Breaking News

ਪਾਕਿ ‘ਚ ਅੱਤਵਾਦ ਖਿਲਾਫ਼ ਸਖਤ ਹੋਇਆ ਅਮਰੀਕਾ

ਕਿਹਾ, ਜਿੱਥੇ ਵੀ ਅੱਤਵਾਦੀ ਲੁਕੇ ਹੋਣਗੇ, ਉੱਥੇ ਹੀ ਕਰਾਂਗੇ ਸਫ਼ਾਇਆ

ਵਾਸ਼ਿੰਗਟਨ:ਅੱਤਵਾਦ ਦੇ ਪਨਾਹਗਾਹ ਬਣੇ ਪਾਕਿਸਤਾਨ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਟਕਾਰ ਤੋਂ ਬਾਅਦ ਹੁਣ ਅਮਰੀਕੀ ਪ੍ਰਸ਼ਾਸਨ ਪਾਕਿਸਤਾਨ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ‘ਤੇ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ, ਜਿਨ੍ਹਾਂ ਦੇ ਅੱਤਵਾਦੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਹੋਣ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਰਲਸਨ ਨੇ ਕਿਹਾ ਕਿ ਜਿੱਥੇ ਵੀ ਅੱਤਵਾਦੀ ਲੁਕੇ ਹੋਣਗੇ, ਅਮਰੀਕੀ ਫੌਜ ਉੱਥੇ ਵੜ ਕੇ ਉਨ੍ਹਾਂ ਦਾ ਸਫਾਇਆ ਕਰੇਗੀ। ਉਨ੍ਹਾਂ ਕਿਹਾ, ‘ਅਸੀਂ ਅਮਰੀਕੀ ਨਾਗਰਿਕਾਂ ਅਤੇ ਅਮਰੀਕੀ ਹਿੱਤਾਂ ਦੀ ਰੱਖਿਆ ਕਰਨ ਜਾ ਰਹੇ ਹਾਂ। ਜਿੱਥੇ ਵੀ ਅੱਤਵਾਦੀ ਜ਼ਿੰਦਾ ਹੈ, ਅਸੀਂ ਉਸ ‘ਤੇ ਹਮਲਾ ਕਰਨ ਜਾ ਰਹੇ ਹਾਂ। ਅਸੀਂ ਸਾਫ਼ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਅਤੇ ਸ਼ਰਨ ਦੇ ਰਹੇ ਹਨ, ਤਾਂ ਸਾਵਧਾਨ ਰਹਿਣ।’

ਟਿਲਰਸਨ ਨੇ ਦੱਸਿਆ ਕਿ ਅਮਰੀਕਾ ਨੇ ਪਾਕਿਸਤਾਨ ਵੱਲੋਂ ਅੱਤਵਾਦ ਖਿਲਾਫ਼ ਲੜਾਈ ਵਿੱਚ ਹਮਾਇਤ ਮੰਗੇ ਜਾਣ ‘ਤੇ ‘ਬਿਨਾਂ ਸ਼ਰਤ’ ਸਹਿਯੋਗ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਬਿਨਾਂ ਸ਼ਰਤ ਸਹਿਯੋਗ ਦਿਆਂਗੇ ਅਤੇ ਉਮੀਦ ਕਰਾਂਗੇ ਕਿ ਇਸ ਦੇ ਨਤੀਜੇ ਵੀ ਸਾਹਮਣੇ ਆਉਣ।

