ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਵੱਲੋਂ ਦੋ ਦਾ ਗੋਲੀ ਮਾਰ ਕੇ ਕਤਲ

Two, Bullets, Shot, Robbers, Robbery, Petrol Pump

11 ਹਜ਼ਾਰ ਰੁਪਏ ਲੁੱਟੇ, ਮੋਟਰਸਾਈਕਲ ‘ਤੇ ਆਏ ਸਨ ਤਿੰਨ ਲੁਟੇਰੇ

ਅੱਧੀ ਰਾਤੀਂ ਵਾਪਰੀ ਘਟਨਾ, ਲੁਟੇਰੇ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਪਟਿਆਲ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਪੈਟਰੋਲ ਪੰਪ ਲੁੱਟਣ ਆਏ ਤਿੰਨ ਲੁਟੇਰਿਆਂ ਵੱਲੋਂ ਦੋ ਕੈਂਟਰ ਡਰਾਈਵਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਹ ਗਿਆਰਾਂ ਹਜ਼ਾਰ ਰੁਪਏ ਵੀ ਲੁੱਟ ਕੇ ਲੈ ਗਏ। ਇਹ ਘਟਨਾ ਦੇਰ ਰਾਤੀਂ ਇੱਥੇ ਰਾਜਪੁਰਾ ਰੋਡ ‘ਤੇ ਪਿੰਡ ਚਮਾਰਹੇੜੀ ਨੇੜੇ ਸਥਿਤ ਗੁਰੂ ਨਾਨਕ ਫਿਲਿੰਗ ਸਟੇਸ਼ਨ ‘ਤੇ ਵਾਪਰੀ ਹੈ। ਇੱਧਰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਹੈ। ਇਕੱਤਰ ਵੇਰਵਿਆਂ ਅਨੁਸਾਰ ਦਵਿੰਦਰ ਸਿੰਘ ਵਾਸੀ ਆਲਮਪੁਰ ਅਤੇ ਕੁਲਦੀਪ ਸਿੰਘ ਵਾਸੀ ਦੌਣ ਆਪਣੇ ਕੈਂਟਰ ਵਿੱਚ ਉਕਤ ਪੈਟਰੋਲ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਨੇੜਲੇ ਢਾਬੇ ਉੱਪਰ ਹੀ ਚਾਹ ਪੀਣ ਲਈ ਰੁਕ ਗਏ।

ਇਸੇ ਦੌਰਾਨ ਹੀ ਕੈਂਟਰ ਡਰਾਈਵਰ ਕੁਲਦੀਪ ਸਿੰਘ ਢਾਬੇ ਤੋਂ ਚਾਹ ਦਾ ਗਲਾਸ ਲੈ ਕੇ ਪੈਟਰੋਲ ਪੰਪ ਦੇ ਕਰਿੰਦੇ ਬਲਰਾਜ ਸਿੰਘ ਪੁੱਤਰ ਰਘਵੀਰ ਸਿੰਘ ਅਤੇ ਜਗਤਾਰ ਸਿੰਘ ਪੁੱਤਰ ਰਾਜ ਸਿੰਘ ਕੋਲ ਬੈਠ ਕੇ ਆ ਗਿਆ। ਇਸੇ ਦੌਰਾਨ ਹੀ ਤਿੰਨ ਮੋਟਰਸਾਈਕਲ ਸਵਾਰਾਂ ਨੇ ਆਪਣਾ ਮੋਟਰਸਾਈਕਲ ਦੂਰ ਲਾ ਕੇ ਪੈਦਲ ਹੀ ਪੈਟਰੋਲ ਪੰਪ ‘ਤੇ ਇਨ੍ਹਾਂ ਕੋਲ ਪੁੱਜੇ ਅਤੇ ਪਿਸਤੋਲ ਤਾਣ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਜਗਤਾਰ ਸਿੰਘ ਨੇ ਡਰਦੇ ਮਾਰੇ ਆਪਣੀ ਜੇਬ ਵਿੱਚ ਪਏ ਪੰਜ ਹਜ਼ਾਰ ਰੁਪਏ ਦੇ ਦਿੱਤੇ।

