ਯੂਥ ਕਾਂਗਰਸੀਆਂ ਦੀ ਭਿੜਤ ‘ਚ ਤਿੰਨ ਫੱਟੜ

0
Three,  Killed , Youth Congress

ਮੇਰੇ ਨਹੀਂ, ਦਿਲਪ੍ਰੀਤ ਅਤੇ ਸੁਖਵਿੰਦਰ ਨਾਲ ਭਿੜਿਆ ਹੈ ਕਾਂਗਰਸੀ ਕੌਂਸਲਰ: ਚੀਕੂ

ਇੰਦਰਜੀਤ ਚੀਕੂ ਤੇ ਉਸ ਦੇ ਸਾਥੀਆਂ ਨੇ ਮੇਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ: ਭੰਦੋਹਲ

ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਬੀਤੇ ਦਿਨ ਯੂਥ ਕਾਂਗਰਸੀਆਂ ਦੇ ਦੋ ਧੜੇ ਆਪਸ ਵਿੱਚ ਭਿੜਨ ਕਾਰਨ ਤਿੰਨ ਜਣੇ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਨਾਭਾ ਯੂਥ ਕਾਂਗਰਸ ਦੀਆਂ ਚੋਣਾਂ ਪਹਿਲਾਂ 6 ਦਸੰਬਰ ਨੂੰ ਹੋਣੀਆਂ ਸਨ ਪਰੰਤੂ ਨਾਭਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਇੰਦਰਜੀਤ ਚੀਕੂ ‘ਤੇ ਇਨ੍ਹਾਂ ਚੋਣਾਂ ਵਿੱਚ ਬੂਥ ਕੈਪਚਰਿੰਗ ਦੇ ਕਥਿਤ ਦੋਸ਼ ਲੱਗਣ ਕਾਰਨ ਇਨ੍ਹਾਂ ਚੋਣਾਂ ਦਾ ਨਤੀਜਾ ਰੋਕ ਲਿਆ ਗਿਆ ਅਤੇ ਚੋਣ ਲਟਕ ਗਈ ਸੀ।

ਬਾਅਦ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਕੀਤੀ ਕਾਰਵਾਈ ਕਾਰਨ ਸਾਬਕਾ ਯੂਥ ਕਾਂਗਰਸ ਪ੍ਰਧਾਨ ਇੰਦਰਜੀਤ ਚੀਕੂ ਨੂੰ ਅਯੋਗ ਘੋਸ਼ਿਤ ਕਰਕੇ ਚੋਣ ਲੜਨ ‘ਤੇ ਰੋਕ ਲਾ ਦਿੱਤੀ ਗਈ। ਬੀਤੇ ਦਿਨ ਕਾਂਗਰਸ ਹਾਈਕਮਾਂਡ ਵੱਲੋਂ ਨਾਭਾ ਹਲਕੇ ਦੀਆਂ ਇਹ ਚੋਣਾਂ ਆਨਲਾਇਨ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਯੂਥ ਕਾਂਗਰਸ ਦੀ ਇਹ ਚੋਣ ਬੀਤੇ ਦਿਨ ਆਨਲਾਇਨ ਪੱਧਰ ‘ਤੇ ਹੋ ਰਹੀ ਸੀ। ਇਸੇ ਦੌਰਾਨ ਯੂਥ ਕਾਂਗਰਸੀਆਂ ਦੇ ਇੱਕ ਧੜੇ ਨੇ ਰੋਟਰੀ ਕਲੱਬ ਨਾਭਾ ਵਿਖੇ ਇਕੱਤਰਤਾ ਰੱਖੀ ਹੋਈ ਸੀ।