ਰਾਸ਼ਟਰਪਤੀ ਟਰੰਪ ਵੱਲੋਂ ਨਵੀਂ ਅਫ਼ਗਾਨ ਨੀਤੀ ਦਾ ਐਲਾਨ

ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀ ਨਵੀਂ ਅਫ਼ਗਾਨ ਨੀਤੀ ਦਾ ਐਲਾਨ ਕੀਤਾ। ਹਰ ਲਿਹਾਜ ਨਾਲ ਇਹ ਨੀਤੀ ਭਾਰਤ ਦੇ ਹਿੱਤਾਂ ਤੇ ਉਮੀਦਾਂ ਮੁਤਾਬਕ ਹੈ। ਟਰੰਪ ਨੇ ਭਾਰਤ ਨੂੰ ਇੱਕ ਅਹਿਮ ਸ਼ਕਤੀ ਮੰਨਦੇ ਹੋਏ ਉਸ ਦੇ ਨਾਲ ਰਣਨੀਤਕ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦਾ ਸੱਦਾ ਦਿੱਤਾ, ਤਾਂ ਦੂਜੇ ਪਾਸੇ ਪਾਕਿਸਤਾਨ ਨੂੰ ਸਖ਼ਤ ਫਟਕਾਰ ਲਾਈ ਕਿ ਉਹ ਅੱਤਵਾਦੀਆਂ ‘ਤੇ ਪੂਰੀ ਤਰ੍ਹਾਂ ਲਗਾਮ ਨਹੀਂ ਲਾ ਰਿਹਾ। ਟਰੰਪ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਜੇਕਰ ਪਾਕਿਸਤਾਨ ਨਾ ਸੁਧਰਿਆ ਤਾਂ ਉਸ ਨੂੰ ਬਹੁਤ ਕੁਝ ਗੁਆਉਣਾ ਪੈ ਸਕਦਾ ਹੈ। ਟਰੰਪ ਨੇ ਇਹ ਸਾਫ਼ ਕਰ ਦਿੱਤਾ ਕਿ ਭਾਰਤ ਅਮਰੀਕਾ ਦੀ ਅਫ਼ਗਾਨ ਨੀਤੀ ਦਾ ਅਹਿਮ ਹਿੱਸਾ ਹੈ।

ਭਾਰਤ ਨੇ ਟਰੰਪ ਦੀ ਅਫਗਾਨ ਨੀਤੀ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਅਨੁਸਾਰ, ਅਫ਼ਗਾਨਿਸਤਾਨ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਰਾਸ਼ਟਰਪਤੀ ਟਰੰਪ ਨੇ ਜੋ ਵਚਨਬੱਧਤਾ ਵਿਖਾਈ, ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਅਫ਼ਗਾਨਿਸਤਾਨ ਵਿੱਚ ਸ਼ਾਂਤੀ ਬਹਾਲੀ ਅਤੇ ਉੱਥੋਂ ਦੇ ਸਥਾਈ ਨਗਾਰਿਕਾਂ ਦੀ ਸੁਰੱਖਿਆ, ਸਥਾਈਤਵ ਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਦਾ ਕੰਮ ਕਰਦਾ ਰਹੇਗਾ। ਭਾਰਤ ਨੇ ਸੰਕੇਤ ਦਿੱਤਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਮੁੜ ਨਿਰਮਾਣ ਦਾ ਕੰਮ ਹੋਰ ਤੇਜ਼ ਕਰੇਗਾ। ਟਰੰਪ ਨੇ ਆਪਣੀ ਨੀਤੀ ਦਾ ਐਲਾਨ ਕਰਦੇ ਹੋਏ ਭਾਰਤ ਨੂੰ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿੱਚ ਆਰਥਿਕ ਮੱਦਦ ਹੋਰ ਵਧਾਏ।

ਰਾਸ਼ਟਰਪਤੀ ਟਰੰਪ ਦੀ ਨਵੀਂ ਅਫ਼ਗਾਨ ਨੀਤੀ ਨਾਲ ਪਾਕਿਸਤਾਨ ਸਕਤੇ ਵਿੱਚ ਹੈ। ਪਾਕਿਸਤਾਨ ਦੇ ਰਾਜਨੇਤਾਵਾਂ ਨਾਲ ਹੀ ਉੱਥੋਂ ਦੀ ਜਨਤਾ ਵੀ ਸੋਸ਼ਲ ਮੀਡੀਆ ਰਾਹੀਂ ਟਰੰਪ ਵੱਲੋਂ ਆਖੀਆਂ ਗਈਆਂ ਗੱਲਾਂ ਬੇਹੱਦ ਨਰਾਜ਼ ਹਨ। ਪਾਕਿਸਤਾਨ ਵਿੱਚ ਇਸ ਗੱਲ ਦਾ ਜ਼ਿਆਦਾ ਦੁੱਖ ਨਹੀਂ ਹੈ ਕਿ ਅਮਰੀਕਾ ਨੇ ਉਨ੍ਹਾਂ ਦੇ ਹੁਕਮਰਾਨਾਂ ਨੂੰ ਅੱਤਵਾਦ ਖਿਲਾਫ਼ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ, ਸਗੋਂ ਇਸ ਗੱਲ ਦੀ ਨਰਾਜ਼ਗੀ ਹੈ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਭਾਰਤ ਨੂੰ ਹੋਰ ਵਧ ਚੜ੍ਹ ਕੇ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top