ਵਕਤ ਕਦੇ ਬੇਵਕਤ ਨਹੀਂ ਹੁੰਦਾ

ਵਕਤ ਕਦੇ ਬੇਵਕਤ ਨਹੀਂ ਹੁੰਦਾ

ਲਗਭਗ ਮਹੀਨੇ ਭਰ ਤੋਂ ਪੰਜਾਬ ਦੀ ਫਿਜਾ ’ਚ ਉਦਾਸੀ ਹੈ। ਲੋਕਾਂ ਦੇ ਦਿਲਾਂ ’ਚ ਚਿੰਤਾ ਤੇ ਚਿਹਰਿਆਂ ’ਤੇ ਦੁੱਖ ਦੀਆਂ ਲਕੀਰਾਂ ਉੱਕਰੀਆਂ ਨਜ਼ਰੀਂ ਪੈਂਦੀਆਂ ਹਨ। ਕੁਝ ਘਟਨਾਵਾਂ ਨੇ ਰੂਹ ਨੂੰ ਧੁਰ ਅੰਦਰ ਤੱਕ ਝੰਜੋੜਿਆ। ਸਿੱਧੂ ਮੂਸੇਵਾਲਾ ਦੇ ਹੋਏ ਦਰਦਨਾਕ ਕਤਲੇ ਨੇ ਵਿਰਲਾਪ ਦਾ ਮਾਹੌਲ ਸਿਰਜਿਆ। ਮਾਂ ਦੇ ਕੀਰਨਿਆਂ ਤੇ ਬਾਪੂ ਦੇ ਸਿਰ ਤੋਂ ਲਾਹ ਕੇ ਹੱਥ ਵਿਚ ਫੜੀ ਪੱਗ ਨੇ ਪੂਰੇ ਜਗਤ ਦਾ ਦਿਲ ਪਸੀਜਿਆ। ਇਕੱਲੀਆਂ ਅੱਖਾਂ ਹੀ ਨਹੀਂ ਰੋਈਆਂ ਬਲਕਿ ਲੋਕਾਂ ਦਾ ਮਨ ਵੀ ਭਰ ਆਇਆ ।

ਆਪਣਿਆਂ ਦੇ ਨਾਲ-ਨਾਲ ਬੇਗਾਨਿਆਂ ਨੇ ਵੀ ਹੰਝੂ ਵਹਾਏ। ਸਾਰੀ ਦੁਨੀਆਂ ਨੇ ਅੰਤਾਂ ਦੇ ਕਹਿਰ ਨੂੰ ਵੰਡਣ ਦੀ ਵਾਹ ਲਾਈ। ਹਰ ਘਰ ਤੇ ਹਰ ਜੀਅ ਮੂਸੇਵਾਲਾ ਦੇ ਜਲਦੀ ਜਾਣ ਦਾ ਮਲਾਲ ਦਿਲ ’ਚ ਪਾਲੀ ਬੈਠਾ ਹੈ। ਬੱਚਿਆਂ ਤੇ ਨੌਜਵਾਨਾਂ ਲਈ ਚਹੇਤੇ ਕਲਾਕਾਰ ਦਾ ਵਿਛੋੜਾ ਅਸਹਿ ਹੈ ਜਦਕਿ ਬਜ਼ੁਰਗਾਂ ਨੂੰ ਇਕਲੌਤੇ ਪੁੱਤ ਦੇ ਬੇਰੁੱਤੇ ਤੁਰ ਜਾਣ ਦਾ ਝੋਰਾ ਹੈ।

