ਸਿੱਖਿਆ ਮੰਤਰੀ ਦੇ ਸ਼ਹਿਰ ‘ਚ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਵਰ੍ਹਦੇ ਮੀਂਹ ‘ਚ ਰੋਸ-ਮੁਜ਼ਾਹਰਾ

0

ਅਧਿਆਪਕ-ਦਿਵਸ ਮੌਕੇ ਕੀਤਾ ਸੂਬਾਈ ਰੋਸ ਪ੍ਰਗਟਾਵਾ

ਸੰਗਰੂਰ, (ਗੁਰਪ੍ਰੀਤ ਸਿੰਘ) ‘ਕੌਮੀ ਅਧਿਆਪਕ ਦਿਵਸ’ ਮੌਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ‘ਚ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਕਾਲ਼ੇ-ਚੋਲ਼ੇ ਪਾ ਕੇ ਅਤੇ ਕਾਲ਼ੀਆਂ ਪੱਟੀਆਂ ਬੰਨ੍ਹ ਕੇ ਵਰ੍ਹਦੇ ਮੀਂਹ ‘ਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ-ਮਾਰਚ ਕੀਤਾ ਗਿਆ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਰਣਦੀਪ ਸੰਗਤਪੁਰਾ, ਨਵਜੀਵਨ ਸਿੰਘ, ਸੰਦੀਪ ਗਿੱਲ, ਰਣਬੀਰ ਸਿੰਘ ਨਦਾਮਪੁਰ, ਤਜਿੰਦਰ ਸਿੰਘ, ਮਨਜੀਤ ਕੌਰ, ਰਾਜਵਿੰਦਰ ਕੌਰ, ਯੁੱਧਜੀਤ ਸਿੰਘ ਬਠਿੰਡਾ, ਅਮਨ ਸੇਖ਼ਾ ਅਤੇ ਜਿਲ੍ਹਾ ਪ੍ਰਧਾਨ  ਕੁਲਵੰਤ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਕਰੀਬ 3 ਲੱਖ ਨਵੇਂ ਦਾਖਲੇ ਹੋ ਚੁੱਕੇ ਹਨ, ਪਹਿਲਾਂ ਹੀ 15 ਹਜ਼ਾਰ ਤੋਂ ਉਪਰ ਮਾਸਟਰ ਕਾਡਰ ਦੀਆਂ ਅਸਾਮੀਆਂ ਖਾਲੀ ਸਨ, ਵਿਦਿਆਰਥੀਆਂ ਦੀ ਗਿਣਤੀ ਵਧਣ ਕਰਕੇ ਇਹ ਅੰਕੜਾ ਹੋਰ ਵਧ ਜਾਵੇਗਾ,

ਜਿਸ ਕਰਕੇ ਸਿੱਖਿਆ ਵਿਭਾਗ ਵੱਲੋਂ ਬਾਰਡਰ-ਕੇਡਰ ਅਧੀਨ ਕੱਢੀਆਂ 3282 ਅਸਾਮੀਆਂ ‘ਚ ਵਾਧਾ ਕਰਦਿਆਂ ਮਾਸਟਰ-ਕਾਡਰ ਦੀਆਂ ਸਮਾਜਿਕ ਸਿੱਖਿਆ ਦੀਆਂ 54 ਤੋਂ ਵਧਾ ਕੇ ਘੱਟੋ-ਘੱਟ 3000, ਪੰਜਾਬੀ ਦੀਆਂ 62 ਤੋਂ ਵਧਾ ਕੇ 2500, ਹਿੰਦੀ ਦੀਆਂ 52 ਤੋਂ 2000 ਕੀਤੀਆਂ ਜਾਣ ਅਤੇ ਸੰਸਕ੍ਰਿਤ, ਡਰਾਇੰਗ ਵਰਗੇ ਵਿਸ਼ਿਆਂ ਦੀਆਂ ਅਸਾਮੀਆਂ ਵੀ ਕੱਢੀਆਂ ਜਾਣ। ਭਰਤੀ ਲਈ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਤਾਂ ਕਿ ਓਵਰਏਜ ਹੋ ਰਹੇ ਉਮੀਦਵਾਰਾਂ ਨੂੰ ਰੁਜ਼ਗਾਰ ਮਿਲ ਸਕੇ । ਬਾਰਡਰ-ਏਰੀਆ ਯੋਜਨਾ ਤੁਰੰਤ ਰੱਦ ਕੀਤੀ ਜਾਵੇ, ਕਿਉਂਕਿ ਇਹ ਤਿੰਨ ਸਾਲਾਂ ਦੇ ਪਰਖ ਕਾਲ ਦੌਰਾਨ ਨਵ ਨਿਯੁਕਤ ਅਧਿਆਪਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਹੋਵੇਗਾ।

ਐਕਸ-ਸਰਵਿਸਿਜ਼ ਮੈਨ ਦਾ ਬੈਕਲਾਗ ਕੋਟੇ ਦੀਆਂ ਪੋਸਟਾਂ ਲੰਮੇ ਸਾਲਾਂ ਤੋਂ ਖਾਲੀ ਹਨ। ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਧੇ ਮੁਤਾਬਕ 2500/- ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ । ਨਿੱਜੀ ਸਕੂਲਾਂ ਨੂੰ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ । ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਨੂੰ ਵੀ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਇਹ ਨਿੱਜੀਕਰਨ ਅਤੇ ਭਗਵੇਂਕਰਨ ਨੂੰ ਹੋਰ ਵਧਾਏਗੀ।

ਯੂਨੀਅਨ ਨੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਵੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ, ਲੈਕਚਰਾਰਾਂ, ਮੁੱਖ ਅਧਿਆਪਕਾਂ, ਮਾਸਟਰਾਂ, ਵੋਕੇਸ਼ਨਲ ਅਧਿਆਪਕਾਂ, ਵਰਨੈਕੂਲਰ ਟੀਚਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਇੱਕ ਪਾਸੇ ਤਾਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਤੇ ਦੂਜੇ ਪਾਸੇ 50,000 ਬੇਰੁਜ਼ਗਾਰ ਟੈੱਟ ਪਾਸ ਬੀਐੱਡ ਅਧਿਆਪਕ ਨੌਕਰੀ ਲੈਣ ਲਈ ਸੜਕਾਂ ਉੱਤੇ ਧਰਨੇ ਮੁਜ਼ਾਹਰੇ ਕਰਨ ਲਈ ਮਜ਼ਬੂਰ ਹੋ ਰਹੇ ਹਨ। ਸਿੱਖਿਆ ਨੂੰ ਵਪਾਰੀਆਂ ਤੇ ਸਰਮਾਏਦਰਾਰਾਂ ਦੇ ਖੂਨੀ ਪੰਜਿਆਂ ਚੋਂ ਬਚਾਉਣ ਅਤੇ ਇਸਨੂੰ ਫਿਰ ਤੋਂ ਪਰ-ਉਪਕਾਰੀ ਬਣਾਉਣ ਲਈ ਅੱਜ ਵੱਡੇ ਲੋਕ ਘੋਲ਼ਾਂ ਦੀ ਜਰੂਰਤ
ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.