਉਂਦੀ ਤੇ ਵੱਸ ਲੱਗਦਾ ਰੋਟੀ ਵੀ ਖਵਾਉਂਦੀ। ਹਰ ਗਰੀਬ ‘ਤੇ ਉਸ ਨੂੰ ਤਰਸ ਆਉਂਦਾ, ਪਤਾ ਨਹੀਂ ਉਸਨੇ ਖੁੱਦ ਗਰੀਬੀ ਹੰਢਾਈ ਸੀ!

 ਮਾਂ ਮਮਤਾ ਦੀ ਮੂਰਤ ਹੁੰਦੀ ਹੈ। ਅਕਸਰ ਕਈ ਵਾਰ ਮੈਂ ਦੇਖਦਾ ਕਿ  ਮਾਂ ਮੇਰੀਆਂ ਗਲਤੀਆਂ ਛਿਪਾਉਂਦੀ ਸੌ-ਸੌ ਝੂਠ ਵੀ ਬੋਲਦੀ। ਪਾਪਾ ਜੀ ਤੋਂ ਝਿੜਕਾਂ ਵੀ ਖਾ ਲੈਂਦੀ। ਹਰ ਵੇਲੇ ਮੈਨੂੰ ਪਾਪਾ ਜੀ ਦੇ ਗੁੱਸੇ ਤੋਂ ਬਚਾਉਂਦੀ। ਸਾਰੇ ਇਲਜ਼ਾਮ ਆਪਣੇ ਸਿਰ ਲੈ ਲੈਂਦੀ ਪਰ ਮੈਨੂੰ ਤੱਤੀ ਵਾਅ ਨਾ ਲੱਗਣ ਦਿੰਦੀ। ਜਦੋਂ ਕਦੇ ਜੇਬ੍ਹ ਖਰਚੀ ਜਾਂ ਕਿਸੇ ਮੰਗ ਤੋਂ ਇਨਕਾਰੀ ਹੋ ਜਾਂਦੀ ਤਾਂ ਮਾਂ ਆਪਣੀ ਜਿੰਮੇਵਾਰੀ ‘ਤੇ ਸੌ ਤਰ੍ਹਾਂ ਦੇ ਪਾਪੜ ਵੇਲ ਕੇ ਵੀ ਮੇਰੀ ਮੰਗ ਪੂਰੀ ਕਰਦੀ। ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨ ਤੇ ਛੋਟਿਆਂ ਨਾਲ ਪਿਆਰ ਕਰਨ ਦੀ ਨਸੀਹਤ ਦਿੰਦੀ। ਗਰੀਬ ਦਾ ਭਲਾ ਕਰਨ ਬਾਰੇ ਵੀ ਪ੍ਰਰੇਦੀ।

ਅਖੇ ਮਾਂ ਮਾਰੇ ਪਰ ਮਾਰਨ ਨਾ ਦੇਵੇ। ਇਹ ਸੁਣਿਆ ਤੇ ਸੀ ਪਰ ਇਹ ਮੇਰੇ ਖੁਦ ਨਾਲ ਵਾਪਰਿਆ। ਅਕਸਰ ਮੇਰੀ ਕਿਸੇ ਗਲਤੀ ‘ਤੇ ਮਾਂ ਮੇਰੀ ਖੂਬ ਝੰਡ ਲਾਹੁੰਦੀ। ਕਈ ਵਾਰੀ ਤਾਂ ਚੱਪਲਾਂ ਨਾਲ ਵੀ ਕੁੱਟਦੀ। ਮੇਰੇ ਰੋਣ ਦਾ ਤੇ ਚੀਕਾਂ ਦਾ ਵੀ ਮਾਂ ‘ਤੇ ਕੋਈ ਅਸਰ ਨਾ ਹੁੰਦਾ। ਪਰੰਤੂ ਇੱਕ ਦਿਨ ਮੇਰੇ ਚਾਚਾ ਜੀ ਨੇ ਮੇਰੇ ਇੱਕ ਥੱਪੜ ਜੜ੍ਹ ਦਿੱਤਾ। ਮੇਰਾ ਕੋਈ ਕਸੂਰ ਨਹੀਂ ਸੀ। ਮੇਰੀ ਮਾਂ ਤੋਂ ਇਹ ਬਰਦਾਸ਼ਤ ਨਾ ਹੋਇਆ। ਉਸਨੇ ਮੇਰੇ ਚਾਚਾ ਜੀ ਨਾਲ ਖੂਬ ਲੜਾਈ ਕੀਤੀ ਤੇ ਉਸਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾ ਕੇ ਹੀ ਦਮ ਲਿਆ। ਅਜਿਹੇ ਮੌਕਿਆਂ ‘ਤੇ ਮਾਂ ਆਪਣੀ ਮਮਤਾ ਅੱਗੇ ਬੇਵੱਸ ਹੁੰਦੀ ਹੈ।

ਸ੍ਰਿਸ਼ਟੀ ਦੇ ਵਿਕਾਸ ਦੀ ਜਿੰਮੇਵਾਰੀ ਪਰਮਾਤਮਾ ਨੇ ਔਰਤ ਨੂੰ, ਮਾਂ ਨੂੰ ਸੌਂਪੀ ਹੈ ਇਸ ਤੋਂ ਵੀ ਅੰਦਾਜਾ ਲਾਇਆ ਜਾ ਸਕਦਾਹ ਹੈ?ਕਿ ਮਾਂ ਕਿੰਨੀ ਮਹਾਨ ਹੈ ਮਾਂ ਦੁਨੀਆ ‘ਤੇ ਆਉਣ ਤੋਂ ਨੌਂ ਮਹੀਨੇ ਪਹਿਲਾਂ ਤੋਂ ਹੀ ਸਾਡੇ ਨਾਲ ਹੁੰਦੀ ਹੈ ਉਹ ਸਾਡੀ ਜਨਮਦਾਤੀ ਹੁੰਦੀ ਹੈ। ਮਾਂ ਇੱਕ ਅਸਲੀਅਤ ਹੈ, ਜਿਸਦਾ ਕੋਈ ਬਦਲ ਨਹੀਂ। ਹਰ ਪ੍ਰਾਣੀ ਦੀ ਇੱਕ ਹੀ ਜਨਮਦਾਤੀ ਮਾਂ ਹੁੰਦੀ ਹੈ। ਜਿੱਥੇ ਮਾਂ ਹੁੰਦੀ ਹੈ ਉੱਥੇ ਮਮਤਾ ਵੀ ਹੰਦੀ ਹੈ। ਦੁਨੀਆਂ ਵਿੱਚ ਸਭ ਤੋਂ ਮਿੱਠੀ ਤੇ ਉੱਤਮ ਵਸਤੂ ਮਾਂ ਦੀ ਮਮਤਾ ਹੈ। ਜਿਸਦੀ ਕਦਰ ਕਰਨਾ ਮਨੁੱਖ ਦਾ ਫਰਜ ਹੈ।

ਕੋਟਲੀ ਅਬਲੂ। 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top