ਸਮਾਂ ਉਡੀਕ ਨਹੀਂ ਕਰਦਾ,ਆਪਣਾ ਸਹਾਰਾ ਆਪ ਬਣੋ

ਸਮਾਂ ਉਡੀਕ ਨਹੀਂ ਕਰਦਾ,ਆਪਣਾ ਸਹਾਰਾ ਆਪ ਬਣੋ

ਬਚਪਨ ਤੋਂ ਦਾਦੀ ਮਾਂ ਕੋਲੋਂ ਸੁਣਦਾ ਆ ਰਿਹਾ ਹਾਂ ਕਿ ਜ਼ਿੰਦਗੀ ਦਾ ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਹਮੇਸ਼ਾ ਹੌਲੀ ਚਾਲੇ ਤੇ ਖੁਦ ਉੱਤੇ ਨਿਰਭਰ ਹੋ ਚੱਲਦਾ ਹੈ। ਇਨਸਾਨ ਕਠਪੁਤਲੀ ਵਾਂਗ ਹੈ ਜੋ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹਰ ਇੱਕ ਉੱਤੇ ਨਿਰਭਰ ਵੀ ਰਹਿੰਦਾ ਹੈ। ਮੈਂ ਉਸ ਵਕਤ ਬੜੇ ਧਿਆਨ ਨਾਲ ਇਹ ਗੱਲ ਸੁਣੀ। ਸੋਚ-ਵਿਚਾਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਇੱਥੇ ਸਭ ਸੱਚ ਹੈ। ਵਕਤ ਮਜ਼ਬੂਰ ਸੀ ਸਭ ਕੁਝ ਖੋਹ ਵੀ ਸਕਦਾ ਸੀ ਤੇ ਨਹੀਂ ਵੀ। ਕੁਦਰਤੀ ਆਫਤਾਂ ਦਾ ਦੌਰਾ ਤਾਂ ਸ਼ੁਰੂ ਤੋਂ ਹੀ ਸੀ ਪਰ ਇੱਥੇ ਕੁਝ ਵਕਤ ਦੀ ਵੀ ਹਿੱਲ-ਜੁਲ ਸੀ ਜਿਸ ਕਰਕੇ ਕੁਝ ਸਮਾਂ ਬੀਤ ਜਾਣ ਮਗਰੋਂ ਮੇਰੀ ਕਿਸਮਤ ਦਾ ਅਫਸਾਨਾ ਵਕਤ ਹੀ ਨਾਲ ਲੈ ਗਿਆ। ਉਸ ਵਕਤ ਮੈਂ ਕੁਝ ਵੀ ਨਹੀਂ ਕਰ ਸਕਿਆ। ਮਾਤਾ-ਪਿਤਾ ਜੀ ਦੇ ਦੂਰ ਜਾਣ ਦਾ ਅਫਸੋਸ ਰਿਹਾ।

ਜ਼ਿੰਦਗੀ ਕੇਵਲ ਹੱਸ-ਖੇਡ ਨਾਲ ਨਹੀਂ ਬਣੀ, ਇਹ ਹਰ ਪਹਿਲੂ ਦੇ ਆਧਾਰ ’ਤੇ ਬਣੀ ਹੈ। ਕੁਦਰਤ ਦੇ ਰੰਗ ਨਾਲ, ਜ਼ਿੰਦਗੀ ਦੇ ਭੰਗ ਨਾਲ ਤੇ ਸਬਰ-ਸੰਤੋਖ ਦੇ ਦਮ ’ਤੇ ਪੇਸ਼ ਹੁੰਦੀ ਦਿਖਾਈ ਦਿੰਦੀ ਹੈ। ਇਨਸਾਨ ਜਾਣਦਾ ਹੈ ਕਿ ਮੇਰੀ ਮੌਤ ਨਿਸ਼ਚਿਤ ਹੈ। ਮੌਤ ਕਦੇ ਵੀ ਆ ਸਕਦੀ ਹੈ ਤੇ ਕਦੇ ਵੀ ਬੁਲਾ ਸਕਦੀ ਹੈ। ਮੇਰੀ ਦਾਦੀ ਮਾਂ ਵੀ ਕੁਝ ਸਮਾਂ ਠਹਿਰਨ ਮਗਰੋਂ ਵਿਛੋੜਾ ਦੇ ਗਏ। ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਮੈਂ ਆਪਣੇ-ਆਪ ਵਿੱਚ ਇਕੱਲਾਪਣ ਮਹਿਸੂਸ ਕਰਨ ਲੱਗ ਪਿਆ ਸੀ। ਹੌਲੀ-ਹੌਲੀ ਵਕਤ ਨੇ ਹੀ ਮੇਰੀ ਜ਼ਿੰਦਗੀ ਦੀ ਕਿਤਾਬ ਭਰ ਦਿੱਤੀ। ਮੈਨੂੰ ਮੇਰੀ ਮੰਜਿਲ ਵੱਲ ਤੁਰਨ ਲਈ ਪ੍ਰੇਰਿਆ। ਮੈਂ ਖੁਸ਼ ਵੀ ਹੋਇਆ ਤੇ ਬਹੁਤ ਦੁਖੀ ਵੀ ਕਿਉਂਕਿ ਉਸ ਵਕਤ ਮੇਰੇ ਆਪਣੇ ਨਹੀਂ ਸਨ।

