ਸੰਪਾਦਕੀ

ਅਮਰੀਕਾ ਦੀ ਪਾਕਿ ‘ਤੇ ਸਖ਼ਤੀ

USA, Crackdown, Pakistan

ਅਮਰੀਕਾ ਦਾ ਇਹ ਫੈਸਲਾ ਦਰੁਸਤ ਹੈ ਜੇਕਰ ਇਹ ਸਿਰਫ਼ ਵਿਖਾਵਾ ਨਾ ਹੋਵੇ, ਸਗੋਂ ਪਾਕਿ ਨੂੰ ਹਕੀਕਤ ‘ਚ ਸ਼ੀਸ਼ਾ ਵਿਖਾਇਆ ਜਾਵੇ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਰੋਕ ਕੇ ਅੱਤਵਾਦ ਪ੍ਰਤੀ ਸਖ਼ਤ ਰੁਖ਼ ਅਪਣਾਇਆ ਹੈ। ਚਰਚਾ ਇਹੀ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਸਰਕਾਰ ਵੱਲੋਂ ਅੱਤਵਾਦ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ‘ਤੇ ਸੰਤੁਸ਼ਟੀ ਨਹੀਂ। ਅਮਰੀਕਾ ਦਾ ਇਹ ਫੈਸਲਾ ਦਰੁਸਤ ਹੈ ਜੇਕਰ ਇਹ ਸਿਰਫ਼ ਵਿਖਾਵਾ ਨਾ ਹੋਵੇ, ਸਗੋਂ ਪਾਕਿ ਨੂੰ ਹਕੀਕਤ ‘ਚ ਸ਼ੀਸ਼ਾ ਵਿਖਾਇਆ ਜਾਵੇ। ਦਰਅਸਲ ਓਬਾਮਾ ਪ੍ਰਸ਼ਾਸਨ ਵੇਲੇ ਵੀ ਅਜਿਹੇ ਫੈਸਲੇ ਲਏ ਜਾਂਦੇ ਸਨ ਪਰ ਕੁਝ ਦਿਨਾਂ ਮਗਰੋਂ ਇਹ ਰਾਸ਼ੀ ਫਿਰ ਜਾਰੀ ਕਰ ਦਿੱਤੀ ਜਾਂਦੀ ਸੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਅਹੁਦਾ ਸੰਭਾਲਦਿਆਂ ਇੱਕ ਵਾਰ ਪਾਕਿ ਨਾਲ ਸਖ਼ਤੀ ਵਰਤੀ ਅਤੇ ਆਰਥਿਕ ਸਹਾਇਤਾ ਦੇਣੀ ਰੋਕ ਦਿੱਤੀ ਪਰ ਮਗਰੋਂ ਉਹ ਰਾਸ਼ੀ ਜਾਰੀ ਕਰ ਦਿੱਤੀ ਗਈ। ਹੁਣ ਵੀ ਪਾਕਿਸਤਾਨ ਦਾ ਵਿਦੇਸ਼ ਮੰਤਰੀ ਦਾਅਵਾ ਕਰ ਰਿਹਾ ਹੈ ਕਿ ਪਾਕਿ ਸਰਕਾਰ ਨੇ ਅੱਤਵਾਦ ਖਿਲਾਫ਼ 300 ਮਿਲੀਅਨ ਡਾਲਰ ਆਪਣੇ ਪੱਲਿਓਂ ਖਰਚਿਆ ਹੈ ਤੇ ਇਹ ਰਾਸ਼ੀ ਅਮਰੀਕਾ ਤੋਂ ਲੈਣੀ ਉਸ ਦਾ ਹੱਕ ਹੈ। ਦਰਅਸਲ ਪਾਕਿਸਤਾਨ ਵੱਲੋਂ ਅੱਤਵਾਦ ਖਿਲਾਫ਼ ਕਾਰਵਾਈ ਦਾ ਤਮਾਸ਼ਾ ਜ਼ਿਆਦਾ ਹੁੰਦਾ ਰਿਹਾ ਹੈ ਤੇ ਅਮਲ ਘੱਟ ਹੋਇਆ ਹੈ।

