ਅਹਿਸਾਸ

ਅਹਿਸਾਸ

‘‘ਓਹੋ! ਉਫ ਐਨੀ ਗਰਮੀ, ਅੱਜ ਤਾਂ ਅੱਗ ਈ ਲਾਈ ਪਈ ਐ ।’’
ਖੇਤੋਂ ਆਉਣ ਸਾਰ ਸਾਈਕਲ ਨੂੰ ਕੰਧ ਨਾਲ ਲਾਉਦਿਆਂ ਸ਼ਿੰਦਰ ਦੇ ਮੂੰਹੋਂ ਆਪ-ਮੁਹਾਰੇ ਹੀ ਨਿੱਕਲ ਗਿਆ ।
‘‘ਰਣਜੀਤ ਪਾਣੀ ਲਿਆ ਪੂਰਾ ਠੰਢਾ, ਨਾਲੇ ਪੱਖਾ ਵੀ ਫੁੱਲ ਕਰਦੇ’’ ਸ਼ਿੰਦਰ ਮੰਜੇ ’ਤੇ ਬੈਠਣ ਦੀ ਬਜਾਇ ਡਿੱਗ ਈ ਪਿਆ।
‘‘ਹੁਣੇ ਆਈ ਜੀ! ਤੁਸੀਂ ਅੰਦਰ ਜਾ ਕੇ, ਏਸੀ ਛੱਡ ਲਵੋ।’’

‘‘ਏਸੀ ਕਿਹੜਾ ਕੁੱਝ ਕਰਦੈ, ਉਹ ਤਾਂ ਪੱਖੇ ਨਾਲੋਂ ਵੀ ਗਿਆ ਗੁਜ਼ਰਿਆ।’’ ਸ਼ਿੰਦਰ ਨੇ ਸਾਫੇ ਦੇ ਲੜ ਨਾਲ ਮੱਥੇ ’ਤੇ ਆਇਆ ਪਸੀਨਾ ਪੂੰਝਦਿਆਂ ਕਿਹਾ।
‘‘ਤੁਸੀਂ ਇੰਝ ਕਰੋ ਜੀ! ਇਹਨੂੰ ਵਿੱਚ ਦੇ ਕੇ ਹੋਰ ਲੈ ਆਓ ਆਏ-ਗਏ ਤੋਂ ਵੀ ਸ਼ਰਮਿੰਦਾ ਹੋਣਾ ਪੈਂਦੈ।’’ ਰਣਜੀਤ ਨੇ ਠੰਢੇ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ।

‘‘ਠੀਕ ਐ! ਮੈ ਦੋ ਘੰਟੇ ਆਰਾਮ ਕਰਕੇ ਜਾਨੈ ਸ਼ਹਿਰ…’’
ਅਜੇ ਉਸ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਪਿੰਡ ਦੇ ਧਾਰਮਿਕ ਅਸਥਾਨ ਦੇ ਸਪੀਕਰ ਤੋਂ ਆਵਾਜ ਆਈ।
‘‘ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਜੋ ਏਸੀ ਲੱਗੇ ਹੋਏ ਹਨ ਉਹਨਾਂ ਦੀ ਨਿਲਾਮੀ ਅੱਜ ਸ਼ਾਮ ਨੂੰ ਚਾਰ ਵਜੇ ਕੀਤੀ ਜਾਣੀ ਹੈ। ਕਿਉਂਕਿ ਇੱਕੇ ਕਿਸੇ ਐਨਆਰਆਈ ਵੀਰ ਨੇ ਨਵੇਂ ਏਸੀ ਦਾਨ ਕੀਤੇ ਹਨ।’’
‘‘ਲੈ ਬਈ ਰਣਜੀਤ! ਬਣ ਗਈ ਗੱਲ, ਹੁਣ ਨਿਲਾਮੀ ਵਾਲਾ ਏਸੀ ਲੈ ਲਵਾਂਗੇ।’’
‘‘ਠੀਕ ਐ ਜੀ, ਹੁਣ ਬੋਲੀ ਦੇਣ ਲੱਗੇ ਕਿਰਸ ਨਾ ਕਰਿਓ।’’ ਰਣਜੀਤ ਨੇ ਸ਼ਿੰਦਰ ਨੂੰ ਪਤੇ ਦੀ ਗੱਲ ਸਮਝਾਈ।
ਗੁਰਦੁਆਰਾ ਸਾਹਿਬ ਵਿੱਚ ਬੋਲੀ ਦੇਣ ਵਾਲਿਆਂ ਦੀ ਵਾਹਵਾ ਰੌਣਕ ਲੱਗੀ ਹੋਈ ਸੀ। ਸਾਰੇ ਚਾਹ ਦੇ ਗੱਫੇ ਛਕ ਰਹੇ ਸਨ ।

