ਪੰਜਾਬ

ਪੈਟਰੋਲ ਤੇ ਸਲਫਾਸ ਦੀਆਂ ਗੋਲੀਆਂ ਲੈ ਕੇ ਟੈਂਕੀ ‘ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ

Unemployed, Teachers, Petrol, Sulfaaz Pills

ਡਿਪਟੀ ਕਮਿਸ਼ਨਰ ਤੇ ਐਸਐਸਪੀ ਪੁੱਜੇ, ਅਧਿਆਪਕ ਨੋਟੀਫਿਕੇਸ਼ਨ ਦੀ ਮੰਗ ‘ਤੇ ਅੜ੍ਹੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਨਰਸਾਂ ਦੇ ਸੰਘਰਸ਼ ਤੋਂ ਬਾਅਦ ਹੁਣ ਪਟਿਆਲਾ ਵਿਖੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਅੱਜ ਪਟਿਆਲਾ ਤੋਂ ਥੋੜ੍ਹੀ ਦੂਰ ਬਹਾਦਰਗੜ੍ਹ ਵਾਲੀ ਪਾਣੀ ਦੀ ਟੈਂਕੀ ‘ਤੇ ਸਵੇਰੇ-ਸਵੇਰੇ ਪੰਜ ਟੈੱਟ ਪਾਸ ਅਧਿਆਪਕ ਆਪਣੇ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਅਤੇ ਸਲਫ਼ਾਸ ਦੀਆਂ ਗੋਲੀਆਂ ਲੈ ਕੇ ਚੜ੍ਹ ਗਏ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਇੱਧਰ ਸੂਬੇ ਭਰ ਤੋਂ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਟੈਂਕੀ ਦੇ ਹੇਠਾਂ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਤੋਂ ਹੀ ਇਸ ਮੋਰਚੇ ਲਈ ਪੁੱਜੇ ਟੈੱਟ ਪਾਸ ਬੇਰੁਜ਼ਗਾਰ ਪੰਜ ਅਧਿਆਪਕਾਂ ਨੇ ਸਵੇਰੇ ਸਵਾ ਪੰਜ ਵਜੇ ਬਹਾਦਰਗੜ੍ਹ ਵਾਲੀ ਪਾਣੀ ਦੀ ਟੈਂਕੀ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਇਸ ਟੈਂਕੀ ‘ਤੇ ਚੜ੍ਹੇ ਜਤਿੰਦਰ ਸਿੰਘ ਜਲਾਲਾਬਾਦ, ਸੁਰਿੰਦਰ ਅਬੋਹਰ, ਸੰਦੀਪ ਸੰਗਰੂਰ, ਕਰਨਵੀਰ ਬਰਨਾਲਾ ਅਤੇ ਜਗਸੀਰ ਸਿੰਘ ਸੰਗਰੂਰ ਸ਼ਾਮਲ ਹਨ।

ਇਨ੍ਹਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਅਤੇ ਸਲਫਾਸ ਦੀਆਂ ਗੋਲੀਆਂ ਫੜੀਆਂ ਹੋਈਆਂ ਹਨ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀ ਨੌਕਰੀ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਉਹ ਟੈਂਕੀ ‘ਤੇ ਹੀ ਰਹਿਣਗੇ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਆਪਣੀ ਨੌਕਰੀ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰਾਂ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੀ ਅੱਜ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣ ਵਰਗਾ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਕੋਈ ਵੀ ਧੱਕਾ ਕੀਤਾ ਤਾਂ ਉਹ ਕੋਈ ਵੀ ਕਦਮ ਚੁੱਕ ਸਕਦੇ ਹਨ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਇੱਧਰ ਟੈਂਕੀ ਉੱਪਰ ਚੜ੍ਹੇ ਨੌਜਵਾਨਾਂ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਇਸ ਟੈਂਕੀ ਕੋਲ ਪੁਲਿਸ ਪਾਰਟੀ ਜਮਾਂ ਕਰ ਦਿੱਤੀ ਗਈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸਐਸਪੀ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀ ਇਨ੍ਹਾਂ ਧਰਨਾਕਾਰੀਆਂ ਕੋਲ ਪੁੱਜੇ ਅਤੇ ਇਨ੍ਹਾਂ ਦੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ, ਪਰ ਇਹ ਧਰਨਾਕਾਰੀ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਉਹ ਬਹੁਤ ਵਾਰ ਮੀਟਿੰਗਾਂ ਦਾ ਲਾਰਾ ਲਾਇਆ ਗਿਆ ਹੈ, ਹੁਣ ਉਹ ਮੁੱਦੇ ਦੇ ਹੱਲ ਹੋਣ ਤੋਂ ਬਾਅਦ ਹੀ ਹੇਠਾਂ ਉੱਤਰਨਗੇ।

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕੱਲ੍ਹ ਨੂੰ ਅਧਿਆਪਕ ਸੰਘਰਸ਼ ਕਮੇਟੀ ਦੀ ਮੁੱਖ ਮੰਤਰੀ ਨਾਲ ਹੋਣ ਜਾ ਰਹੀ ਮੀਟਿੰਗ ਦੇ ਨਾਲ ਇਨ੍ਹਾਂ ਟੈੱਟ ਪਾਸ ਅਧਿਆਪਕਾਂ ਦੀ ਮੀਟਿੰਗ ਕਰਵਾਉਣ ਸਬੰਧੀ ਹੱਥ ਪੈਰ ਮਾਰੇ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦਾ ਮਾਮਲਾ ਵੀ ਵਿੱਚ ਹੀ ਨਿੱਬੜ ਜਾਵੇ। ਸ਼ਾਮ 5 ਵਜੇ ਤੱਕ ਖ਼ਬਰ ਲਿਖੇ ਜਾਣ ਤੱਕ ਉਕਤ ਨੌਜਵਾਨ ਟੈਂਕੀ ਉੱਪਰ ਹੀ ਡਟੇ ਹੋਏ ਸਨ ਜਦਕਿ ਹੇਠਾਂ ਧਰਨਾ ਜਾਰੀ ਸੀ।  ਇਸ ਮੌਕੇ ਨਿਰਮਲ ਜੀਰਾ, ਨਵਦੀਪ ਸੰਗਰੂਰ, ਜੀਵਨ, ਦੀਪ ਅਮਨ ਮਾਨਸਾ, ਅਮਨਦੀਪ ਸਿੰਘ ਬਠਿੰਡਾ, ਕੁਲਵਿੰਦਰ ਸਿੰਘ ਬਠਿੰਡਾ, ਗੁਰਜੰਟ ਸਿੰਘ ਪਟਿਆਲਾ, ਕੁਲਦੀਪ ਵਰਮਾ, ਰਜਨੀ ਪਟਿਆਲਾ, ਸੋਨੀਆ, ਰਮਨਦੀਪ , ਰਾਜਵੀਰ ਸਮੇਤ ਵੱਡੀ ਗਿਣਤੀ ਵਿੱਚ ਟੈਂਟ ਪਾਸ ਬੇਰੁਜ਼ਗਾਰ ਅਧਿਆਪਕ ਸ਼ਾਮਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Unemployed, Teachers, Petrol, Sulfaaz Pills

ਪ੍ਰਸਿੱਧ ਖਬਰਾਂ

To Top