ਰਵਾਇਤੀ ਖੁਰਾਕ ਅਤੇ ਤੰਦਰੁਸਤ ਸਿਹਤ

ਰਵਾਇਤੀ ਖੁਰਾਕ ਅਤੇ ਤੰਦਰੁਸਤ ਸਿਹਤ

ਮੇਰੀ ਮਾਂ ਕਾੜ੍ਹਨੀ ’ਚ ਦੁੱਧ ਹਾਰੇ ਵਿੱਚ ਗਰਮ ਰੱਖ ਦਿੰਦੀ ਤਾਂ 5 ਵਜੇ ਸ਼ਾਮ ਨੂੰ ਕਾੜ੍ਹਨੀ ਦਾ ਦੁੱਧ ਵੱਡੇ ਜੱਗ ਵਿੱਚ ਖੰਡ ਪਾ ਕੇ ਸਾਨੂੰ ਤਿੰਨੇ ਭਰਾਵਾਂ ਅਤੇ ਮੇਰੇ ਪਿਤਾ ਨੂੰ ਵੱਡੇ-ਵੱਡੇ ਕੌਲੇ ਭਰ ਕੇ ਦਿੰਦੀ। ਖਾਣ-ਪੀਣ ਮੇਰੀ ਮਾਂ ਕਰਕੇ ਖੁੱਲ੍ਹਾ ਸੀ। ਸਾਡੀ ਡੋਲੀ ਵਿੱਚ 20 ਸੇਰ ਤੱਕ ਘਿਓ ਪਿਆ ਰਹਿੰਦਾ। ਅਸੀਂ ਕਦੇ ਵੀ ਘਿਓ ਬਿਨਾਂ ਰੋਟੀ ਨਹੀਂ ਖਾਧੀ ਸੀ। ਹੱਥ ’ਤੇ ਰੋਟੀ ਉੱਤੇ ਗੁੜ ਦਾ ਵੱਡਾ ਡਲ਼ਾ ਤੇ ਨਾਲ ਘਿਓ ਦਾ ਰੁੱਗ। ਮੇਰੇ ਯਾਦ ਹੈ ਸਾਡੇ ਵੱਡੀ ਸਬਾਤ ਹੁੰਦੀ ਸੀ, ਅੱਜ ਦੇ ਦੋ ਕਮਰਿਆਂ ਜਿੱਡੀ, ਵਿੱਚ ਡੋਲੀ। ਇੱਕ ਵਾਰ ਮੇਰੇ ਵੱਡੇ ਭਰਾ ਨੇ ਬਿਜਲੀ ਵਾਲੇ ਪਲੱਗ ਵਿੱਚ ਖੁਰਚਣਾ ਫਸਾ ਦਿੱਤਾ ਤਾਂ ਉਹਨੂੰ ਕਰੰਟ ਦਾ ਝਟਕਾ ਲੱਗ ਗਿਆ ਤਾਂ ਉਹਦਾ ਡੋਲੀ ਨੂੰ ਹੱਥ ਪੈ ਗਿਆ, ਡੋਲੀ ਲੱਕੜ ਦੀ ਸੀ। ਡੋਲੀ ਟੇਢੀ ਡਿੱਗ ਪਈ ਤਾਂ ਸਾਡੀ ਸਾਰੀ ਸਬਾਤ ਵਿੱਚ ਘਿਓ ਫਿਰੇ।

ਸਵੇਰੇ ਮੇਰੀ ਮਾਂ ਤੌਲੇ ’ਚ ਜਮਾਏ ਦੁੱਧ ਨੂੰ ਰਿੜਕਣ ਤੋਂ ਪਹਿਲਾਂ ਉਹਦੇ ਵਿੱਚੋਂ 6-7 ਬਾਟੀਆਂ ਦਹੀਂ ਦੀਆਂ ਕੱਢ ਲੈਂਦੀ। ਦੁੱਧ ਮੇਰੀ ਮਾਂ ਹੱਥੀਂ ਰਿੜਕਦੀ। ਅਸੀਂ ਸਵੇਰੇ ਦਾਲ ਜਾਂ ਸਬਜ਼ੀ ਘੱਟ ਹੀ ਬਣਾਉਂਦੇ। ਰੋਟੀ, ਪਰੌਂਠੇ ਜਾਂ ਪਾਣੀ ਹੱਥ ਦੀਆਂ ਰੋਟੀਆਂ ਮੇਰੀ ਮਾਂ ਬਣਾਉਂਦੀ ਤਾਂ ਦਹੀਂ ਦੀ ਬਾਟੀ ਵਿੱਚ ਰੁੱਗ ਮੱਖਣੀ ਦਾ ਪਾ ਸਾਨੂੰ ਦੇ ਦਿੰਦੀ। ਸੌਣ ਸਮੇਂ ਅਸੀਂ ਚਾਰੇ ਦੁੱਧ ਦੇ ਵੱਡੇ ਕੌਲੇ ਰਾਤ ਨੂੰ ਪੀ ਕੇ ਸੌਂਦੇ।