‘‘ਸੰਗਤੇ ਕੋਈ ਪੱਖਾ ਵੀ ਹੈਗਾ ਬੋਲੀ ਦੇਣ ਵਾਲਾ।’’ ਰੁਲੀਏ ਨੇ ਬਿਨਾਂ ਮੱਡਗਾਰਡਾਂ ਵਾਲੇ ਸਾਈਕਲ ਦਾ ਸਟੈਂਡ ਲਾਉਂਦਿਆਂ ਸਾਰਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ। ਮੋਹੜੀ ਵਰਗਾ ਸਾਈਕਲ, ਥਾਂ-ਥਾਂ ਤੋਂ ਫਟੇ ਰੌਸ਼ਨਦਾਨਾਂ ਵਾਲੇ ਕੱਪੜੇ ਤੇ ਸਿਰ ’ਤੇ ਬੰਨ੍ਹੇ ਮੈਲੇ ਜਿਹੇ ਸਾਫੇ ’ਚੋਂ ਅਣਵਾਹੇ ਵਾਲਾਂ ਦੀਆਂ ਜਟੂਰੀਆਂ ਝਾਕ ਰਹੀਆਂ ਸਨ।’’ ਜ਼ਿੰਦਗੀ ਨੇ ਰੁਲੀਏ ਨੂੰ ਵਾਕਿਆ ਈ ਰੋਲ ਰੱਖਿਆ ਸੀ। ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ।

‘‘ਵੀਰੋ ਹੱਸਣ ਦੀ ਗੱਲ ਨਹੀਂ, ਗਰਮੀ ਤਾਂ ਬਹੁਤ ਜ਼ਿਆਦਾ ਹੈ ਈ, ਉੁਤੋਂ ਪੁੱਤ ਦਾ ਮੱਛਰ ਵੀ ਜੁਆਕਾਂ ਨੂੰ ਤੋੜ-ਤੋੜ ਖਾਂਦੈ ਸਾਰੀ ਰਾਤ। ਮੱਛਰ ਦੇ ਲੜਨ ਕਾਰਨ ਹੋਈ ਸੋਜ ਨਾਲ ਜੁਆਕਾਂ ਦੇ ਪਿੰਡੇ ਇੰਜ ਲੱਗਦੇ ਨੇ ਜਿਵੇਂ ਖੁਰਾਕ ਖਾ ਕੇ ਮੋਟੇ-ਤਾਜੇ ਹੋਏ ਹੋਣ।’’ ਇਨ੍ਹਾਂ ਕਹਿੰਦਿਆਂ ਰੁਲੀਏ ਦੀਆਂ ਅੱਖਾਂ ਵਿੱਚੋਂ ਪਾਣੀ ਸਿੰਮ ਆਇਆ । ਉਸ ਦੀ ਤਰਸਯੋਗ ਹਾਲਤ ਸ਼ਿੰਦਰ ਤੋਂ ਦੇਖੀ ਨਾ ਗਈ ਉਹ ਉੱਠ ਕੇ ਖੜ੍ਹਾ ਹੋ ਗਿਆ ਤੇ ਰੁਲੀਏ ਨੂੰ ਨਾਲ ਆਉਣ ਦਾ ਕਹਿ ਕੇ ਘਰ ਵੱਲ ਨੂੰ ਤੁਰ ਪਿਆ।