ਇਸ ਤੋਂ ਬਾਅਦ ਉਨ੍ਹਾਂ ਕੈਂਟਰ ਡਰਾਇਵਰ ਕੁਲਦੀਪ ਸਿੰਘ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਨਾਂਹ ਕਰ ਦਿੱਤੀ। ਲੁਟੇਰਿਆਂ ਨੇ ਉਸ ਦੇ ਛਾਤੀ ਵਿੱਚ ਗੋਲੀ ਮਾਰ ਦਿੱਤੀ ਅਤੇ ਉਸਦੀ ਉੱਪਰਲੀ ਜੇਬ ਵਿੱਚ ਪਏ 6 ਹਜਾਰ ਰੁਪਏ ਕੱਢ ਲਏ। ਇਸ ਤੋਂ ਬਾਅਦ ਉਨ੍ਹਾਂ ਪੰਪ ਦੇ ਕਰਿੰਦੇ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ ਤਾ ਉਸ ਨੇ ਕਿਹਾ ਕਿ ਉਸ ਦੇ ਦੂਜੇ ਸਾਥੀ ਕੋਲ ਹਨ ਜੋਂ ਉੱਥੋਂ ਭੱਜ ਕੇ ਢਾਬੇ ਵੱਲ ਗਿਆ ਸੀ। ਇਸ ਦਾ ਪਤਾ ਜਦੋਂ ਢਾਬੇ ਤੇ ਬੈਠੇ ਹਰੀ ਸਿੰਘ ਅਤੇ ਦੂਜੇ ਕੈਂਟਰ ਡਰਾਇਵਰ ਕੁਲਦੀਪ ਸਿੰਘ ਅਤੇ ਇੱਕ ਹੋਰ ਵਿਅਕਤੀ ਨੂੰ ਲੱਗਿਆ ਤਾ ਉਨ੍ਹਾਂ ਕਿਹਾ ਕਿ ਆਉ ਫੜੀਏ, ਗੋਲੀ ਮਾਰ ਦਿੱਤੀ ਹੈ, ਤਾ ਲੁਟੇਰਿਆਂ ਨੇ ਕੁਲਦੀਪ ਸਿੰਘ ਦੇ ਵੀ ਗੋਲੀ ਮਾਰ ਦਿੱਤੀ ਜਦਕਿ ਹਰੀ ਸਿੰਘ ਨੇ ਆਪਣੀ ਮਸਾਂ ਜਾਨ ਬਚਾਈ।

ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਅਤੇ ਜਖਮੀਆਂ ਨੂੰ ਇੱਥੇ ਹਸਪਤਾਲ ਲਿਆਦਾ ਗਿਆ ਜਿੱਥੇ ਕਿ ਦੋਹਾਂ ਜਣਿਆ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆ ਹੀ ਆਰਗਨਾਈਜੇਸ਼ਨ ਕ੍ਰਾਇਮ ਕੰਟਰੋਲ ਯੂਨਿਟ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ, ਐਸਪੀਐਚ ਕੰਵਰਜੀਤ ਕੌਰ, ਐਸਪੀਡੀ ਵਿਰਕ, ਐਸਪੀ ਸਿਟੀ ਕੇਸਰ ਸਿੰਘ ਧਾਲੀਵਾਲ, ਡੀਐਸਪੀ ਸੁਖਵਿੰਦਰ ਸਿੰਘ ਚੌਹਾਨ ਆਦਿ ਪੁੱਜੇ ਅਤੇ ਘਟਨਾ ਦਾ ਜਾਇਜਾ ਲਿਆ। ਪੁਲਿਸ ਵੱਲੋਂ ਰਾਤ ਨੂੰ ਹੀ ਜ਼ਿਲ੍ਹੇ ਅੰਦਰ ਨਾਕਾਬੰਦੀ ਕਰ ਦਿੱਤੀ ਗਈ।

ਪੁਲਿਸ ਵੱਲੋਂ ਥਾਣਾ ਸਦਰ ਪਟਿਆਲ ਵਿਖੇ ਅਣਪਛਾਤੇ ਲੁਟੇਰਿਆਂ ਖਿਲਾਫ਼ ਧਾਰਾ 302, 397, ਆਈਪੀਸੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਪੈਟਰੋਲ ਪੰਪ ਸੇਵਾ ਮੁਕਤ ਆਈਏਐਸ ਅਧਿਕਾਰੀ ਰਵਿੰਦਰ ਸ਼ਰਮਾ ਦਾ ਹੈ ਜੋਂ ਕਿ ਇਨ੍ਹਾਂ ਦੀ ਪਤਨੀ ਦੇ ਨਾਮ ‘ਤੇ ਹੈ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਵਾਪਰੀ ਇਸ ਘਟਨਾ ਕਾਰਨ ਪੁਲਿਸ ਦੀ ਸੁਰਖਿਆ ‘ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।