ਚਾਨਣ ਵਿੱਚ ਮੈਂ ਖੂਬ ਤੁਰਿਆ। ਤੁਰਦਾ-ਤੁਰਦਾ ਹਰ ਕੁਦਰਤ ਦੇ ਰੰਗ ਨੂੰ ਵੇਖਿਆ। ਕੁਦਰਤ ਦੇ ਰੰਗ ਨਾਲ ਬਾ-ਕਮਾਲ ਪੇਸ਼ ਆਇਆ। ਜਦੋਂ ਫੁੱਲਾਂ ਦੀ ਖੁਸ਼ਬੋ ਲੈਣੀ ਤਾਂ ਮੈਂ ਵੱਖਰੀ ਹੀ ਦੁਨੀਆ ਵਿੱਚ ਗੁਆਚ ਜਾਣਾ। ਸਫਰ ਨੇ ਮੈਨੂੰ ਦਿਸ਼ਾ ਬਾਰੇ ਦੱਸਿਆ। ਜਿੰਦਗੀ ਨੇ ਮੈਨੂੰ ਰਾਹ ਦਿੱਤੇ। ਮੰਜਿਲ ਉਤਾਂਹ ਵੱਲ ਸੀ ਤੇ ਮੈਨੂੰ ਪੈਰ ਉਤਾਂਹ ਵੱਲ ਦੇ ਹੀ ਦਿੱਤੇ। ਜਿੰਦਗੀ ਨੇ ਜਿੱਥੇ ਮੇਰੇ ਨਾਲ ਧੋਖਾ ਕੀਤਾ ਸੀ, ਉੱਥੇ ਮੇਰਾ ਸਾਥ ਵੀ ਦਿੱਤਾ। ਜਦੋਂ ਇਨਸਾਨ ਹਰ ਕਦਮ ਤੇ ਹਰ ਕੀਤੇ ਆਪਣੇ ਫੈਸਲੇ ਤੋਂ ਹਾਰਦਾ ਹੈ ਤਾਂ ਉਹ ਆਪਣਾ ਆਤਮ-ਵਿਸ਼ਵਾਸ ਗੁਆ ਬੈਠਦਾ ਹੈ। ਇਨਸਾਨ ਨੂੰ ਖੁਦ ਉੱਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ।

ਸੁਪਨਿਆਂ ਦੀ ਦੁਨੀਆ ਤੋਂ ਵੱਖ ਹੋ ਕੇ ਮੈਂ ਸਾਰੀ ਦੁਨੀਆ ਦੇ ਚੱਕਰ ਲਾਏ। ਮੈਨੂੰ ਮੇਰੀ ਮੰਜਿਲ ਦੀ ਕਹਾਣੀ ਯਾਦ ਆਈ। ਜਦੋਂ ਮੈਂ ਘਰ ਤੋਂ ਤੁਰਿਆ ਸੀ ਉਸ ਵਕਤ ਸਿਰਫ ਦੋ ਸੌ ਰੁਪਏ ਨਕਦੀ ਸੀ। ਮੈਂ ਥੋੜ੍ਹਾ ਡਰਿਆ ਹੋਇਆ ਸੀ। ਮੈਂ ਦੁਨੀਆ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਸਫਰ ਥੋੜ੍ਹਾ ਤੈਅ ਕੀਤਾ ਤਾਂ ਮੈਂ ਪੰਜਾਬ ਦੇ ਨਿੱਕੇ ਕਸਬਿਆਂ ਵਿੱਚ ਜਾ ਪਹੁੰਚਿਆ। ਗਰੀਬ ਦਾ ਹਾਲ ਵੇਖ ਮੈਂ ਉਸ ਵਕਤ ਰੋਅ ਪਿਆ। ਜ਼ਿੰਦਗੀ ਵਿੱਚ ਇੰਨਾ ਸਾਰਾ ਦੁੱਖ ਝੱਲਣਾ ਪੈਂਦਾ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ।