ਜਦ ਕਦੇ ਸ਼ਾਮ ਨੂੰ ਮਾਂ ਸੇਵੀਆਂ ਜਾਂ ਖੀਰ ਬਣਾਉਂਦੀ ਤਾਂ ਅਸੀਂ ਕਦੇ ਰੋਟੀ ਨਹੀਂ ਖਾਧੀ ਸੀ। ਚੁੱਲ੍ਹੇ ’ਤੇ ਲੰਮਾਂ ਸਮਾਂ ਦੁੱਧ ਵਿੱਚ ਸੇਵੀਆਂ ਜਾਂ ਚੌਲ ਰਿੱਝਦੇ ਤਾਂ ਦੁੱਧ ਦਾ ਖੋਆ ਬਣ ਜਾਂਦਾ। ਅੱਜ ਦੀ ਖੋਏ ਆਲੀ ਆਈਸਕ੍ਰੀਮ ਬਣ ਜਾਂਦੀਆਂ ਸੀ ਸੇਵੀਆਂ ਅਤੇ ਖੀਰ, ਸਭ ਤੋਂ ਵੱਧ ਸੁਆਦੀ।
ਸੇਵੀਆਂ ਵੱਟਣ ਲਈ ਵਿੜ੍ਹੀ ਸਿਸਟਮ ਸੀ।

ਆਪਣੇ-ਆਪਣੇ ਤੌੜੇ ਲੈ ਔਰਤਾਂ ਇੱਕ ਘਰ ਵਿੱਚ ਇਕੱਠੀਆਂ ਹੁੰਦੀਆਂ, ਸੇਵੀਆਂ ਵੱਟਦੀਆਂ। ਅਗਲੇ ਦਿਨ ਇਹੀ ਔਰਤਾਂ ਦੂਸਰੇ ਘਰ ਹੁੰਦੀਆਂ। ਸੇਵੀਆਂ ਵੱਟਣ ਦੇ ਅੰਤ ’ਤੇ ਹਰ ਔਰਤ ਇੱਕ-ਦੋ ਚਦੌਈਏ ਜ਼ਰੂਰ ਬਣਾਉਂਦੀ। ਚਦੌਈਆ ਰੋਟੀ ਆਕਾਰ ਦਾ ਹੁੰਦਾ ਅਤੇ ਵਿੱਚ ਡਿਜ਼ਾਇਨ ਬਣਿਆ ਹੁੰਦਾ, ਖੇਤ ਵਿੱਚ ਬਣੀਆਂ ਕਿਆਰੀਆਂ ਵਾਂਗ। ਮੇਰੀ ਮਾਂ ਉਸ ਚਦੌਈਏ ਨੂੰ ਚੁੱਲ੍ਹੇ ਦੀ ਅੱਗ ’ਤੇ ਭੁੰਨ੍ਹ ਦਿੰਦੀ। ਫਿਰ ਕਿਆਰੀਆਂ ਨੂੰ ਦੇਸੀ ਘਿਓ ਅਤੇ ਗੁੜ ਨਾਲ ਭਰਿਆ ਜਾਂਦਾ। ਉਹ ਅੱਜ ਦਾ ਪੀਜਾ ਬਣ ਜਾਂਦਾ। ਯਮਲੇ ਦੀ ਤੂੰਬੀ ਵਾਂਗ ਦੋਵਾਂ ਸਿਰਿਆਂ ਤੋਂ ਫੜਕੇ ਫਿਰ ਇੱਕ ਪਾਸਿਓਂ ਖਾਣਾ ਸ਼ੁਰੂ ਕਰ ਦਿੱਤਾ ਜਾਂਦਾ। ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਚਦੌਈਏ ਖਾਧੇ ਹਨ।

