ਨਸ਼ੇ ਖ਼ਿਲਾਫ਼ ਫਿਰ ਐਲਾਨੀ ‘ਵਾਰ’, ਆਖਰ ਕਿੰਨਵੀਂ ਵਾਰ!, ਨਹੀਂ ਖ਼ਤਮ ਹੋਇਆ ਨਸ਼ਾ

War, Again, Declared, Against, Drug, Addict, How, Many, Times!

ਪਿਛਲੇ ਡੇਢ ਸਾਲ ਤੋਂ ਕਈ ਵਾਰ ਐਲਾਨੀ ਜਾ ਰਹੀ ਐ ‘ਵਾਰ’ (ਜੰਗ)

ਪੰਜਾਬ ਸਰਕਾਰ ਵੱਲੋਂ ਮੁੜ ਤੋਂ 6 ਮਹੀਨੇ ਲਈ ਐਲਾਨੀ ਗਈ ਜੰਗ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਨਸ਼ੇ ਖ਼ਿਲਾਫ਼ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ‘ਵਾਰ’ (ਜੰਗ) ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਇਹ ਜੰਗ 6 ਮਹੀਨੇ ਲਈ ਵਿੱਢੀ ਗਈ ਹੈ, ਜਿਸ ਦੌਰਾਨ ਨਾ ਸਿਰਫ਼ ਪੰਜਾਬ ‘ਚੋਂ ਨਸ਼ੇ ਦਾ ਖ਼ਾਤਮਾ ਕੀਤਾ ਜਾਏਗਾ, ਸਗੋਂ ਨਸ਼ੇੜੀਆਂ ਨੂੰ ਨਸ਼ੇ ਦੀ ਲਤ ਤੋਂ ਬਾਹਰ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ। ਪੰਜਾਬ ਸਰਕਾਰ ਵੱਲੋਂ ਇਹ ‘ਵਾਰ’ (ਜੰਗ) ਪਹਿਲੀ ਵਾਰ ਨਹੀਂ, ਸਗੋਂ ਗਈ ਵਾਰ ਛੇੜੀ ਜਾ ਚੁੱਕੀ ਹੈ।

ਅਮਰਿੰਦਰ ਸਿੰਘ ਨੇ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਨਸ਼ੇ ਖ਼ਿਲਾਫ਼ ਜੰਗ ਕਰਨ ਦਾ ਐਲਾਨ ਕੀਤਾ ਸੀ ਅਤੇ ਹਰਪ੍ਰੀਤ ਸਿੱਧੂ ਵਰਗੇ ਚੰਗੇ ਪੁਲਿਸ ਅਧਿਕਾਰੀਆਂ ਨੂੰ ਪੰਜਾਬ ‘ਚ ਵਾਪਸ ਲਿਆ ਕੇ ਐੱਸਟੀਐੱਫ ਤੱਕ ਬਣਾਈ ਸੀ। ਇਸ ਤੋਂ ਬਾਅਦ ਸਮੇਂ-ਸਮੇਂ ਸਿਰ ਕਦੇ ਅਮਰਿੰਦਰ ਸਿੰਘ ਜਾਂ ਫਿਰ ਐੱਸਟੀਐੱਫ ਮੁਖੀ ਹਰਪ੍ਰੀਤ ਸਿੱਧੂ ਵੱਲੋਂ ਜੰਗ ਦਾ ਐਲਾਨ ਕੀਤਾ ਗਿਆ। ਇਸ ਨਸ਼ੇ ਖ਼ਿਲਾਫ਼ ਸਿਹਤ ਵਿਭਾਗ ਵੀ ਜੰਗ ਦਾ ਐਲਾਨ ਕਰ ਚੁੱਕਾ ਹੈ, ਜਿਸ ‘ਚ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢਣ ਦੇ ਨਾਲ ਹੀ ਉਨ੍ਹਾਂ ਦਾ ਇਲਾਜ ਕਰਨ ਦੀ ਠਾਣੀ ਸੀ।

