Breaking News

ਥਰਮਲ ਮਾਮਲਾ : ਸੜਕ ਜਾਮ ਕਰਨ ‘ਤੇ ਆਗੂਆਂ ਖਿਲਾਫ਼ ਕੇਸ ਦਰਜ

ਅਸ਼ੋਕ ਵਰਮਾ, ਬਠਿੰਡਾ

ਬੀਤੇ ਕੱਲ੍ਹ ਸੜਕ ਜਾਮ ਕਰਨ ਦੇ ਮਾਮਲੇ ‘ਚ ਬਠਿੰਡਾ ਪੁਲਿਸ ਨੇ ਥਰਮਲ ਮੁਲਾਜ਼ਮਾਂ ਤੇ ਉਨ੍ਹਾਂ ਦੀ ਹਮਾਇਤ ‘ਤੇ ਆਈਆਂ ਭਰਾਤਰੀ ਧਿਰਾਂ ਖਿਲਾਫ ਹਾਈਵੇਅ ਐਕਟ ਤਹਿਤ ਪੁਲਿਸ ਕੇਸ ਦਰਜ ਕੀਤਾ ਹੈ ਬਹਾਨਾ ਚਾਹੇ ਕੌਮੀ ਸੜਕ ਮਾਰਗ ਰੋਕਣ ਦਾ ਬਣਾਇਆ ਗਿਆ ਹੈ ਪਰ ਸੰਘਰਸ਼ੀ ਧਿਰਾਂ ਇਸ ਨੂੰ ਥਰਮਲ ਮੁੱਦੇ ‘ਤੇ ਚੱਲ ਰਹੇ ਪੱਕੇ ਮੋਰਚੇ ਨੂੰ ਤਾਰਪੀਡੋ ਕਰਨ ਵਜੋਂ ਦੇਖ ਰਹੀਆਂ ਹਨ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਐਫ ਆਈ ਆਰ ਨੰਬਰ 15,ਧਾਰਾ 283,341 ,431 ਅਤੇ 8ਬੀ ਹਾਈਵੇਅ ਐਕਟ 1956 ਤਹਿਤ 11 ਵਿਅਕਤੀਆਂ ਨੂੰ ਨਾਮਜ਼ਦ ਅਤੇ 100-150 ਅਣਪਛਾਤੇ ਪੁਰਸ਼ਾਂ ਤੇ ਔਰਤਾਂ ਖਿਲਾਫ ਦਰਜ ਕੀਤੀ ਗਈ ਹੈ

ਸਹਾਇਕ ਥਾਣਦਾਰ ਕ੍ਰਿਸ਼ਨ ਲਾਲ ਦੇ ਬਿਆਨਾਂ ‘ਤੇ ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ, ਵਿਜੇ ਕੁਮਾਰ ਤੇ ਇਕਬਾਲ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ ਵਰਿੰਦਰ ਸਿੰਘ, ਅਧਿਆਪਕ ਆਗੂ ਦੀਦਾਰ ਸਿੰਘ ਮੁੱਦਕੀ ਤੇ ਅਪਰਅਪਾਰ ਸਿੰਘ, ਖੇਤ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਆਗੂ ਅਸ਼ਵਨੀ ਘੁੱਦਾ, ਥਰਮਲ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਅਤੇ ਪ੍ਰਕਾਸ਼ ਸਿੰਘ ਪਾਸ਼ਾ ਪੁਲਿਸ ਕੇਸ ‘ਚ ਨਾਮਜ਼ਦ ਕੀਤੇ ਹਨ

ਦੂਜੇ ਪਾਸੇ ਸੰਘਰਸ਼ੀ ਧਿਰਾਂ ਨੇ ਬਠਿੰਡਾ ਪੁਲਿਸ ਦੀ ਚੁਣੌਤੀ ਦਾ ਸਖ਼ਤ ਲਫਜ਼ਾਂ  ‘ਚ ਜੁਆਬ ਦਿੰਦਿਆਂ ਆਖਿਆ ਕਿ ਸੜਕਾਂ ਲੋਕ ਨਹੀਂ ਸਗੋਂ ਸਰਕਾਰ ਰੋਕਣ ਲਈ ਮਜ਼ਬੂਰ ਕਰਦੀ ਹੈ ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਦਾ ਕਹਿਣਾ ਹੈ ਕਿ ਸੜਕਾਂ ਤਾਂ ਕਿਸੇ ਮੰਤਰੀ ਤੇ ਮੁੱਖ ਮੰਤਰੀ ਦੇ ਆਉਣ ‘ਤੇ ਪੁਲਿਸ ਰੋਕਦੀ ਹੈ ਕੀ ਉਦੋਂ ਹਾਈਵੇਅ ਐਕਟ ਤਹਿਤ ਕੇਸ ਦਰਜ ਕੀਤੇ ਜਾਂਦੇ ਹਨ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ  ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨੁਸਰਾਲੀ , ਲੋਕ ਸੰਗਰਾਮ ਮੰਚ ਦੀ ਆਗੂ ਸੁਖਵਿੰਦਰ ਕੌਰ , ਇਨਕਲਾਬੀ ਲੋਕ ਮੋਰਚਾ ਦੇ  ਪ੍ਰਧਾਨ ਬਲਵੰਤ ਸਿੰਘ ਮਹਿਰਾਜ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਕੇਸ ਰੱਦ ਨਾ ਕੀਤਾ ਤਾਂ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਜਾਏਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top