ਸਾਡੇ ਚੁੱਲ੍ਹੇ ’ਤੇ ਜਦ ਕਦੇ ਸੁੱਕੀ ਸਬਜ਼ੀ ਬਣਦੀ ਯਾਨੀ ਗੋਭੀ, ਕਰੇਲੇ, ਸ਼ਿਮਲਾ ਮਿਰਚ ਜਾਂ ਭਰਵੀਂ ਟਿੰਡੋ ਤਾਂ ਪਿੱਤਲ ਦੇ ਪਤੀਲੇ ਵਿੱਚ ਆਖਰੀ ਬਚੇ ਮਸਾਲੇ ਵਿੱਚ ਮੇਰੀ ਮਾਂ ਦੋ ਰੋਟੀਆਂ ਘੁੰਮਾ ਦਿੰਦੀ। ਇਹ ਦੋਵੇਂ ਰੋਟੀਆਂ ਛੋਟਾ ਅਤੇ ਲਾਡਲਾ ਹੋਣ ਕਰਕੇ ਮੇਰੇ ਹਿੱਸੇ ਆਉਂਦੀਆਂ। ਦੁਨੀਆਂ ਦੀ ਹਰ ਗਰੇਵੀ ਤੋਂ ਸਵਾਦ ਹੁੰਦੀ ਰੋਟੀਆਂ ਨੂੰ ਲੱਗੀ ਇਹ ਗਰੇਵੀ। ਹਾਰੇ ਵਿੱਚ ਦਲੀਆ ਅਤੇ ਖਿਚੜੀ ਸਾਰੀ ਰਾਤ ਮੱਠੀ-ਮੱਠੀ ਅੱਗ ’ਤੇ ਰਿੱਝਦੀ ਰਹਿੰਦੀ। ਸਵੇਰੇ ਕੁੱਜੇ ਵਿੱਚ ਜੰਮੇ ਦਹੀਂ ਉੱਤੇ ਮੱਝ ਦੇ ਥਣਾਂ ਦੀਆਂ ਤਾਜੀਆਂ ਧਾਰਾਂ ਮਾਰਨ ਨਾਲ ਤਿਓੜ ਬਣਦਾ ਤਾਂ ਫਿਰ ਇਹ ਖਿਚੜੀ ਵਿੱਚ ਪਾ ਕੇ ਖਾਧਾ ਜਾਂਦਾ। ਰੋਗਾਂ ਨਾਲ ਲੜਨ ਦੀ ਸ਼ਕਤੀ ਇਸ ਤੋਂ ਵੱਧ ਕਿੱਥੋਂ ਮਿਲਣੀ ਹੈ।

ਮਾਤਾ-ਪਿਤਾ ਇਸ ਦੁਨੀਆਂ ਵਿੱਚ ਨਹੀਂ ਰਹੇ। ਸਾਡਾ ਹੁਣ ਵੀ ਸਾਂਝਾ ਪਰਿਵਾਰ ਹੈ। ਮੇਰੀ ਭਰਜਾਈ ਰਵਾਇਤੀ ਖਾਣਿਆਂ ਦੀ ਗਵਾਹ ਵੀ ਰਹੀ ਹੈ ਅਤੇ ਬਣਾਉਂਦੀ ਵੀ ਰਹੀ ਹੈ। ਇਹ ਖਾਣੇ ਅੱਜ ਵੀ ਸਾਡੇ ਘਰ ਬਣਦੇ ਹਨ ਭਾਵੇਂ ਮਾਤਾ ਵੇਲੇ ਨਾਲੋਂ ਘੱਟ। ਘਰੇ ਤੰਦੂਰ ਹੈ, ਚੁੱਲ੍ਹਾ ਹੈ ਅਤੇ ਹਾਰਾ ਵੀ। ਖਿਚੜੀ, ਦਲੀਆ ਬਣਦਾ, ਚੁੱਲ੍ਹੇ ’ਤੇ ਸਾਗ ਵੀ ਬਣਦਾ। ਐਤਵਾਰ ਨੂੰ ਤੰਦੂਰੀ ਪਰੌਂਠੇ ਵੀ ਬਣਦੇ ਹਨ ਯਾਨੀ ਪਾਣੀ ਹੱਥੀਆਂ ਰੋਟੀਆਂ, ਨਾਲ ਦਹੀਂ, ਮੱਖਣ ਅਤੇ ਲੱਸੀ ਦਾ ਵੱਡਾ ਗਲਾਸ। ਇਹ ਖੁਰਾਕ ਮੈਨੂੰ 48 ਦਾ ਹੋ ਕੇ 48 ਦਾ ਹੋਣ ਨ੍ਹੀਂ ਦਿੰਦੀ। ਸਮੇਂ ਦਾ ਐਸਾ ਦੌਰ ਚੱਲਿਆ ਕਿ ਰਵਾਇਤੀ ਖਾਣਿਆਂ ਨੂੰ ਜੰਕ ਫੂਡ ਨਿਗਲ ਗਿਆ।