ਵਕਤ ਦੀ ਮਾਰ ਬਹੁਤ ਬੁਰੀ ਹੈ। ਗਰੀਬ ਇਨਸਾਨ ਦਾ ਬੱਚਾ ਬਿਨਾਂ ਕੱਪੜੇ ਦੇ ਰਹਿੰਦਾ ਵੇਖਿਆ ਤੇ ਨੰਗੇ ਪੈਰੀਂ ਮਿੱਟੀ ਵਿੱਚ ਖੇਡ ਖੇਡਦੇ… ਕੋਈ ਫਰਕ ਨਹੀਂ ਦਿਸਿਆ। ਗਰੀਬ ਦਰਦਾਂ ਦਾ ਹਾਲ ਸਮਝਦਾ ਹੈ। ਇੱਕ ਮਾਂ ਆਪਣੇ ਬੱਚੇ ਨੂੰ ਛਾਵੇਂ ਪਾ ਕੇ ਖੁਦ ਧੁੱਪ ਵਿੱਚ ਇੱਟਾਂ ਚੁੱਕਦੀ ਵੇਖੀ ਤੇ ਉਸ ਉੱਤੇ ਜੋ ਜ਼ੋਰ ਪੈ ਰਿਹਾ ਹੈ ਉਹ ਉਸ ਦੀ ਮਿਹਨਤ ਹੈ। ਹੁਣ ਆਪਣੇ ਬੱਚੇ ਦਾ ਮਾਂ ਢਿੱਡ ਕੁਝ ਇਸ ਤਰ੍ਹਾਂ ਕੰਮ ਕਰ ਭਰਦੀ ਹੈ। ਮਾਂ ਦੀ ਮਮਤਾ ਕਦੇ ਵੀ ਨਹੀਂ ਖਤਮ ਹੋ ਸਕਦੀ। ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਦਿੰਦੀ ਹੈ।

ਜ਼ਿੰਦਗੀ ਨੂੰ ਵੇਖ ਮੈਂ ਜਿਉਂਦਾ ਰਿਹਾ। ਹਰ ਘੜੀ ਆਪਣੀ ਚਾਲ ਨਾਲ ਇੱਕੋਸਾਰ ਚੱਲਦੀ ਹੈ। ਜਿਉਂਦੇ ਰਹਿਣ ਲਈ ਰੋਟੀ ਦਾ ਹੋਣਾ ਜ਼ਰੂਰੀ ਹੈ। ਇਸ ਲਈ ਮੈਂ ਉਹਨਾਂ ਵਿੱਚ ਰਹਿ ਕੇ ਮਿਹਨਤ ਵੀ ਕੀਤੀ। ਮੈਂ ਆਪਣੇ ਯਕੀਨ ਨੂੰ ਹੋਰ ਮਜ਼ਬੂਤ ਕੀਤਾ। ਮੈਂ ਨਵੀਂ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾ ਸੀ ਜਿਸ ਨਾਲ ਮੇਰਾ ਅਤੀਤ ਮੈਨੂੰ ਖੁਸ਼ ਦੇਖੇਗਾ ਕਿ ਮੈਂ ਸਮਝਦਾਰ ਤੇ ਕੰਮ ਕਰਨ ਦੇ ਕਾਬਿਲ ਹੋ ਗਿਆ। ਹਮੇਸ਼ਾ ਮੈਂ ਰੋਂਦਾ ਹੁੰਦਾ ਸੀ ਕਿ ਮੈਂ ਆਪਣੀ ਜ਼ਿੰਦਗੀ ਹੋਰ ਨਹੀਂ ਜੀਅ ਸਕਦਾ। ਹੌਲੀ-ਹੌਲੀ ਵਕਤ ਨੇ ਹੀ ਮੈਨੂੰ ਰਾਸਤਾ ਦਿਖਾ ਦਿੱਤਾ।