ਪੰਜਾਬ ਪੁਲਿਸ ਤੇ ਸਿਹਤ ਵਿਭਾਗ ਸਣੇ ਸਾਰੇ ਵਿਭਾਗ ਮਿਲ ਕੇ ਕਰਨਗੇ ਕੰਮ

ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਹਰ ਵਾਰ ਜੰਗ ਕਰਨ ਦਾ ਐਲਾਨ ਤਾਂ ਕੀਤਾ ਜਾ ਰਿਹਾ ਹੈ ਪਰ  ਪਿਛਲੇ 1 ਮਹੀਨੇ ਦਰਮਿਆਨ ਹੀ 60 ਤੋਂ ਜ਼ਿਆਦਾ ਮੌਤਾਂ ਸਿਰਫ਼ ਨਸ਼ੇ ਕਾਰਨ ਹੀ ਹੋ ਗਈਆਂ ਹਨ, ਜਦੋਂ ਕਿ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਨੇ ਨਸ਼ਾ ਖ਼ਤਮ ਕਰ ਦਿੱਤਾ ਹੈ। ਸੋਮਵਾਰ ਨੂੰ ਨਸ਼ੇ ਖ਼ਿਲਾਫ਼ ਬਣੀ ਕੈਬਨਿਟ ਸਬ ਕਮੇਟੀ ਸਣੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਈ ਗਈ ਤੇ ਇਸ ਮੀਟਿੰਗ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਨਸ਼ੇ  ਖ਼ਿਲਾਫ਼ ਜੰਗ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਵਾਰ ਜੰਗ 6 ਮਹੀਨੇ ਲਈ ਹੋਵੇਗੀ ਤੇ 6 ਮਹੀਨੇ ‘ਚ ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਦੇ ਨਾਲ ਹੀ ਨਸ਼ੇੜੀਆਂ ਦਾ ਇਲਾਜ ਕਰਨ ਦਾ ਟੀਚਾ ਵੀ ਮਿਥਿਆ ਗਿਆ ਹੈ। ਇਸ ਨਾਲ ਹੀ ਸਰਕਾਰ ਨੇ ਰਿਟਾਇਰ ਹੋ ਚੁੱਕੇ ਮਨੋਵਿਗਿਆਨੀ ਠੇਕੇ ‘ਤੇ ਰੱਖਣ ਦਾ ਫੈਸਲਾ ਲਿਆ ਹੈ ਤਾਂ ਕਿ ਉਨ੍ਹਾਂ ਰਾਹੀਂ ਨਸ਼ੇੜੀ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਸ਼ ਕੀਤੀ ਜਾ ਸਕੇ। ਇੱਥੇ ਹੀ ਪੰਜਾਬ ਪੁਲਿਸ ਨੂੰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਬੂਪੇਰੋਨੋਰਫਿਨ ਤੇ ਨਾਲੋਕਸੋਨ ਨੂੰ ਛਾਪੇਮਾਰੀ ਕਰਦੇ ਹੋਏ ਫੜ੍ਹਨ ਲਈ ਕਿਹਾ ਹੈ।

ਪੰਜਾਬ ਨਸ਼ਾ ਮੁਕਤ ਤਾਂ ਕਿਉਂ ਛੇੜੀ ਜਾ ਰਹੀ ‘ਜੰਗ’

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਸਰਕਾਰ ਕੈਬਨਿਟ ਮੰਤਰੀ ਇਹ ਗੱਲ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਹੈ ਤੇ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਨਸ਼ਾ ਦੀ ਸਪਲਾਈ ਚੇਨ ਤੋੜਨ ਨਾਲ ਹੀ ਗਲਤ ਨਸ਼ਾ ਲੈਣ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇੱਥੇ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਨਸ਼ਾ ਪੰਜਾਬ ‘ਚੋਂ ਖ਼ਤਮ ਹੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਸਰਕਾਰ ਨਸ਼ੇ ਖ਼ਿਲਾਫ਼ ਕਿਹੜੀ ਜੰਗ ਛੇੜਨ ਜਾ ਕਿਉਂ ਛੇੜਨ ਜਾ ਰਹੀ ਹੈ, ਜਦੋਂ ਕਿ ਸਰਕਾਰ ਅਨੁਸਾਰ ਤਾਂ ਪੰਜਾਬ ‘ਚ ਨਸ਼ਾ ਹੀ ਨਹੀਂ ਹੈ?

