ਚੇਤਿਆਂ ‘ਚੋਂ ਕਿਰਦੇ ਜਾ ਰਹੇ ਸ਼ਬਦਾਂ ਦੀ ਸੰਭਾਲ ਕਰ ਰਿਹੈ ‘ਅੱਜ ਦਾ ਸ਼ਬਦ’

0

ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਜਾਣਕਾਰੀ ‘ਚ ਮਿਲ ਰਹੀ ਹੈ ਮੱਦਦ

ਮਾਨਸਾ , (ਸੁਖਜੀਤ ਮਾਨ) ਪੰਜਾਬ ਸਕੂਲ ਸਿੱਖਿਆ ਵਿਭਾਗ ਨਵੇਂ ਦਿਸਹੱਦਿਆਂ ਵੱਲ ਵਧ ਰਿਹਾ ਹੈ ਪਿਛਲੇ ਕੁਝ ਸਮੇਂ ਦੌਰਾਨ ਜਿੱਥੇ ਸਕੂਲਾਂ ਦੀ ਨੁਹਾਰ ਬਦਲੀ ਹੈ ਉੱਥੇ ਪੜ੍ਹਾਈ ਦੇ ਪੱਧਰ ਵਿੱਚ ਜ਼ਿਕਰਯੋਗ ਵਿਕਾਸ ਹੋਇਆ ਹੈ ਇਸੇ ਕੜੀ ਤਹਿਤ ਵਿਭਾਗ ਵੱਲੋਂ ਚਲਾਈ ਜਾ ਰਹੀ ਅੱਜ ਦਾ ਸ਼ਬਦ ਮੁਹਿੰਮ ਬਹੁਤ ਵੀ ਕਾਬਲੇ ਤਾਰੀਫ਼ ਸਾਬਤ ਹੋ ਰਹੀ ਹੈ

ਡਾ. ਦਵਿੰਦਰ ਬੋਹਾ ਕੁਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਅੱਜ ਦਾ ਸ਼ਬਦ’ ਬੜੀ ਸਾਰਥਕ ਮੁਹਿੰਮ ਹੈ ਇਹ ਮੁਹਿੰਮ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਲੋੜ ਵਿੱਚੋਂ ਉਪਜੀ ਹੈ ਇਸ ਮੁਹਿੰਮ ਰਾਹੀਂ ਜਿੱਥੇ ਸਾਡੇ ਚੇਤਿਆਂ ਚੋਂ ਕਿਰਦੇ ਜਾ ਰਹੇ ਪੰਜਾਬੀ ਦੇ ਵਡਮੁੱਲੇ ਸ਼ਬਦਾਂ ਨੂੰ ਸੰਭਾਲਿਆ ਜਾ ਰਿਹਾ ਹੈ ਉੱਥੇ ਇਨ੍ਹਾਂ ਦੇ ਸਹੀ ਅਰਥਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਸਿੱਖਿਆ ਵਿਭਾਗ ਵੱਲੋਂ ਅਜਿਹਾ ਕਾਰਜ ਇੱਕ ਇਤਿਹਾਸਕ ਕਾਰਜ ਹੈ ਜੋ ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਮੀਲ ਪੱਥਰ ਸਾਬਤ ਹੋਵੇਗਾ

ਕੰਵਰ ਚੌਹਾਨ ਯਾਦਗਾਰੀ ਨਵ-ਪ੍ਰਤਿਭਾ ਗ਼ਜ਼ਲ ਪੁਰਸਕਾਰ ਪ੍ਰਾਪਤ ਉੱਘੇ ਗ਼ਜ਼ਲਗੋ ਅਤੇ ਅੱਜ ਦੇ ਸ਼ਬਦ ਪੰਜਾਬੀ ਦੇ ਟੀਮ ਮੈਂਬਰ ਮਨਜੀਤ ਪੁਰੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸ਼ਲਾਘਾਯੋਗ ਕਾਰਜ ਕੀਤੇ ਗਏ ਇਨ੍ਹਾਂ ਕਾਰਜਾਂ ਵਿੱਚੋਂ ਹੀ ਇੱਕ ਅਹਿਮ ਕਾਰਜ ਹੈ ਪੰਜਾਬੀ ਭਾਸ਼ਾ ਦੇ ਉਨ੍ਹਾਂ ਸ਼ਬਦਾਂ ਦੀ ਸਾਂਭ ਸੰਭਾਲ ਕਰਨੀ ਜਿਹੜੇ ਸ਼ਬਦ ਭੁੱਲੇ ਜਾ ਰਹੇ ਹਨ ਜਾਂ ਕੁਝ ਅਜਿਹੇ ਸ਼ਬਦ ਜੋ ਵਿਦਿਆਰਥੀਆਂ ਦੇ ਪਾਠਕ੍ਰਮ ਦਾ ਹਿੱਸਾ ਹਨ