ਭਾਵੇਂ ਕਾਫੀ ਸਮਾਂ ਬੀਤ ਗਿਆ ਹੈ ਪਰ ਵਿਛੋੜੇ ਦੀ ਚੀਸ ਹਾਲੇ ਵੀ ਜਾਰੀ ਹੈ। ਇਸ ਭਾਵਨਾਤਮਕ ਮਾਹੌਲ ਵਿਚ ਮੇਰੇ ਇੱਕ ਮਿੱਤਰ ਦਾ ਦਰਦ ਵੀ ਛਲਕਿਆ । ਉਸਨੇ ਵੈਰਾਗਮਈ ਅੰਦਾਜ਼ ’ਚ ਕਿਹਾ ਕਿ ਮਾਂ-ਪਿਓ ਲਈ ਇਸ ਅਭਾਗੀ ਘਟਨਾ ਦੀ ਪੀੜ ਬਹੁਤ ਦੁਖਦਾਇਕ ਹੈ ਤੇ ਚਿੰਤਾਮੁਖੀ ਪੁੱਛਿਆ ਕਿ ਹੁਣ ਕੀ ਹੱਲ ਹੋ ਸਕਦਾ? ਪ੍ਰਸ਼ਨ ਭਾਵੇਂ ਸਿੱਧਾ, ਸਪੱਸ਼ਟ ਤੇ ਛੋਟਾ ਸੀ ਪਰ ਇਸ ਦੇ ਭਾਵ ਅਰਥ ਬੜੇ ਡੂੰਘੇ ਅਤੇ ਜ਼ਜ਼ਬਾਤੀ ਕਰਨ ਵਾਲੇ ਸਨ । ਜਵਾਬ ਤਲਾਸ਼ ਹੀ ਰਿਹਾ ਸਾਂ ਕਿ ਬਿਲਕੁਲ ਇਸੇ ਤਰ੍ਹਾਂ ਦੀ ਬਚਪਨ ਵਿੱਚ ਘਟੀ ਇੱਕ ਅਨਹੋਣੀ ਘਟਨਾ ਚੇਤੇ ਆ ਗਈ।

ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਪਿੰਡ ਦੇ ਮਾਸਟਰ ਸਰਦਾਰ ਪਿੱਲੂ ਸਿੰਘ ਦਾ ਹੱਸਦਾ- ਖੇਡਦਾ ਪਰਿਵਾਰ ਉਸ ਵਕਤ ਸਦਮੇ ਹੇਠ ਆ ਗਿਆ ਜਦ ਇੱਕ ਸ਼ਾਮ ਸੜਕੀ ਹਾਦਸੇ ਵਿੱਚ ਉਹਨਾਂ ਦੇ ਪੁੱਤਰ ਦੀ ਦਰਦਨਾਕ ਮੌਤ ਹੋ ਗਈ। ਇਕਲੌਤਾ ਮੁੰਡਾ ਜਹਾਨੋਂ ਚਲਾ ਗਿਆ। ਘਰ ਦੀ ਦਹਿਲੀਜ਼ ਸੁੰਨੀ ਹੋ ਗਈ ।

ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ । ਮਿਲਾਪੜੇ, ਸਿੱਧੇ ਅਤੇ ਨਿੱਘੇ ਸੁਭਾਅ ਸਦਕਾ ਮਾਸਟਰ ਜੀ ਦਾ ਪੂਰੇ ਪਿੰਡ ਵਿਚ ਸਨੇਹ ਸੀ। ਲਿਹਾਜਾ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਸਭ ਪਾਸੇ ਚੁੱਪ ਤੇ ਦੁੱਖ ਸੀ। ਇੰਜ ਜਾਪਿਆ ਜਿਵੇਂ ਪੂਰਾ ਪਿੰਡ ਇੱਕ ਪਰਿਵਾਰ ਬਣ ਗਿਆ ਹੋਵੇ, ਜੋ ਆਪਣੇ ਕਰੀਬੀ ਦੇ ਵਿੱਛੜਨ ਦਾ ਗਮ ਹੰਢਾ ਰਿਹਾ ਸੀ। ਸੱਥਾਂ ਦੀਆਂ ਰੌਣਕਾਂ ਕਈ ਦਿਨ ਗਾਇਬ ਰਹੀਆਂ। ਪਿੰਡ ਦੇ ਕਈ ਸਾਂਝੇ ਸਮਾਗਮ ਰੱਦ ਕੀਤੇ ਗਏ।

