ਪੰਜਾਬ

‘ਉੜਤਾ ਪੰਜਾਬ’ ‘ਚ ਸਹਿਯੋਗੀ ਬਣੇ ਪੰਜਾਬ ਸਰਕਾਰ ਦੇ ਕਈ ਅਧਿਕਾਰੀ

ਅਧਿਕਾਰੀਆਂ ‘ਚ ਡਿਪਟੀ ਕਮਿਸ਼ਨਰ ਤੇ ਡੀਆਈਜੀ ਵੀ ਸ਼ਾਮਲ
ਚੰਡੀਗੜ,  (ਅਸ਼ਵਨੀ ਚਾਵਲਾ)। ਨਸ਼ੇ ਦੇ ਮੁੱਦੇ ‘ਤੇ ਬਣੀ ਫਿਲਮ ‘ਉੜਤਾ ਪੰਜਾਬ’ ਦਾ ਵਿਰੋਧ ਅਤੇ ਮੁਖ਼ਾਲਫ਼ਤ ਕਰਨ ਵਾਲੀ ਪੰਜਾਬ ਸਰਕਾਰ ਦੇ ਹੀ ਅਧਿਕਾਰੀ ਫਿਲਮ ਬਣਾਉਣ ‘ਚ ਸਹਿਯੋਗੀ ਰਹੇ ਹਨ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਫਿਲਮ ਬਣਾਉਣ ਲਈ ਦਿੱਤੇ ਗਏ ਸਹਿਯੋਗ ਨੂੰ ਦੇਖਦੇ ਹੋਏ ਫਿਲਮ ਉੜਤਾ ਪੰਜਾਬ ਦੀ ਸ਼ੁਰੂਆਤ ਵਿੱਚ ਇਨ੍ਹਾਂ ਅਧਿਕਾਰੀਆਂ ਦਾ ਬਕਾਇਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ ਹੈ। ਵਿਵਾਦਗ੍ਰਸਤ ਫਿਲਮ ”ਉੜਤਾ ਪੰਜਾਬ” ਬਣਾਉਣ ਲਈ ਉੱਚ ਅਧਿਕਾਰੀਆਂ ਦਾ ਸਹਿਯੋਗ ਸਾਹਮਣੇ ਆਉਣ ‘ਤੇ ਪੰਜਾਬ ਸਰਕਾਰ ਹੈਰਾਨ ਹੀ ਰਹਿ ਗਈ ਹੈ ਇਸ ਸਬੰਧੀ ਕੋਈ ਵੀ ਜਿਆਦਾ ਬਿਆਨਬਾਜ਼ੀ ਕਰਨ ਤੋਂ ਇਨਕਾਰ ਕਰ ਰਹੀਂ ਹੈ।
ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਫਿਲਮ ਬਣਾਉਣ ਵਾਲੀ ਕੰਪਨੀ ਵਲੋਂ ਕੁਝ ਸੀਨੀਅਰ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ, ਜਿਨਾਂ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਫਿਲਮ ਬਣਾਉਣ ਲਈ ਉਨਾਂ ਦਾ ਸਹਿਯੋਗ ਦਿੱਤਾ ਹੈ। ਇਨਾਂ ਅਧਿਕਾਰੀਆਂ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਫਿਲਮ ਬਣਾਉਣ ਲਈ ਡਿਪਟੀ ਕਮਿਸ਼ਨਰ ਰਵੀ ਭਗਤ, ਡੀ.ਆਈ.ਜੀ. ਪੁਲਿਸ ਜਤਿੰਦਰ ਔਲਖ ਅਤੇ ਐਸ.ਡੀ.ਐਮ. ਸੰਜੀਵ ਕੁਮਾਰ ਗੌੜ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਤਰਨਤਾਰਨ ਵਿਖੇ ਫਿਲਮ ਬਣਾਉਣ ਵਿੱਚ ਸਹਿਯੋਗ ਦੇਣ ਲਈ ਐਸ.ਐਸ.ਪੀ. ਮਨਮੋਹਨ ਸਿੰਘ, ਅਰਜਿੰਦਰ ਸਿੰਘ ਸੁਰਖਿਆ ਇਨਚਾਰਜ਼, ਅਰਮਿੰਦਰ ਸਿੰਘ ਟਿਵਾਣਾ, ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਅਤੇ ਸਤਨਾਮ ਸਿੰਘ ਸਰਪੰਚ ਚੋਲਾ ਸਾਹਿਬ ਤੱਕ ਦਾ ਧੰਨਵਾਦ ਕੀਤਾ ਹੋਇਆ ਹੈ।
ਫਿਲਮ ”ਉੜਤਾ ਪੰਜਾਬ” ਵਿੱਚ ਇਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਨਾਅ ਆਉਣ ਤੋਂ ਬਾਅਦ ਪੰਜਾਬ ਸਰਕਾਰ ਕਾਫ਼ੀ ਔਖੀ ਹੁੰਦੀ ਨਜ਼ਰ ਆ ਰਹੀਂ ਹੈ। ਬੇਸ਼ਕ ਸਰਕਾਰ ਵਲੋਂ ਅਜੇ ਕਿਸੇ ਵੀ ਤਰਾਂ ਦੀ ਕਾਰਵਾਈ ਕਰਨ ਸਬੰਧੀ ਕੁਝ ਵੀ ਨਹੀਂ ਕਿਹਾ ਜਾ ਰਿਹਾ ਹੈ

ਚੰਗਾ ਐ ਜੇਕਰ ਕੀਤਾ ਐ ਅਧਿਕਾਰੀਆਂ ਨੇ ਸਹਿਯੋਗ : ਬੈਂਸ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚੰਰਨ ਸਿੰਘ ਬੈਂਸ ਨੇ ਫਿਲਮ ਸਬੰਧੀ ਯੂ- ਟਰਨ ਲੈਂਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਹੀ ਨਸ਼ੇ ਦੇ ਖ਼ਿਲਾਫ਼ ਰਹੇ ਹਾਂ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਪੰਜਾਬ ਵਿੱਚ ਸਰਕਾਰ ਕੰਮ ਕਰ ਰਹੀਂ ਹੈ। ਇਹ ਚੰਗਾ ਹੀ ਹੈ ਕਿ ਸਾਡੇ ਅਧਿਕਾਰੀਆਂ ਨੇ ਨਸ਼ੇ ਦੇ ਖ਼ਿਲਾਫ਼ ਬਣੀ ਫਿਲਮ ਵਿੱਚ ਸਹਿਯੋਗ ਕੀਤਾ ਹੈ।

ਪ੍ਰਸਿੱਧ ਖਬਰਾਂ

To Top