ਘਰ ਪਹੁੰਚ ਕੇ ਉਸ ਨੇ ਆਪਣੀ ਘਰਵਾਲੀ ਨੂੰ ਪਲਾਸ ਲਿਆਉਣ ਲਈ ਕਿਹਾ ਅਤੇ ਆਪ ਇੱਕ ਲੱਕੜ ਦਾ ਸਟੂਲ ਖਿੱਚ ਕੇ ਬਰਾਂਡੇ ਵਾਲੇ ਪੱਖੇ ਹੇਠ ਕਰ ਲਿਆ ਤੇ ਰਣਜੀਤ ਹੱਥੋਂ ਪਲਾਸ ਫੜ ਕੇ ਪੱਖਾ ਲਾਹੁਣ ਲੱਗ ਪਿਆ।
‘‘ਗਰਮੀ ਬਹੁਤ ਐ, ਬਾਈ ਨੂੰ ਤੇ ਮੈਨੂੰ ਪਾਣੀ ਵੀ ਪਿਆ ਦੇ।’’
‘‘ਲਿਆਈ ਜੀ!’’ ਕਹਿ ਕੇ ਰਣਜੀਤ ਪਾਣੀ ਲੈਣ ਚਲੀ ਗਈ। ਉਸ ਦੇ ਆਉਂਦਿਆਂ ਨੂੰ ਸ਼ਿੰਦਰ ਨੇ ਪੱਖਾ ਲਾਹ ਕੇ ਥੱਲੇ ਰੱਖ ਦਿੱਤਾ। ਰੁਲੀਏ ਦੇ ਪਾਣੀ ਪੀ ਕੇ ਗਲਾਸ ਥੱਲੇ ਰੱਖਣ ਮਗਰੋਂ ਸ਼ਿੰਦਰ ਨੇ ਪੱਖਾ ਰੁਲੀਏ ਨੂੰ ਫੜਾਉਂਦਿਆਂ ਕਿਹਾ, ‘‘ਲੈ ਬਈ ਰੁਲੀਆ ਰਾਮਾ! ਤੂੰ ਤਾਂ ਦੇਹ ਬੱਚਿਆਂ ਨੂੰ ਠੰਢੀ ਵਾਅ।’’

‘‘ਕਿੰਨੇ ਪੈਸੇ ਸਰਦਾਰ ਜੀ?’’ ਰੁਲੀਏ ਨੇ ਸਤਿਕਾਰ ਨਾਲ ਹੱਥ ਜੋੜੇ ਹੋਏ ਸਨ ।
‘‘ਰੁਲੀਆ ਰਾਮਾ ਇਹ ਪੱਖਾ ਤੈਨੂੰ ਮੁੱਲ ਨ੍ਹੀਂ ਦਿੱਤਾ ਇਹ ਤਾਂ ਦਿੱਤਾ ਹੈ ਕਿ ਤੇਰੇ ਬੱਚੇ ਆਰਾਮ ਦੀ ਨੀਂਦ ਸੌਂ ਸਕਣ।’’
ਇੰਨੀ ਆਖ ਸ਼ਿੰਦਰ ਅੰਦਰ ਵੜ ਗਿਆ ਤੇ ਏਸੀ ਛੱਡ ਬੈੱਡ ’ਤੇ ਪੈ ਗਿਆ ।
ਥੋੜ੍ਹੀ ਦੇਰ ਬਾਅਦ ਉਸ ਨੇ ਰਣਜੀਤ ਨੂੰ ਆਵਾਜ ਮਾਰੀ।
‘‘ਰਣਜੀਤ ਆ ਕੇ ਦੇਖ ਆਪਣੇ ਏਸੀ ਦੀ ਕੂਲਿੰਗ ਵੀ ਬਹੁਤ ਹੈ।’’

ਜਸਵੰਤ ਰਾਊਕੇ
ਮੋ. 99887-81676

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