ਮੇਰੇ ਮਨ ’ਤੇ ਵੀ ਇਸ ਬੇਵਕਤੀ ਮੌਤ ਦਾ ਖੌਫ ਸੀ ਜੋ ਚਿਹਰੇ ਤੋਂ ਸਪੱਸ਼ਟ ਝਲਕਦਾ ਸੀ। ਮਨ ਨੂੰ ਹਲਕਾ ਕਰਦਿਆਂ ਮੈਂ ਆਪਣੇ ਪਿਤਾ ਜੀ ਤੋਂ ਪੁੱਛਿਆ, ਕਿ ਹੁਣ ਕੀ ਹੋ ਸਕਦਾ ਹੈ? ਮਾਸਟਰ ਜੀ ਦੇ ਪਰਿਵਾਰ ਨਾਲ ਤਾਂ ਬਹੁਤ ਮਾੜਾ ਭਾਣਾ ਵਰਤ ਗਿਆ ਹੈ। ਪਿਤਾ ਜੀ ਮੇਰੇ ਮਨ ਦੀ ਸਥਿਤੀ ਤੋਂ ਸ਼ਾਇਦ ਪਹਿਲਾਂ ਤੋਂ ਹੀ ਜਾਣੂੰ ਸਨ ਤੇ ਲੱਗਾ ਜਿਵੇਂ ਸਿਰਫ ਮੇਰੇ ਪੁੱਛਣ ਦੀ ਹੀ ਉਡੀਕ ਕਰ ਰਹੇ ਸਨ। ਉਹਨਾਂ ਦੇ ਕਹੇ ਸ਼ਬਦ ਮੇਰੀ ਰੂਹ ’ਚ ਹੂਬਹੂ ਬੋਲਦੇ ਨੇ ਜੋ ਅੱਜ ਦੇ ਹਾਲਾਤਾਂ ਵਿੱਚ ਵੀ ਦਿਲ ਨੂੰ ਠਾਰਦੇ ਤੇ ਰੂਹਾਨੀਅਤ ਦਿੰਦੇ ਹਨ।

ਯਾਦ ਹੈ ਜਦ ਉਹਨਾਂ ਨੇ ਕੋਲ ਬਿਠਾ ਬੜੇ ਪਿਆਰ ਨਾਲ ਮੈਨੂੰ ਕਿਹਾ ਸੀ, ਅਸਹਿ ਦੁੱਖਾਂ ਅਤੇ ਦਰਦਾਂ ਦੀ ਮਰਜ਼ ਤਾਂ ਵਕਤ ਹੀ ਹੈ, ਪੁੱਤਰਾ । ‘ਜਿਨ੍ਹਾਂ ਰੋਗਾਂ ਦਾ ਕੋਈ ਇਲਾਜ ਨਹੀਂ, ਉਨ੍ਹਾਂ ਦੀ ਚਾਰਾਜੋਈ ਵੀ ਵਕਤ ਹੀ ਕਰਦਾ ਹੈ। ਵਕਤ ਹੀ ਮੱਲ੍ਹਮ ਹੈ ਡੂੰਘੇ ਤੇ ਗਹਿਰੇ ਜ਼ਖ਼ਮਾਂ ਲਈ। ਇਹ ਸਮਾਂ ਹੀ ਹੁੰਦਾ ਹੈ ਜੋ ਅੱਲੇ ਜ਼ਖ਼ਮਾਂ ’ਤੇ ਪਹਿਲਾਂ ਖਰੀਂਡ ਲਿਆਉਂਦਾ ਹੈ ਤੇ ਫਿਰ ਉਸ ਨੂੰ ਸੁਕਾ ਕੇ ਹਲਕੀ ਜਿਹੀ ਮਾਸ ਦੀ ਪਰਤ ਚੜ੍ਹਾ, ਭਰ ਦਿੰਦਾ ਹੈ।’

