ਦੋ ਕਾਰਾਂ ਦੀ ਟੱਕਰ, ਇੱਕ ਲੜਕੀ ਦੀ ਮੌਤ,6 ਗੰਭੀਰ ਜਖ਼ਮੀ

0

ਚੰਡੀਗੜ ਵਿਖੇ ਹਾਈਕੋਰਟ ਦਾ ਪੇਪਰ ਦੇ ਕੇ ਪਰਤ ਰਹੇ ਸਨ ਇੱਕ ਕਾਰ ਵਿੱਚ ਸਵਾਰ 4 ਜਣੇ

ਸਮਾਣਾ, (ਸੁਨੀਲ ਚਾਵਲਾ) ਸਮਾਣਾ ਪਾਤੜਾਂ ਰੋਡ ‘ਤੇ ਪਿੰਡ ਕਕਰਾਲਾ ਨੇੜੇ ਇੱਕ ਮੋਟਰਸਾਇਕਲ ਸਵਾਰ ਨੂੰ ਬਚਾਉਂਦੇ ਸਮੇਂ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਜਦੋਂਕਿ ਉਸਦਾ ਭਰਾ ਅਤੇ ਦੋ ਸਹੇਲੀਆਂ ਸਣੇ ਦੂਜੀ ਕਾਰ ਵਿੱਚ ਸਵਾਰ 3 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਸਾਰੇ ਹੀ ਜਖ਼ਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਹ ਹਿਸਾਰ ਤੇ ਸਰਸਾ ਤੋਂ ਚੰਡੀਗੜ ਵਿਖੇ ਹਾਈਕੋਰਟ ਦਾ ਟੇਸਟ ਦੇ ਕੇ ਵਾਪਿਸ ਪਰਤ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।

ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜਗਰੂਪ ਸਿੰਘ ਪੁੱਤਰ ਮਾਲਾ ਸਿੰਘ ਵਾਸੀ ਹਿਸਾਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਸੱਤਨਾਥ ਵਾਸੀ ਮਲੇਰਕੋਟਲਾ ਅਤੇ ਕਰਨੈਲ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਉਕਲਾਨਾ ਹਰਿਆਣਾ ਨਾਲ ਕਾਰ ਨੰਬਰ ਐਚ ਆਰ 20 ਏਬੀ 0604 ਵਿੱਚ ਸਵਾਰ ਹੋ ਕੇ ਸਮਾਣਾ ਵਿਖੇ ਮੱਥਾ ਟੇਕਣ ਆ ਰਹੇ ਸਨ ਕਿ ਪਿੰਡ ਕਕਰਾਲਾ ਨੇੜੇ ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਜੋ ਇੱਕ ਮੋਟਰਸਾਇਕਲ ਸਵਾਰ ਨੂੰ ਬਚਾਉਂਦੇ ਹੋਏ ਬੇਕਾਬੂ ਹੋ ਕੇ ਸਾਡੀ ਕਾਰ ਵਿੱਚ ਆ ਵਜੀ।

ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਸਵਿੱਫ਼ਟ ਕਾਰ ਵਿੱਚ ਕਾਰ ਦੀ ਅਗਲੀ ਸੀਟ ‘ਤੇ ਬੈਠੀ ਯੋਗਿਤਾ (31) ਪੁੱਤਰੀ ਜਗਦੀਸ਼ ਵਾਸੀ ਸਾਦੁਲਪੁਰ ਹਿਸਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਚਲਾ ਰਿਹਾ ਉਸਦਾ ਭਰਾ ਯੋਗੇਸ਼, ਸਹੇਲੀ ਸੰਜੂ ਪੁੱਤਰੀ ਦੇਵੀ ਦਿਆਲ ਵਾਸੀ ਮਮਦਖੇੜਾ ਸਰਸਾ ਅਤੇ ਦੂਜੀ ਸਹੇਲੀ ਸੁਨੀਤਾ ਪੁੱਤਰੀ ਸੁਰਜੀਤ ਸਿੰਘ 25 ਵਾਸੀ ਮਮਦਖੇੜਾ ਸਰਸਾ ਗੰਭੀਰ ਜਖ਼ਮੀ ਹੋ ਗਏ। ਇਹ ਸਾਰੇ ਚੰਡੀਗੜ੍ਹ ਵਿਖੇ ਹਾਈਕੋਰਟ ਦਾ ਪੇਪਰ ਦੇ ਕੇ ਵਾਪਸ ਪਰਤ ਰਹੇ ਸਨ।  ਸਿਵਲ ਹਸਪਤਾਲ ਵਿਖੇ ਸਾਰੇ ਹੀ ਜਖ਼ਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਮੁਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.