ਰਿਕਾਰਡ ਬਣਾਉਣ ‘ਚ ਫੇਲ੍ਹ ਸਾਬਤ ਹੋਇਆ ਸਿਹਤ ਵਿਭਾਗ

ਸਿਹਤ ਵਿਭਾਗ ਨਸ਼ਾ ਛੱਡਣ ਲਈ ਆਉਣ ਵਾਲੇ ਨਸ਼ੇੜੀਆਂ ਦਾ ਰਿਕਾਰਡ ਤਿਆਰ ਕਰਨ ‘ਚ ਹੀ ਫੇਲ੍ਹ ਸਾਬਤ ਹੋਇਆ ਹੈ। ਸਿਹਤ ਵਿਭਾਗ ਕੋਲ ਇਹੋ ਜਿਹਾ ਕੋਈ ਰਿਕਾਰਡ ਨਹੀਂ ਹੈ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਕਿਹੜਾ ਨਸ਼ੇੜੀ, ਕਿਹੜੇ ਨਸ਼ਾ ਦਾ ਆਦੀ ਸੀ। ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਖੁਦ ਮੰੰਨ ਰਹੇ ਹਨ ਕਿ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਤੇ ਨਾ ਹੀ ਤਿਆਰ ਕੀਤਾ ਜਾ ਰਿਹਾ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਸਿਹਤ ਵਿਭਾਗ ਇਸ ਗੱਲ ਦਾ ਅੰਕੜਾ ਨਹੀਂ ਰੱਖ ਰਿਹਾ ਹੈ ਕਿ ਕਿਹੜੇ-ਕਿਹੜੇ ਨਸ਼ੇ ਕਰਨ ਵਾਲੇ ਕਿੰਨੇ ਕਿੰਨੇ ਨਸ਼ੇੜੀ ਉਨ੍ਹਾਂ ਕੋਲ ਇਲਾਜ ਲਈ ਆਏ ਹਨ।

ਨਹੀਂ ਪਤਾ ਕਿਵੇਂ ਹੋ ਰਹੀਆਂ ਹਨ ਮੌਤਾਂ

ਸਿਹਤ ਵਿਭਾਗ ਨੂੰ ਪਿਛਲੇ 1 ਮਹੀਨੇ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਬਾਰੇ ਕੋਈ ਵੀ ਕਾਰਨ ਹੀ ਨਹੀਂ ਲੱਭ ਪਾ ਰਿਹਾ ਹੈ। ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਖ਼ੁਦ ਮੰਨ ਰਹੇ ਹਨ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਕਿਹੜੇ ਨਸ਼ੇ ਜਾਂ ਫਿਰ ਦਵਾਈ ਨਾਲ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਅਨੁਸਾਰ ਤਾਂ ਨਸ਼ੇ ਨਾਲ ਸਿਰਫ਼ 2 ਹੀ ਮੌਤਾਂ ਹੋਈਆ ਹਨ। ਉਨ੍ਹਾਂ ਨੇ ਇੱਥੇ ਕਿਹਾ ਕਿ ਜੇਕਰ ਮਾਪੇ ਹੀ ਨੌਜਵਾਨਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ ਤਾਂ ਉਹ ਕਿਵੇਂ ਪਤਾ ਲਵਾ ਸਕਦੇ ਹਨ ਕਿ ਕਿਹੜੀ ਦਵਾਈ ਜਾਂ ਨਸ਼ੇ ਨਾਲ ਮੌਤਾਂ ਹੋਈਆਂ ਹਨ। ਉਨ੍ਹਾਂ ਵੱਡੀ ਗਿਣਤੀ ‘ਚ ਮੌਤਾਂ ਤੋਂ ਵੀ ਸਾਫ਼ ਇਨਕਾਰ ਕਰਦਿਆਂ ਇਹਨੂੰ ਮੀਡੀਆ ਦੀ ਦੇਣ ਕਰਾਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।