ਸਰਕਾਰ ਨੂੰ ਸੇਕ ਪਹੁੰਚਾਉਣ ਲਈ ਕਿਸਾਨਾਂ ਨੇ ਪਾਇਆ ਮੁੱਖ ਮੰਤਰੀ ਦੀ ਫੋਟੋ ਵਾਲੇ ਬੋਰਡਾਂ ਨੂੰ ਹੱਥ

0
103

ਬਠਿੰਡਾ ਤੋਂ ਕੀਤੀ ਫਲੈਕਸ ਬੋਰਡ ਪਾੜਨ ਦੀ ਸ਼ੁਰੂਆਤ, ਪੰਜਾਬ ਭਰ ’ਚ ਪਾੜੇ ਜਾਣਗੇ ਬੋਰਡ

ਬਠਿੰਡਾ (ਸੁਖਜੀਤ ਮਾਨ) ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਸਮੇਤ ਹੋਰ ਫਸਲਾਂ ਦਾ ਮੁਆਵਜ਼ਾ ਲੈਣ ਲਈ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਦਿਨ-ਰਾਤ ਦਾ ਧਰਨਾ ਲਗਾ ਕੇ ਬੈਠੇ ਕਿਸਾਨ ਹੁਣ ਨਿੱਤ ਨਵਾਂ ਸੰਘਰਸ਼ ਕਰਕੇ ਸਰਕਾਰ ਨੂੰ ਸੇਕ ਪਹੁੰਚਾਉਣਗੇ । ਇਸ ਸੰਘਰਸ਼ ਦੇ ਤੀਜੇ ਦਿਨ ਅੱਜ ਕਿਸਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਵਾਲੇ ਫਲੈਕਸ ਬੋਰਡਾਂ ਨੂੰ ਹੱਥ ਪਾ ਲਿਆ। ਰੋਹ ’ਚ ਆਏ ਕਿਸਾਨਾਂ ਨੇ ਬਠਿੰਡਾ ਬੱਸ ਅੱਡੇ ਦੇ ਨੇੜਲੇ ਬੋਰਡ ਪਾੜ ਦਿੱਤੇ ਬੱਸ ਅੱਡੇ ’ਚ ਖੜੀਆਂ ਬੱਸਾਂ ਦੇ ਪਿੱਛੇ ਜੋ ਫਲੈਕਸਾਂ ਲੱਗੀਆਂ ਸੀ ਉਨਾਂ ’ਤੇ ਕਾਲੇ ਤੇਲ ਨਾਲ ਪੋਚੇ ਫੇਰ ਦਿੱਤੇ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਹੋਰ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਸਿਰਫ ਦਾਅਵੇ ਹੀ ਕਰ ਰਹੀ ਹੈ ਜਦੋਂਕਿ ਹਕੀਕਤ ’ਚ ਕਿਸੇ ਵੀ ਵਰਗ ਨੂੰ ਕੋਈ ਰਾਹਤ ਨਹੀਂ ਮਿਲੀ। ਉਨਾਂ ਕਿਹਾ ਕਿ ਬੋਰਡਾਂ ’ਤੇ ਮੋਟੇ ਅੱਖਰਾਂ ’ਚ ਲਿਖਿਆ ਹੋਇਆ ਹੈ ‘ਘਰ-ਘਰ ਚੱਲੀ ਗੱਲ, ਚੰਨੀ ਕਰਦੈ ਹਰ ਮਸਲੇ ਦਾ ਹੱਲ’ ਪਰ ਮਸਲੇ ਜਿਉਂ ਦੇ ਤਿਉਂ ਖੜੇ ਹਨ ਕਿਉਂਕਿ ਜੇ ਮਸਲੇ ਹੱਲ ਹੋਏ ਹੁੰਦੇ ਤਾਂ ਸੈਂਕੜੇ ਕਿਸਾਨਾਂ ਨੂੰ ਬਠਿੰਡਾ ਦਾ ਮਿੰਨੀ ਸਕੱਤਰੇਤ ਨਾ ਘੇਰਨਾ ਪੈਂਦਾ।

ਰੋਹ ’ਚ ਆਏ ਕਿਸਾਨਾਂ ਨੇ ਕਿਹਾ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਜਿੰਨੇ ਦਿਨ ਸੰਘਰਸ਼ ਚੱਲਿਆ ਹਰ ਦਿਨ ਸੰਘਰਸ਼ ਨੂੰ ਨਵਾਂ ਰੂਪ ਦੇ ਕੇ ਸਰਕਾਰ ਖਿਲਾਫ਼ ਵੱਖਰੇ ਢੰਗਾਂ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਸੰਘਰਸ਼ ਦਾ ਸੇਕ ਸਰਕਾਰ ਤੱਕ ਪੁੱਜ ਸਕੇ। ਆਗੂਆਂ ਨੇ ਇਹ ਵੀ ਦੱਸਿਆ ਕਿ ਫਲੈਕਸ ਬੋਰਡ ਪਾੜਨ ਦੀ ਸ਼ੁਰੂਆਤ ਅੱਜ ਬਠਿੰਡਾ ਤੋਂ ਕਰ ਦਿੱਤੀ ਹੈ ਤੇ ਪੰਜਾਬ ਭਰ ’ਚ ਜਿੱਥੇ ਕਿਤੇ ਵੀ ਬੱਸਾਂ, ਕੰਧਾਂ ਜਾਂ ਹੋਰ ਥਾਵਾਂ ’ਤੇ ਅਜਿਹੇ ਬੋਰਡ ਲੱਗੇ ਹੋਏ ਸਾਰਿਆਂ ਨੂੰ ਪਾੜਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