ਡੋਲੀ ਦੀ ਥਾਂ ਫਰਿੱਜ ਨੇ ਲੈ ਲਈ। ਡੋਲੀ ਵਿੱਚ ਬਿਮਾਰੀਆਂ ਤੋਂ ਬਚਾਉਣ ਦੀਆਂ ਚੀਜ਼ਾਂ ਸਨ ਪਰ ਫਰਿੱਜ ਬਿਮਾਰੀਆਂ ਦਾ ਘਰ ਬਣ ਗਈ। ਖਿਚੜੀ, ਦਲੀਏ, ਖੀਰ, ਸੇਵੀਆਂ, ਚਦੌਈਏ, ਪਾਣੀ ਹੱਥੀਆਂ ਰੋਟੀਆਂ ਆਦਿ ਕਦੋਂ ਪੀਜੇ, ਬਰਗਰ, ਸਮੋਸੇ, ਨਿਊਡਲ, ਸਵੀਟ ਡਿਸ਼, ਨਾਨ ਬਣ ਗਏ ਪਤਾ ਹੀ ਨਹੀਂ ਲੱਗਾ। ਰਵਾਇਤੀ ਖਾਣਿਆਂ ਦਾ ਖਤਮ ਹੋਣਾ ਅਤੇ ਅਲੋਪ ਹੋਣਾ ਬਿਮਾਰੀਆਂ ਨੂੰ ਸਿੱਧਾ ਸੱਦਾ ਹੋ ਨਿੱਬੜਿਆ। ਡਾਕਟਰਾਂ ਕੋਲ ਹੁੰਦੇ ਇਕੱਠ ਭੋਜਨ ਤੋਂ ਸ਼ੁਰੂ ਹੁੰਦੇ ਹਨ ਅਤੇ ਭੋਜਨ ’ਤੇ ਖਤਮ। ਸਿਹਤ ਨੂੰ ਅੰਨ ਪਾਣੀ ਨਿਰਧਾਰਤ ਕਰਦਾ ਹੈ।

ਰਵਾਇਤੀ ਖਾਣਿਆਂ ਵੱਲ ਮੋੜਾ ਬਿਮਾਰੀਆਂ ਤੋਂ ਦੂਰ ਕਰੇਗਾ। ਸਾਂਝੇ ਪਰਿਵਾਰਾਂ ਦੀ ਟੁੱਟ-ਭੱਜ ਅਤੇ ਸ਼ਹਿਰੀਕਰਨ ਨੇ ਰਵਾਇਤੀ ਖਾਣਿਆਂ ਨੂੰ ਨਿਗਲ ਲਿਆ। ਜੰਕ ਫੂਡ ਦੀ ਬਹੁਤਾਤ ਤੇਜੀ ਨਾਲ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ। ਸ਼ਹਿਰ ਤਾਂ ਪੂਰੀ ਤਰ੍ਹਾਂ ਫਾਸਟ ਫੂਡ ਦੀ ਗਿ੍ਰਫਤ ਵਿੱਚ ਹੈ। ਬਰਗਰ ਖਾਂਦਾ ਬੰਦਾ ਬਰਗਰ ਵਰਗਾ ਬਣ ਰਿਹਾ। ਰਵਾਇਤੀ ਖਾਣਾ ਸ਼ੁੱਧ ਹੀ ਹੁੰਦਾ। ਬਨਾਵਟੀ ਫਾਸਟ ਫੂਡ ਹੀ ਹੁੰਦਾ। ਸਿਹਤ ਸਭ ਤੋਂ ਵੱਡਾ ਧਨ ਹੈ ਜੋ ਚੰਗੀ ਖੁਰਾਕ ਨਾਲ ਵਧਦਾ-ਫੁਲਦਾ। ਆਓ! ਰਵਾਇਤੀ ਖੁਰਾਕ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਕੇ ਤੰਦਰੁਸਤ ਜੀਵਨ ਜਿਉਣ ਦੇ ਰਾਹ ਤੁਰੀਏ।
ਗੁਰਨੇ ਕਲਾਂ, ਬੁਢਲਾਡਾ, ਮਾਨਸਾ
ਮੋ. 99156-21188
ਪਿਆਰਾ ਸਿੰਘ ਗੁਰਨੇ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