ਕੱਚੇ ਰਾਹਵਾਂ ਦੇ ਖੱਡਿਆਂ ਨੂੰ ਦੇਖ ਮੈਂ ਇਹ ਸੋਚਦਾ ਸੀ ਕਿ ਗਰੀਬੀ ਇੱਥੇ ਵੀ ਬਹੁਤ ਜ਼ਿਆਦਾ ਹੈ ਪਰ ਇਹ ਸਭ ਸੱਚ ਨਹੀਂ ਸੀ। ਮੈਨੂੰ ਸੁਣਨ ਵਿੱਚ ਆਇਆ ਕਿ ਇੱਥੇ ਸਰਕਾਰ ਦੇ ਰਾਜ ਹਨ। ਜਿਨ੍ਹਾਂ ਕਰਕੇ ਕਦੇ ਪੱਕੀਆਂ ਸੜਕਾਂ ਬਣੀਆਂ ਹੀ ਨਹੀਂ। ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਵੀ ਮਹਿਸੂਸ ਹੋਈ ਪਰ ਮੈਂ ਕਿਸ ਨੂੰ ਬਿਆਨ ਕਰ ਸਕਦਾ ਸੀ, ਮੇਰੀ ਤਾਂ ਕੋਈ ਗੱਲ ਸੁਣਨ ਵਾਲਾ ਵੀ ਨਹੀਂ ਸੀ। ਹਮੇਸ਼ਾ ਆਪਣੀ ਹੀ ਦੁਨੀਆ ਵਿੱਚ ਗੁਆਚਿਆ ਰਹਿੰਦਾ ਸੀ। ਮੁਸਾਫ਼ਿਰ ਮੇਰੇ ਕੋਲੋਂ ਰਾਹ ਪੁੱਛਦੇ ਤਾਂ ਮੈਂ ਪਾਸਾ ਵੱਟ ਕੇ ਆਪਣੇ ਰਾਹ ਵੱਲ ਵਧ ਜਾਂਦਾ ਸੀ। ਇੱਥੇ ਜੇ ਤੁਸੀਂ ਭਲਾ ਕਰ ਰਹੇ ਹੋ ਤਾਂ ਦੂਜਾ ਤੁਹਾਨੂੰ ਗਲਤ ਹੀ ਸਮਝੇਗਾ।

ਇਸ ਦਾ ਅਹਿਸਾਸ ਮੈਨੂੰ ਉਸ ਵਕਤ ਹੋਇਆ ਜਦੋਂ ਮੇਰੇ ਕੋਲ ਖਾਣ ਨੂੰ ਕੁਝ ਨਹੀਂ ਸੀ ਤੇ ਨਾ ਰਹਿਣ ਨੂੰ ਛੱਤ। ਹਰ ਚੱਲਦੇ-ਫਿਰਦੇ ਮੁਸਾਫਿਰ ਤੋਂ ਰਾਹ ਪੁੱਛਿਆ ਪਰ ਕਿਸੇ ਨੇ ਵੀ ਨਹੀਂ ਦੱਸਿਆ। ਕੋਈ-ਕੋਈ ਤਾਂ ਮੈਨੂੰ ਗਲਤ ਕਹਿ ਹੀ ਅੱਗੇ ਲੰਘ ਜਾਂਦਾ ਸੀ। ਇਸ ਤੋਂ ਮੈਂ ਸਿੱਖ ਲਿਆ ਖੁਦ ਦੀ ਜਿੰਦਗੀ ਨੂੰ ਕਾਇਮ ਰੱਖਣਾ ਹੈ। ਮੈਂ ਵਕਤ ਨਾਲ ਚੱਲ ਪਿਆ। ਮੰਜਿਲ ਮੇਰੇ ਕਦਮ ਰੋਕਣ ਲਈ ਨਹੀਂ ਕਹਿੰਦੀ ਸੀ। ਉਹ ਤਾਂ ਨਾਲ ਤੁਰਦੀ ਸੀ। ਦੁੱਖਾਂ ਦਾ ਘਰ ਉਹ ਹੈ ਜਿੱਥੇ ਕਦਰ ਨਹੀਂ ਹੁੰਦੀ ਜਾਂ ਫਿਰ ਇੱਕ ਪਤੀ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਹੈ।