ਸਕੂਲੀ ਪੱਧਰ ‘ਤੇ ਪੜ੍ਹਨ ਪੜ੍ਹਾਉਣ ਦੀ ਪ੍ਰਕਿਰਿਆ ਦੌਰਾਨ ਅਨੇਕਾਂ ਸ਼ਬਦ ਅਜਿਹੇ ਸਾਹਮਣੇ ਆਉਂਦੇ ਹਨ , ਜਿਨ੍ਹਾਂ ਦੇ ਸਹੀ- ਸਹੀ ਅਰਥਾਂ ਜਾਂ ਸਰੋਤ ਬਾਰੇ ਜਾਣਕਾਰੀ ਅਧੂਰੀ ਹੈ ਇਸ ਅਧੂਰੀ ਜਾਣਕਾਰੀ ਕਰਕੇ ਸਮਝਣ ਸਮਝਾਉਣ ਦੀ ਪ੍ਰਕਿਰਿਆ ਵਿੱਚ ਦਿੱਕਤ ਪੇਸ਼ ਆ ਜਾਂਦੀ ਹੈ ਇਸ ਦੇ ਹੱਲ ਲਈ ਵਿਭਾਗ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਭਾਸ਼ਾ ਮਾਹਿਰ ਅਧਿਆਪਕਾਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ ਅਤੇ ‘ਅੱਜ ਦਾ ਸ਼ਬਦ’ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ

ਅੱਜ ਦਾ ਸ਼ਬਦ ਪੰਜਾਬੀ ਦੇ ਟੀਮ ਮੈਂਬਰ ਅਤੇ ਸਟੇਟ ਰਿਸੋਰਸ ਪਰਸਨ ਪੰਜਾਬੀ ਬਲਵਿੰਦਰ ਸਿੰਘ ਬੁਢਲਾਡਾ, ਪੰਜਾਬੀ ਮਾਸਟਰ , ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ, ਜ਼ਿਲ੍ਹਾ ਮਾਨਸਾ ਨੇ ਕਿਹਾ ਕਿ ਕਲਮ ਨਾਲ ਉਕਰੇ ਸ਼ਬਦਾਂ ਵਿੱਚ ਅਜਿਹੀ ਸ਼ਕਤੀ ਹੁੰਦੀ ਹੈ ,ਜੋ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ ਇਸ ਲਈ ਸ਼ਬਦਾਂ ਦੇ ਅਰਥਾਂ ਦੀ ਸਮਝ ਨੂੰ ਸਮਝਣਾ ਅਹਿਮ ਹੈ ਅਜੋਕੇ ਦੌਰ ਵਿੱਚ ਪੰਜਾਬੀ ਸ਼ਬਦਾਂ ਨੂੰ ਸੰਭਾਲਣਾ ਅਤੇ ਉਸਨੂੰ ਵਰਤਮਾਨ ਅਤੇ ਅਗਲੇਰੀ ਪੀੜ੍ਹੀ ਤੱਕ ਸੰਚਾਰਤ ਕਰਨਾ ਸਮੇਂ ਦੀ ਲੋੜ ਹੈ

ਸਿੱਖਿਆ ਵਿਭਾਗ ਪੰਜਾਬ ਨੇ ‘ਅੱਜ ਦਾ ਸ਼ਬਦ’ ਪੰਜਾਬੀ ਮੁਹਿੰਮ ਰਾਹੀਂ ਪੰਜਾਬ ਦੇ ਵਿਦਿਆਰਥੀਆਂ ਨੂੰ ਸ਼ਬਦਾਂ ਦੇ ਅਰਥਾਂ ਤੋਂ ਜਾਣੂ ਕਰਵਾ ਕੇ ਉਹਨਾਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਕਰਨ ਦਾ ਸਾਰਥਕ ਕਾਰਜ ਕੀਤਾ ਹੈ ਇਸ ਮੁਹਿੰਮ ਨੇ ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ

ਉੱਘੇ ਕਵੀ ਅਤੇ ਅੱਜ ਦਾ ਸ਼ਬਦ ਪੰਜਾਬੀ ਦੇ ਟੀਮ ਮੈਂਬਰ ਡਾ. ਸੰਦੀਪ ਸ਼ਰਮਾ ਲੈਕਚਰਾਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਡਾਣੀ ਕਲਾਂ (ਲੁਧਿਆਣਾ) ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਅੱਜ ਦਾ ਸ਼ਬਦ’ ਮੁਹਿੰਮ ਦੇ ਰੂਪ ਵਿੱਚ ਪੰਜਾਬੀ ਜ਼ੁਬਾਨ ਦੇ ਬੋਲਚਾਲ ਦੀ ਭਾਸ਼ਾ ‘ਚੋਂ ਮਨਫੀ ਹੁੰਦੇ ਜਾ ਰਹੇ ਸ਼ਬਦਾਂ ਨੂੰ ਸਾਂਭਣ ਦਾ ਉਦਮ ਸ਼ਲਾਘਾਯੋਗ ਉਪਰਾਲਾ ਹੈ ਅਸਲ ਵਿੱਚ ਇਕ ਸ਼ਬਦ ਆਪਣੇ ਅੰਦਰ ਇਕ ਸੰਦਰਭ ਸਮੇਟੀ ਬੈਠਾ ਹੁੰਦਾ ਹੈ

ਅਜਿਹੇ ਸ਼ਬਦ ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਅਨੇਕਾਂ ਵਿਸਥਾਰ ਵੀ ਵਿਦਿਆਰਥੀਆਂ ਤੱਕ ਪਹੁੰਚਾਉਂਦੇ ਹਨ ਪਿਛਲੇ ਵਰ੍ਹੇ ਸਮੁੱਚੇ ਸਕੂਲਾਂ ਨੇ ‘ਅੱਜ ਦਾ ਸ਼ਬਦ’ ਮੁਹਿੰਮ ਪ੍ਰਤੀ ਪੂਰਾ ਉਤਸ਼ਾਹ ਦਿਖਾਇਆ, ਇਸ ਵਰ੍ਹੇ ਹੋਰ ਵੀ ਚੰਗੇ ਰੁਝਾਨ ਪ੍ਰਾਪਤ ਹੋਣ ਦੀ ਉਮੀਦ ਹੈ

ਸਟੇਟ ਅਵਾਰਡੀ ਅਤੇ ਉੱਘੇ ਰੰਗਕਰਮੀ ਡਾ. ਜਗਦੀਪ ਸੰਧੂ ਨੇ ਕਿਹਾ ਕਿ ਸ਼ਬਦ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਜੋ ਸਾਡੇ ਅੰਦਰ ਲਿਆਕਤ ਅਤੇ ਡੂੰਘੇਰੀ ਸਮਝ ਪੈਦਾ ਕਰਦਾ ਹੈ ਵਰਤਮਾਨ ਦੌਰ ਵਿੱਚ ਸੰਚਾਰ ਦੇ ਆਧੁਨਿਕ ਸਾਧਨਾਂ ਦੇ ਗਲਬੇ ਨੇ ਜਦੋਂ ਮਨੁੱਖ ਨੂੰ ਕਿਤਾਬ ਤੋਂ ਦੂਰ ਕਰ ਦਿੱਤਾ ਤਾਂ ਮਨੁੱਖ ਅਤੇ ਸ਼ਬਦ ਦੇ ਰਿਸ਼ਤੇ ਨੂੰ ਵੀ ਘਾਤ ਲੱਗੀ ਹੈ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ‘ਅੱਜ ਦਾ ਸ਼ਬਦ’ ਪੰਜਾਬੀ ਮੁਹਿੰਮ ਨੇ ਇਸ ਘਾਤ ਨੂੰ ਰੋਕਿਆ ਹੈ

ਉੱਘੇ ਰੰਗਕਰਮੀ ਸਟੇਟ ਰਿਸੋਰਸ ਪਰਸਨ ਪੰਜਾਬੀ ਹਰਜਿੰਦਰ ਸਿੰਘ, ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਜ਼ਿਲ੍ਹਾ ਫ਼ਰੀਦਕੋਟ  ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘ਅੱਜ ਦਾ ਸ਼ਬਦ’ ਮੁਹਿੰਮ ਪੰਜਾਬੀ ਮਾਂ ਬੋਲੀ ਦੇ ਪਸਾਰ ਵਿੱਚ ਵਿਲੱਖਣ ਯੋਗਦਾਨ ਪਾ ਰਹੀ ਹੈ

