ਈਜੀਐੱਸ ਅਧਿਆਪਕਾਂ ਨਾਲ ‘ਫਿਕਸ ਮੈਚ’ ਖੇਡਣਗੇ ਵਿਜੈਇੰਦਰ ਸਿੰਗਲਾ

Vijayinder Singla, fix match, Teachers

ਭਰਤੀ ਤਾਂ ਨਿਕਲੇਗੀ ਪਰ ਹੋਰ ਕੋਈ ਨਹੀਂ ਕਰ ਸਕੇਗਾ ਅਪਲਾਈ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਸੰਗਰੂਰ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਨੱਕ ਵਿੱਚ ਦਮ ਕਰਨ ਵਾਲੇ ਈਜੀਐੱਸ ਅਧਿਆਪਕਾਂ ਨਾਲ ਵਿਜੈਇੰਦਰ ਸਿੰਗਲਾ ਨੇ ‘ਫਿਕਸ ਮੈਚ’ ਖੇਡਣ ਜਾ ਰਹੇ ਹਨ। ਇਸ ਵਿੱਚ ਸਿੱਖਿਆ ਵਿਭਾਗ ਵੱਲੋਂ ਪੋਸਟਾਂ ਕੱਢਦੇ ਹੋਏ ਹਰ ਤਰ੍ਹਾਂ ਦੀ ਰਸਮੀ ਕਾਰਵਾਈ ਤਾਂ ਕੀਤੀ ਜਾਏਗੀ ਪਰ ਇਨ੍ਹਾਂ ਪੋਸਟਾਂ ਰਾਹੀਂ ਇਹੋ ਜਿਹੀਆਂ ਸ਼ਰਤਾਂ ਤੇ ਨਿਯਮ ਤੈਅ ਕੀਤੇ ਜਾਣਗੇ, ਜਿਸ ਵਿੱਚ ਸਿਰਫ਼ ਮੌਜ਼ੂਦਾ ਈਜੀਐੱਸ ਅਧਿਆਪਕ ਹੀ ਫਾਰਮ ਭਰ ਸਕਣਗੇ, ਜਦੋਂ ਕਿ ਕੋਈ ਵੀ ਹੋਰ ਨੌਜਵਾਨ ਇਨ੍ਹਾਂ ਪੋਸਟਾਂ ਦਾ ਫਾਰਮ ਵੀ ਨਹੀਂ ਭਰ ਪਾਏਗਾ। ਜਿਸ ਕਾਰਨ ਸਾਹਮਣੇ ਕੋਈ ਵੀ ਟੱਕਰ ਨਹੀਂ ਹੋਣ ਦੇ ਚਲਦੇ ਮੈਰਿਟ ਰਾਹੀਂ ਇਹ ਸਾਰੇ ਈਜੀਐੱਸ ਪੱਕੀ ਭਰਤੀ ਦੇ ਤੌਰ ‘ਤੇ ਸਿੱਖਿਆ ਵਿਭਾਗ ‘ਚ ਸ਼ਾਮਲ ਹੋ ਜਾਣਗੇ।

