ਟਰਾਂਸਪੋਰਟ ਕੱਚੇ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਮੁੜ ਵਜਾਇਆ ਸੰਘਰਸ਼ ਦਾ ਵਿਗਲ

0
100
Transport Workers Sachkahoon

24 ਸਤੰਬਰ ਨੂੰ 2 ਘੰਟੇ ਲਈ ਬੱਸ ਸਟੈਂਡ ਬੰਦ ਕਰਨ ਅਤੇ 27 ਨੂੰ ਕਿਸਾਨਾਂ ਦੀ ਹਮਾਇਤ ਦਾ ਕੀਤਾ ਐਲਾਨ

14 ਸਤੰਬਰ ਦੀ ਮੀਟਿੰਗ ਦੇ ਫੈਸਲੇ ਨੂੰ ਤੁਰੰਤ ਲਾਗੂ ਕਰਨ ਦੀ ਕੀਤੀ ਮੰਗ

(ਜਸਵੀਰ ਸਿੰਘ ਗਹਿਲ) ਬਰਨਾਲਾ। ਪੰਜਾਬ ਰੋਡਵੇਜ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਅੱਜ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ 14 ਸਤੰਬਰ ਦੀ ਮੀਟਿੰਗ ਦੇ ਫੈਸਲੇ ਨੂੰ ਤਰੰਤ ਲਾਗੂ ਕਰਨ ਦੀ ਮੰਗ ਕੀਤੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਮੂਹ ਕੱਚੇ ਕਾਮਿਆਂ ਨੇ 24 ਨੂੰ ਮੁੜ ਦੋ ਘੰਟੇ ਲਈ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਮੀਟਿੰਗ ਉਪਰੰਤ ਸੂਬਾ ਸਰਪ੍ਰਸਤ ਕਮਲ ਕੁਮਾਰ, ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ ਤੇ ਹਰਕੇਸ ਵਿੱਕੀ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਸਮੇਂ 14 ਸਤੰਬਰ 2021 ਨੂੰ ਮੀਟਿੰਗ ਵਿੱਚ ਕੀਤੇ ਫੈਸਲੇ ਨਵੇਂ ਮੁੱਖ ਮੰਤਰੀ ਬਣਨ ਦਾ ਬਹਾਨਾ ਬਣਾ ਕੇ ਟਾਲਮਟੋਲ ਕੀਤਾ ਜਾ ਰਿਹਾ ਹੈ ਜਦੋਂ ਕਿ ਅਧਿਕਾਰੀ ਪਹਿਲਾਂ ਵਾਲੇ ਹਨ ਅਤੇ ਕੁੱਝ ਫੈਸਲੇ ਮਹਿਕਮੇ ਪੱਧਰ ਦੇ ਹਨ।

ਆਗੂਆਂ ਕਿਹਾ ਕਿ ਜਥੇਬੰਦੀ ਆਗੂਆਂ ਨੇ ਸਰਕਾਰ ਵੱਲੋਂ 8 ਦਿਨ ਦਾ ਸਮਾਂ ਮੰਗਿਆ ਸੀ ਜਦਕਿ ਯੂਨੀਅਨ ਨੇ ਹੜਤਾਲ ਨੂੰ 28 ਤੱਕ ਅੱਗੇ ਪਾ ਦਿੱਤਾ ਸੀ ਪਰ ਹੁਣ ਨਵੇਂ ਮੁੱਖ ਮੰਤਰੀ ਵੀ ਉਨ੍ਹਾਂ ਪਾਸੋਂ ਹੋਰ ਸਮੇਂ ਦੀ ਮੰਗ ਕਰ ਰਹੇ ਹਨ ਜੋ ਕਿ ਸ਼ਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਯੂਨੀਅਨ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਭਲਕੇ 24 ਸਤੰਬਰ ਨੂੰ ਮੁੜ ਦੋ ਘੰਟਿਆਂ ਲਈ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਲਾਮਬੰਦੀ ਲਈ 6 ਅਕਤੂਬਰ ਨੂੰ ਗੇਟ ਰੈਲੀਆ ਕੀਤੀਆਂ ਜਾਣਗੀਆਂ ਅਤੇ 11, 12, 13 ਅਕਤੂਬਰ ਨੂੰ ਤਿੰਨ ਰੋਜਾ ਹੜਤਾਲ ਕਰਕੇ 12 ਅਕਤੂਬਰ ਨੂੰ ਨਵੇਂ ਮੁੱੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਅਤੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੱਢਿਆ ਤਾਂ ਮੁੜ ਅਣਮਿਥੇ ਸਮੇਂ ਦੀ ਹੜਤਾਲ ਵੀ ਕੀਤੀ ਜਾਵੇਗੀ।

ਆਗੂਆਂ ਦੱਸਿਆ ਕਿ ਉਕਤ ਤੋਂ ਇਲਾਵਾ ਟਰਾਂਸਪੋਰਟ ਕੱਚੇ ਕਾਮਿਆਂ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਧਰਨਿਆਂ ’ਚ ਸ਼ਮੂਲੀਅਤ ਕਰਨ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਨੂੰ ਜ਼ਿਲ੍ਹਾ ਪੱਧਰ ’ਤੇ ਮਨਾਉਣ ਪਿੱਛੋਂ 6 ਅਕਤੂਬਰ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ। ਆਗੂਆਂ ਕਿਹਾ ਕਿ 14 ਸਤੰਬਰ ਦੀ ਮੀਟਿੰਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਛੱਡ ਕੇ ਬਾਕੀ ਕੀਤੇ 30 ਫੀਸਦੀ ਤਨਖਾਹ ਦਾ ਵਾਧਾ ਅਤੇ ਹਰ ਸਾਲ 5 ਫੀਸਦੀ ਵਾਧਾ, 525 ਦੀ ਕਟੌਤੀ ਬੰਦ, ਫਾਰਗ ਕਰਮਚਾਰੀ ਨੂੰ ਤਰੁੰਤ ਬਹਾਲ ਕਰਨ ਵਰਗੇ ਫੈਸਲਿਆਂ ’ਤੇ ਸਹਿਮਤੀ ਹੋਈ ਸੀ, ਜਿੰਨ੍ਹਾਂ ਨੂੰ ਤਰੁੰਤ ਲਾਗੂ ਕੀਤਾ ਜਾਵੇ। ਮੀਟਿੰਗ ਨੂੰ ਗੁਰਪ੍ਰੀਤ ਸਿੰਘ ਕੰਬੋਜ, ਗੁਰਸੇਵਕ ਸਿੰਘ, ਹਰਜਿੰਦਰ ਸਿੰਘ, ਪ੍ਰਧਾਨ ਪੱਪੂ, ਜਤਿੰਦਰ ਸਿੰਘ, ਜੋਧ ਸਿੰਘ, ਪ੍ਰਦੀਪ ਕੁਮਾਰ, ਜਗਤਾਰ ਸਿੰਘ, ਸਤਨਾਮ ਸਿੰਘ ਤੇ ਰਾਜਵੰਤ ਸਿੰਘ ਨੇ ਸੰਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