ਅੱਜ ਦੇ ਵਕਤ ਇੱਕ ਪਤਨੀ ਆਪਣੇ ਪਤੀ ਦਾ ਗੁੱਸਾ ਸਹਿਣ ਕਰ ਲੈਂਦੀ ਹੈ ਕਿਉਂਕਿ ਉਸ ਨੂੰ ਆਦਤ ਪੈ ਚੁੱਕੀ ਹੁੰਦੀ ਹੈ ਪਰ ਇਸ ਦਾ ਅਸਰ ਛੋਟੇ ਬੱਚਿਆਂ ’ਤੇ ਜਰੂਰ ਪੈਂਦਾ ਹੈ। ਜਿਸ ਕਰਕੇ ਉਹ ਵੱਡੇ ਹੋ ਕੇ ਕਦਰ ਨਹੀਂ ਪਾਉਂਦੇ। ਜੋ ਗਲਤੀ ਸ਼ੁਰੂ ਵਿੱਚ ਪਿਤਾ ਨੇ ਕੀਤੀ ਹੁੰਦੀ ਹੈ ਉਸ ਗਲਤੀ ਦਾ ਅਹਿਸਾਸ ਆਉਣ ਵਾਲੀ ਪੀੜ੍ਹੀ ਤੋਂ ਪਤਾ ਚੱਲਦਾ ਹੈ। ਜ਼ਿੰਦਗੀ ਨੂੰ ਗਲ ਲਾ ਕੇ ਚੱਲੋ ਜਿਸ ਨਾਲ ਕਦੇ ਵੀ ਕੋਈ ਦੁੱਖ ਨਹੀਂ ਆਵੇਗਾ ਤੇ ਨਾ ਕਦੇ ਝਗੜੇ ਹੋਣਗੇ। ਹਿਸਾਬ ਨਾਲ ਰਹਿਣ-ਸਹਿਣ ਹੀ ਤੁਹਾਨੂੰ ਤੁਹਾਡੇ ਵਿਸ਼ਵਾਸ ਨੂੰ ਕਾਇਮ ਰੱਖ ਸਕਦਾ ਹੈ।

ਉਮਰ ਮੇਰੀ ਵਧਦੀ ਹੀ ਜਾ ਰਹੀ ਸੀ। ਮੈਂ ਨਿੱਕੀ ਉਮਰ ਤੋਂ ਹੀ ਘੁੰਮਦਾ-ਫਿਰਦਾ ਰਿਹਾ ਸੀ। ਤੁਰਨਾ ਮੇਰੀ ਜਿੰਦਗੀ ਦਾ ਅਹਿਮ ਪਹਿਲੂ ਸੀ। ਵਕਤ ਮੇਰੀ ਜਾਨ ਹੈ, ਜਿਸ ਨੇ ਮੈਨੂੰ ਨਵੀਂ ਜਿੰਦਗੀ ਦਿੱਤੀ। ਮੇਰਾ ਸਫਰ ਇੱਥੇ ਹੀ ਨਹੀਂ ਮੁੱਕਿਆ ਇਹ ਹੋਰ ਵੀ ਤੁਰਨ ਦੀ ਕੋਸ਼ਿਸ਼ ਕਰੇਗਾ। ਮੈਂ ਆਪਣੇ ਸੁਪਨਿਆਂ ਨਾਲ ਨਹੀਂ ਚੱਲਿਆ, ਮੈਨੂੰ ਚਲਾਉਣ ਵਾਲਾ ਵਕਤ ਹੈ। ਮੈਂ ਕਿਸੇ ਉੱਤੇ ਨਿਰਭਰ ਵੀ ਨਹੀਂ ਰਿਹਾ ਕਿਉਂਕਿ ਵਕਤ ਕਦੇ ਵੀ ਹਾਲ ਨਹੀਂ ਪੁੱਛਦਾ। ਜ਼ਿੰਦਗੀ ਨੂੰ ਲੋੜ ਹੈ ਸਿਰਫ ਖੁਦ ਦੇ ਸਹਾਰੇ ਦੀ ਜਿਸ ਨਾਲ ਇੱਕ ਤਕਲੀਫ ਤੇ ਮੁੱਕ ਜਾਵਣ ਵਾਲੀ ਜਿੰਦਗੀ ਬਿਲਕੁਲ ਮੁਫਤ ਮਿਲੇਗੀ। ਸਹਾਰਾ ਦੂਜੇ ਦਾ ਭਾਲਣ ਦਾ ਮਤਲਬ ਹੈ ਆਪਣੇ ਗਲ ਵਿੱਚ ਅੰਗੂਠਾ ਦੇਣਾ।
ਜੀਰਕਪੁਰ, ਚੰਡੀਗੜ੍ਹ
ਮੋ. 76268-18016
ਗੌਰਵ ਧੀਮਾਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here