ਇਸ ‘ਫਿਕਸ ਮੈਚ’ ਦਾ ਵਾਅਦਾ ਮਿਲਣ ਤੋਂ ਬਾਅਦ ਈਜੀਐੱਸ ਅਧਿਆਪਕਾਂ ਨੇ ਸੰਗਰੂਰ ਵਿਖੇ ਚੱਲ ਰਹੇ ਧਰਨਾ ਪ੍ਰਦਰਸ਼ਨ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ‘ਫਿਕਸ ਮੈਚ’ ਵਿੱਚ ਬੈਟਿੰਗ ਕਰਨ ਦੀ ਤਿਆਰੀ ਲਈ ਸਿੱਖਿਆ ਵਿਭਾਗ ਨੇ ਇਨ੍ਹਾਂ ਈਜੀਐੱਸ ਅਧਿਆਪਕਾਂ ਨੂੰ 9 ਮਹੀਨਿਆਂ ਸਮਾਂ ਦਿੱਤਾ ਹੈ ਤਾਂ ਕਿ ਜਿਹੜੀ ਐਨਟੀਟੀ ਦਾ ਸਰਟੀਫਿਕੇਟ ਇਨ੍ਹਾਂ ਕੋਲ ਨਹੀਂ ਹੈ, ਉਸ ਨੂੰ ਇਹ ਹਾਸਲ ਕਰ ਸਕਣ ਤਾਂ ਕਿ ਇਨ੍ਹਾਂ ‘ਚੋਂ ਕੋਈ ਵੀ ਨਿਯਮਾਂ ਤੋਂ ਬਾਹਰ ਹੁੰਦੇ ਹੋਏ ਨੌਕਰੀ ਤੋਂ ਵਾਂਝਾ ਨਾ ਰਹਿ ਜਾਵੇ।

ਜਾਣਕਾਰੀ ਅਨੁਸਾਰ 7800 ਦੇ ਲਗਭਗ ਈਜੀਐੱਸ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲਾਂ ‘ਚ ਪੜ੍ਹਾਈ ਕਰਵਾਉਣ ਲਈ ਇੱਕ ਯਕਮੁਸ਼ਤ ਤਨਖਾਹ ‘ਤੇ 12-13 ਸਾਲ ਪਹਿਲਾਂ ਪੰਚਾਇਤ ਵਿਭਾਗ ਨੇ ਭਰਤੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਸਾਰੇ ਸਿੱਖਿਆ ਵਿਭਾਗ ਦੇ ਅਧੀਨ ਤਾਂ ਆ ਗਏ ਪਰ ਇਨ੍ਹਾਂ ਦੀ ਭਰਤੀ ਬਿਨਾਂ ਕਿਸੇ ਇਸ਼ਤਿਹਾਰ ਅਤੇ ਨਿਯਮਾਂ ਤਹਿਤ ਪੇਪਰ ਤੋਂ ਹੋਣ ਕਾਰਨ ਇਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਪੱਕਾ ਨਹੀਂ ਕੀਤਾ ਜਾ ਰਿਹਾ ਸੀ। ਇਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਤਾਂ ਕੀਤਾ ਗਿਆ ਪਰ ਕੋਈ ਸਫ਼ਲਤਾ ਹਾਸਲ ਨਹੀਂ ਹੋਈ।

ਹੁਣ ਪਿਛਲੇ ਦਿਨੀਂ ਇਨ੍ਹਾਂ ਈਜੀਐੱਸ ਅਧਿਆਪਕਾਂ ਨੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਘਰ ਤੋਂ ਕੁਝ ਹੀ ਦੂਰੀ ‘ਤੇ ਪੱਕਾ ਧਰਨਾ ਲਗਾਉਂਦੇ ਹੋਏ ਲਗਾਤਾਰ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਇਨ੍ਹਾਂ ਈਜੀਐੱਸ ਅਧਿਆਪਕਾਂ ਨੂੰ ਵਿਜੈਇੰਦਰ ਸਿੰਗਲਾ ਨੇ ਮੀਟਿੰਗ ਲਈ ਚੰਡੀਗੜ੍ਹ ਵਿਖੇ ਸੱਦਿਆ ਸੀ, ਜਿਸ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਡੀਪੀਆਈ ਪ੍ਰਾਇਮਰੀ ਇੰਦਰਜੀਤ ਵੀ ਸ਼ਾਮਲ ਹੋਏ।