ਖੁਸ਼ੀ-ਗਮੀ, ਚਿੰਤਾ-ਪ੍ਰੇਸ਼ਾਨੀ, ਪਿਆਰ-ਮੁਹੱਬਤ, ਦੁੱਖ-ਸੁੱਖ, ਮਿਲਾਪ-ਵਿਛੋੜਾ, ਈਰਖਾ, ਸਾੜਾ, ਨਫਰਤ, ਚੈਨ ਤੇ ਸਕੂਨ ਆਦਿ ਇਹ ਸਭ ਮਨ ਦੀਆਂ ਤਰੰਗਾਂ ਨੇ ਜੋ ਇਸ ਨੂੰ ਪਲ-ਪਲ ਨਵਾਂ ਰੂਪ ਦਿੰਦੀਆਂ ਹਨ। ਮਨ ਬੜਾ ਚੰਚਲ ਹੈ ਤੇ ਇਹ ਕਦੇ ਵੀ ਬਹੁਤਾ ਚਿਰ ਇੱਕ ਤਰੰਗ ਜਾਂ ਇੱਕ ਰੂਪ ਵਿਚ ਵਾਸ ਨਹੀਂ ਕਰਦਾ। ਘੜੀ-ਦਰ-ਘੜੀ ਤਰੰਗਾਂ ’ਚ ਤਬਦੀਲੀ ਆਉਣ ਸਦਕਾ ਮਨ ਦੇ ਰੂਪ ਬਦਲਦੇ ਹਨ। ਇਹੀ ਕਾਰਨ ਹੈ ਕਿ ਬਹੁਤੀ ਖੁਸ਼ੀ ਤੇ ਹਾਸਿਆਂ ਬਾਅਦ ਮਨ ’ਚ ਉਦਾਸੀ ਪਨਪਦੀ ਹੈ ਤੇ ਗਮ, ਦੁੱਖ ਤੇ ਪਰੇਸ਼ਾਨੀਆਂ ਤੋਂ ਘਬਰਾ ਕੇ ਇਹ ਸਬਰ, ਸੰਤੋਖ ਤੇ ਸਕੂਨ ਦੀਆਂ ਲਹਿਰਾਂ ਵਿਚ ਪ੍ਰਵੇਸ਼ ਕਰਦਾ ਹੈ। ਸ਼ਾਇਦ ਇਸੇ ਨੂੰ ਹੀ ਧੀਰਜ ਬੰਨ੍ਹਣਾ ਜਾਂ ਭਾਣਾ ਮੰਨਣ ਦਾ ਨਾਂਅ ਦਿੱਤਾ ਜਾਂਦਾ ਹੈ।

ਵਕਤ ਕਦੇ ਬੇਵਕਤ ਵੀ ਨਹੀਂ ਹੁੰਦਾ। ਬਲਕਿ ਇਹ ਮਸਤ ਹਾਥੀ ਦੀ ਤਰ੍ਹਾਂ ਆਪਣੀ ਚਾਲੇ ਚੱਲਦਾ ਹੈ। ਇਸ ਲਈ ਨਾ ਕੋਈ ਆਪਣਾ ਹੈ ਤੇ ਨਾ ਬੇਗਾਨਾ। ਇਹ ਨਾ ਕਦੇ ਕਿਸੇ ਲਈ ਭੱਜਦਾ ਹੈ ਤੇ ਨਾ ਹੀ ਰੁਕਦਾ ਜਾਂ ਠਹਿਰਦਾ ਹੈ। ਉਂਝ ਖੁਸ਼ੀਆਂ ’ਚ ਇਸ ਦੇ ਘੋੜੇ ਦੀ ਤਰ੍ਹਾਂ ਦੌੜਨ ਤੇ ਦੁੱਖਾਂ ’ਚ ਨਾ ਬੀਤਣ ਦਾ ਝੋਰਾ ਹਰ ਕਿਸੇ ਨੂੰ ਸਤਾਉਂਦਾ ਹੈ।

  • ਇਹ ਵਕਤ, ਸਮਾਂ, ਘੜੀਆਂ ਤੇ ਪਲ,
  • ਬਦਲਦੇ ਨੇ ਪਲ-ਪਲ ਤੇ ਹਰ ਪਲ ।
  • ਤੂੰ ਸਬਰ ਰੱਖ ਗਮਾਂ ਦੇ ਹੰਝੂ,
  • ਖੁਸ਼ੀਆਂ ’ਚ ਬਦਲਣਗੇ ਕੱਲ੍ਹ।
  • ਜ਼ਹਿਰ ਦੇ ਵੇਗ ’ਚ ਹੈ, ਜੋ ਪੌਣ ਅੱਜ,
  • ਭਲਕੇ ਪਰਤੇਗੀ ਮੁਹੱਬਤ ਲੈ ਤੇਰੇ ਵੱਲ।
  • ਮੰਨਿਆ ਕਿ ਦਰਦਾਂ ਦਾ ਦੌਰ ਹੈ ਤੇਰਾ,
  • ਓੜਕ ਵਕਤ ਨਾਲ ਹੀ ਨਿੱਕਲੇਗਾ ਹੱਲ।

ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ
ਮੋ. 94641-97487
ਕੇ. ਮਨੀਵਿਨਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