ਪੰਜਾਬੀ ਮਾਂ ਬੋਲੀ ਦੇ ਹਜ਼ਾਰਾਂ ਸ਼ਬਦ ਅਜਿਹੇ ਹਨ ਜੋ ਅੱਜ- ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ, ਜਿਸ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਦੇ ਸ਼ਬਦ ਭੰਡਾਰ ਵਿੱਚ ਆਪਣੀ ਮਾਂ ਬੋਲੀ ਦੀ ਸ਼ਬਦਾਵਲੀ ਅਤੇ ਠੇਠਤਾ ਦਿਨੋਂ ਦਿਨ ਘਟਦੀ ਜਾ ਰਹੀ ਹੈ ਸਿੱਖਿਆ ਵਿਭਾਗ ਵੱਲੋਂ ਭੇਜੇ ਜਾਂਦੇ ਸ਼ਬਦ ਨੂੰ ਜਿੱਥੇ ਵਿਦਿਆਰਥੀਆਂ ਨੇ ਨਵਾਂ ਸਿੱਖਣ ਦੇ ਆਸੇ ਨਾਲ਼ ਸਵੀਕਾਰ ਕੀਤਾ, ਉੱਥੇ ਅਧਿਆਪਕਾਂ ਵੱਲੋਂ ਵੀ ਇਸ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ

ਇਸ ਮੁਹਿੰਮ ਦੀ ਸਾਰਥਿਕਤਾ ਉਸ ਸਮੇਂ ਸਾਹਮਣੇ ਆਈ ਜਦੋਂ ਵੱਡੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਵੀ ਵਿਭਾਗ ਦੀ ਇਸ ਮਾਂ ਬੋਲੀ ਦੇ ਪਸਾਰ ਲਈ ਕੀਤੀ ਪਹਿਲਕਦਮੀ ਨੂੰ ਸਵੀਕਾਰ ਕੀਤਾ ਅਤੇ ਇਸ ਦੀ ਵਡਿਆਈ ਕੀਤੀ

ਪੰਜਾਬੀ ਮਾਂ ਬੋਲੀ ਨੂੰ ਹੋਰ ਅਮੀਰ ਕਰੇਗਾ ਇਹ ਉਪਰਾਲਾ

ਲੇਖਕ ਅਤੇ ਚਿੱਤਰਕਾਰ ਜਗਤਾਰ ਸਿੰਘ ਸੋਖੀ ਪੰਜਾਬੀ ਮਾਸਟਰ ਸਟੇਟ ਰਿਸੋਰਸ ਪਰਸਨ ਪੰਜਾਬੀ ਸ. ਮਿ. ਸ. ਕੱਬਰਵੱਛਾ (ਫ਼ਿਰੋਜ਼ਪੁਰ) ਨੇ ਕਿਹਾ ਕਿ ਅੱਜ ਦਾ ਸ਼ਬਦ ਪੰਜਾਬੀ ਵਿਦਿਆਰਥੀਆਂ ਦਾ ਜਿੱਥੇ ਪੰਜਾਬੀ ਮਾਂ ਬੋਲੀ ਨਾਲ਼  ਮੋਹ ਪੈਦਾ ਕਰਦਾ ਹੈ ਉੱਥੇ ਉਹਨਾਂ ਵਿੱਚ ਪੰਜਾਬੀ ਭਾਸ਼ਾ ਨੂੰ ਹੋਰ ਡੂੰਘਾਈ ਨਾਲ਼ ਸਮਝਣ ਲਈ ਪ੍ਰੇਰਿਤ ਕਰਦਾ ਹੈ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਪੰਜਾਬੀ ਬੋਲੀ ਨੂੰ ਹੋਰ ਅਮੀਰ ਕਰੇਗਾ ਪੰਜਾਬੀ ਭਾਸ਼ਾ ਦੇ ਇਹ ਸ਼ਬਦ ਇੱਕ ਅਨਮੋਲ ਖ਼ਜ਼ਾਨਾ ਹੈ ,ਜਿਸ ਨੂੰ ਸਾਂਭਣਾ ਬਹੁਤ ਜ਼ਰੂਰੀ ਸੀ ਸਮੁੱਚਾ ਪੰਜਾਬੀ ਜਗਤ ਇਸ ਲਈ ਸਿੱਖਿਆ ਵਿਭਾਗ ਦਾ ਰਿਣੀ ਰਹੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।