ਇਸ ਮੀਟਿੰਗ ਦੌਰਾਨ ਈਜੀਐੱਸ ਅਧਿਆਪਕਾਂ ਨੂੰ ਪੱਕੇ ਤੌਰ ‘ਤੇ ਰੱਖਣ ਦੀ ਗੱਲ ਆਈ ਤਾਂ ਸਰਕਾਰੀ ਨਿਯਮ ਪੂਰੇ ਨਾ ਹੋਣ ਦੀ ਗੱਲ ਸਾਹਮਣੇ ਆਈ ਤੇ ਵਿਜੈਇੰਦਰ ਸਿੰਗਲਾ ਨੇ ਇਨ੍ਹਾਂ ਈਜੀਐੱਸ ਅਧਿਆਪਕਾਂ ਨਾਲ ‘ਫਿਕਸ ਮੈਚ’ ਖੇਡਣ ਲਈ ਹਾਮੀ ਭਰ ਦਿੱਤੀ, ਜਿਸ ਵਿੱਚ ਸਿੱਖਿਆ ਵਿਭਾਗ ਐਨਟੀਟੀ ਸਰਟੀਫਿਕੇਟ ਪ੍ਰਾਪਤ ਨੂੰ ਨੌਕਰੀ ‘ਤੇ ਰੱਖੇਗਾ ਤੇ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਇਹ ਕੋਰਸ ਕਰਨ ਲਈ 9 ਮਹੀਨੇ ਦਾ ਸਮਾਂ ਵੀ ਦਿੱਤਾ ਜਾਏਗਾ। ਇਸ ਤੋਂ ਬਾਅਦ ਸਿੱਖਿਆ ਵਿਭਾਗ ਪ੍ਰਾਇਮਰੀ ਅਧਿਆਪਕਾਂ ਦੀਆਂ ਪੋਸਟਾਂ ਕੱਢਦੇ ਹੋਏ ਬਕਾਇਦਾ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਵੇਗਾ ਤੇ ਸਾਰੇ ਨਿਯਮ ਰਸਮੀ ਤੌਰ ‘ਤੇ ਮੁਕੰਮਲ ਕੀਤੇ ਜਾਣਗੇ ਪਰ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਨਾ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕੇ, ਉਸ ਲਈ ਇਨ੍ਹਾਂ ਈਜੀਐੱਸ ਅਧਿਆਪਕਾਂ ਨੂੰ ਹਰ ਸਾਲ ਦਾ ਡੇਢ ਨੰਬਰ ਦਿੱਤਾ ਜਾਏਗਾ, ਜਿਹੜਾ ਕਿ ਮੈਰਿਟ ਵਿੱਚ ਕੰਮ ਆਏਗਾ। ਇਸ ਨਾਲ ਹੀ ਇਸ ਪੋਸਟ ਲਈ ਸਿਰਫ਼ ਉਹ ਹੀ ਅਪਲਾਈ ਕਰ ਪਾਏਗਾ, ਜਿਸ ਕੋਲ 3 ਸਾਲ ਦਾ ਸਿਰਫ਼ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਦਾ ਹੀ ਤਜਰਬਾ ਹੋਏ। ਇਹ ਤਜਰਬਾ ਕਿਸੇ ਹੋਰ ਉਮੀਦਵਾਰ ਕੋਲ ਨਹੀਂ ਹੋਏਗਾ ਤਾਂ ਹਰ ਸਾਲ ਦਾ ਡੇਢ ਨੰਬਰ ਜਿਹੜਾ ਕਿ 20 ਨੰਬਰ ਦੇ ਲਗਭਗ ਬਣ ਜਾਣਗੇ, ਉਹ ਮੈਰਿਟ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਉੱਪਰ ਰੱਖਣ ‘ਚ ਮਦਦ ਕਰਨਗੇ। ਇਸ ਫਿਕਸ ਮੈਚ ਦੌਰਾਨ ਨੌਕਰੀ ਹਾਸਲ ਕਰਨ ਵਿੱਚ ਸਿਰਫ਼ ਇਹ ਈਜੀਐੱਸ ਅਧਿਆਪਕ ਹੀ ਕਾਮਯਾਬ ਹੋ ਪਾਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।