ਅੱਤਵਾਦ ਬਾਰੇ ਇਸਲਾਮਾਬਾਦ ਨੇ ਦੂਹਰੀ ਨੀਤੀ ਅਪਣਾਈ ਹੋਈ ਹੈ। ਅਮਰੀਕਾ ਵੀ ਦੱਖਣੀ ਏਸ਼ੀਆ ਸ਼ਕਤੀ ਸੰਤੁਲਨ ਬਣਾਉਣ ਲਈ ਪਾਕਿ ਦੀ ਅੱਤਵਾਦ ਬਾਰੇ ਦੋਗਲ਼ੀ ਨੀਤੀ ਦੇ ਬਾਵਜ਼ੂਦ ਇਸ ਮੁਲਕ ਨਾਲ ਮਜ਼ਬੂਤ ਸਬੰਧ ਬਣਾ ਕੇ ਚੱਲ ਰਿਹਾ ਹੈ। ਅਮਰੀਕਾ ਨੂੰ ਟੱਕਰ ਦੇਣ ਲਈ ਚੀਨ ਨੇ ਪਾਕਿਸਤਾਨ ‘ਚ ਆਪਣੇ ਪੈਰ ਜਮਾ ਲਏ ਹਨ। ਇਸ ਲਈ ਅਮਰੀਕਾ ਅੱਤਵਾਦ ਦੇ ਖਿਲਾਫ਼ ਕਾਰਵਾਈ ਦੇ ਨਾਂਅ ‘ਤੇ ਪਾਕਿ ਨੂੰ ਆਰਥਿਕ ਸਹਾਇਤਾ ਦੇ ਕੇ ਪਾਕਿ ‘ਚ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦਾ ਹੈ।

ਭਾਰਤ ‘ਚ ਜਾਰੀ ਅੱਤਵਾਦ ਨੂੰ ਪਾਕਿ ਵੱਲੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਜੱਗ-ਜ਼ਾਹਿਰ ਹੋਣ ਦੇ ਬਾਵਜ਼ੂਦ ਅਮਰੀਕਾ ਨੇ ਪਾਕਿ ਦੀ ਵਿਦੇਸ਼ ਨੀਤੀ ‘ਤੇ ਸਵਾਲ ਨਹੀਂ ਕੀਤਾ। ਇਹ ਕਿਹਾ ਜਾਣਾ ਵੀ ਗਲਤ ਨਹੀਂ ਹੋਵੇਗਾ ਕਿ ਅਮਰੀਕਾ ਆਪਣੇ ਪੱਲਿਓਂ ਪੈਸਾ ਖਰਚ ਕੇ ਪਾਕਿ ਨੂੰ ਸਿਰਫ ਆਪਣੇ ਹੱਥ ‘ਚ ਰੱਖਣਾ ਚਾਹੁੰਦਾ ਹੈ। ਲਗਭਗ ਇੱਕ ਦਹਾਕੇ ਤੋਂ ਅਰਬਾਂ ਰੁਪਏ ਸਹਾਇਤਾ ਪਾਕਿ ਨੂੰ ਮਿਲ ਰਹੀ ਹੈ ਪਰ ਉਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਪਾਕਿਸਤਾਨ ਅੱਤਵਾਦ ਦੀ ਨਰਸਰੀ ਬਣਿਆ ਹੋਇਆ ਹੈ।

ਅਮਰੀਕਾ ਵੱਲੋਂ ਅੱਤਵਾਦੀ ਕਰਾਰ ਦਿੱਤਾ ਹਾਫਿਜ਼ ਮੁਹੰਮਦ ਸਈਅਦ ਸ਼ਰੇਆਮ ਭਾਰਤ ਖਿਲਾਫ਼ ਜ਼ਹਿਰ ਉਗਲਦਾ ਹੈ ਤੇ ਉਸ ਨੂੰ ਰਾਜਨੀਤਕ ਪਾਰਟਂੀ ਬਣਾਉਣ ਦੀ ਵੀ ਸਰਕਾਰ ਨੇ ਆਗਿਆ ਦਿੱਤੀ ਹੈ। ਫਿਰ ਵੀ ਅਜਿਹੇ ਮੁਲਕ ‘ਤੇ ਇਤਬਾਰ ਕਰਨਾ, ਅਮਰੀਕਾ ਦੀਆਂ ਨੀਤੀਆਂ ‘ਤੇ ਸਵਾਲ ਖੜ੍ਹਾ ਕਰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top