ਬੀਤੇ ਦਿਨ ਵਾਪਰੀ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਂਗਰਸੀ ਕੌਂਸਲਰ ਯਸ਼ਪ੍ਰੀਤ ਸਿੰਘ ਭੰਦੋਹਲ ਨੇ ਦੱਸਿਆ ਕਿ ਜਦੋਂ ਉਹ ਰੋਟਰੀ ਕਲੱਬ ਪੁੱਜੇ ਤਾਂ ਅਚਾਨਕ ਹੀ ਸਾਬਕਾ ਯੂਥ ਪ੍ਰਧਾਨ ਇੰਦਰਜੀਤ ਚੀਕੂ ਅਤੇ ਉਸ ਦੇ ਸਾਥੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨਾਲ ਗਏ ਗੁਰਵਿੰਦਰ ਸਿੰਘ ਨਾਮੀ ਨੌਜਵਾਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਧੜੇ ਦੇ ਆਗੂਆਂ ਨੇ ਉਸ ‘ਤੇ ਵੀ ਹਮਲਾ ਕਰਕੇ ਫੱਟੜ ਕਰ ਦਿੱਤਾ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਦਾਖਲ ਹੈ। ਕਾਂਗਰਸੀ ਕੌਂਸਲਰ ਨੇ ਯਸ਼ਪ੍ਰੀਤ ਭੰਦੋਹਲ ਨੇ ਦੱਸਿਆ ਕਿ ਸਾਬਕਾ ਯੂਥ ਕਾਂਗਰਸ ਪ੍ਰਧਾਨ ਚੀਕੂ ਨੂੰ ਇਹ ਖਦਸ਼ਾ ਹੈ ਕਿ ਉਸ ਦੀ ਚੋਣ ਲੜਨ ‘ਤੇ ਰੋਕ ਲਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਮੈਂ ਸ਼ਿਕਾਇਤ ਕੀਤੀ ਸੀ ।

ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਗਾਲੀ-ਗਲੋਚ ਕੀਤੀ

ਜਿਸ ਕਾਰਨ ਚੀਕੂ ਨੇ ਮੇਰੇ ਨਾਲ ਲੜਾਈ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ। ਦੂਜੇ ਪਾਸੇ ਕੈਬਨਿਟ ਮੰਤਰੀ ਦੇ ਅਤਿ ਨਜਦੀਕੀ ਗਿਣੇ ਜਾਂਦੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਇੰਦਰਜੀਤ ਚੀਕੂ ਨੇ ਕਾਂਗਰਸੀ ਕੌਂਸਲਰ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਮੇਰੀ ਭੰਦੋਹਲ ਨਾਲ ਕੋਈ ਦੁਸ਼ਮਣੀ ਨਹੀਂ ਹੈ ਬਲਕਿ ਭੰਦੋਹਲ ਨੇ ਰੋਟਰੀ ਕਲੱਬ ਆ ਕੇ ਮਾਹੌਲ ਖਰਾਬ ਕਰਨਾ ਸ਼ੁਰੂ ਕੀਤਾ ਅਤੇ ਗਾਲੀ-ਗਲੋਚ ਕੀਤੀ। ਇਸ ਤੋਂ ਬਾਦ ਇੰਕਾਂ ਕੌਂਸਲਰ ਭੰਦੋਹਲ ਦੀ ਦਿਲਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਨਾਮੀ ਯੂਥ ਵਰਕਰਾਂ ਨਾਲ ਲੜਾਈ ਹੋਈ ਹੈ ਜਿਸ ਵਿੱਚ ਦੋਨੋਂ ਆਗੂਆਂ ਦੇ ਸੱਟਾਂ ਲੱਗੀਆਂ ਹਨ ਅਤੇ ਮੌਜੂਦਾ ਸਮੇਂ ਉਹ ਜੇਰੇ ਇਲਾਜ ਸਿਵਲ ਹਸਪਤਾਲ ਵਿਖੇ ਦਾਖਲ ਹਨ। ਕਾਂਗਰਸੀਆਂ ਦੀ ਭਿੜਤ ਸੰਬੰਧੀ ਕੋਤਵਾਲੀ ਪੁਲਿਸ ਦੇ ਇੰਚਾਰਜ਼ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਦੋਨੋਂ ਧਿਰਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਅਗਲੇਰੀ ਕਾਰਵਾਈ ਦੋਨੋਂ ਧਿਰਾਂ ਦੇ ਦਿੱਤੇ ਬਿਆਨਾਂ ਦੇ ਆਧਾਰ ‘ਤੇ ਹੀ ਕੀਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।