ਮੌਸਮ ਹੋਇਆ ਝੋਨਾ ਲਾਉਣ ਦੇ ਅਨੂਕੁਲ : ਕਿਸਾਨਾਂ ਨੇ ਝੋਨੇ ਲਾਉਣ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਖਿੱਚੀਆਂ

0
34

ਕਿਸਾਨਾਂ ਨੂੰ ਮੁਢਲੇ ਪੜਾਅ ‘ਤੇ ਮਜ਼ਦੂਰਾਂ ਦੀ ਪੈ ਸਕਦੀ ਹੈ ਤੋਟ

ਸੰਗਰੂਰ, (ਗੁਰਪ੍ਰੀਤ ਸਿੰਘ) ਕੁਦਰਤ ਇਸ ਵਾਰ ਕਿਸਾਨਾਂ ਤੇ ਪੂਰਨ ਮਿਹਰਬਾਨ ਲੱਗ ਰਹੀ ਹੈ ਕਿ ਕਿਉਂਕਿ ਝੋਨੇ ਦਾ ਸੀਜ਼ਨ ਐਨ ਸਿਰ ਤੇ ਹੋਣ ਕਾਰਨ ਪੰਜਾਬ ਵਿੱਚ ਵੱਡੇ ਪੱਧਰ ‘ਤੇ ਭਾਰੀ ਬਰਸਾਤਾਂ ਪੈ ਰਹੀਆਂ ਹਨ ਬੀਤੇ ਕੱਲ੍ਹ ਬਰਨਾਲਾ, ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਰਸਾਤ ਹੋਣ ਕਾਰਨ ਕਿਸਾਨਾਂ ਵੱਲੋਂ ਝੋਨਾ ਬੀਜਣ ਲਈ ਅਹੁੜ ਪਹੁੜ ਤੇਜ਼ ਕਰ ਦਿੱਤੇ ਹਨ

ਇਸ ਵਾਰ ਕੋਵਿਡ 19 ਬਿਮਾਰੀ ਫੈਲਣ ਕਾਰਨ ਪੰਜਾਬ ਵਿੱਚ ਝੋਨਾ ਲਾਉਣ ਦਾ ਇੱਕ ਵੱਖਰਾ ਸਰੂਪ ਨਜ਼ਰ ਆਉਣ ਦੀ ਸੰਭਾਵਨਾ ਹੈ ਖੇਤੀਬਾੜੀ ਮਹਿਕਮੇ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ 30 ਤੋਂ 40 ਫੀਸਦੀ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਹੋਣ ਦੇ ਆਸਾਰ ਹਨ

ਜਿਸ ਵਿੱਚੋਂ ਵੱਡੀ ਗਿਣਤੀ ਵਿੱਚ ਸਿੱਧੀ ਬਿਜਾਈ ਕੀਤੀ ਵੀ ਜਾ ਚੁੱਕੀ ਹੈ ਪਰ ਦੂਜੇ ਪਾਸੇ ਕਿਸਾਨਾਂ ਦਾ ਮੰਨਣਾ ਹੈ ਕਿ ਸਿੱਧੀ ਬਿਜਾਈ ਸਿਰਫ਼ ਸਰਦੇ ਪੁਜਦੇ ਕਿਸਾਨ ਹੀ ਕਰਨਗੇ ਕਿਉਂਕਿ ਇਸ ਬਿਜਾਈ ਲਈ ਖੇਤੀ ਸੰਦ ਕਾਫ਼ੀ ਮਹਿੰਗੇ ਹੋਣ ਕਾਰਨ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ ਅਤੇ ਛੋਟੇ ਕਿਸਾਨ ਤਾਂ ਇਸ ਵਾਰ ਵੀ ਮਜ਼ਦੂਰਾਂ ਤੋਂ ਹੀ ਝੋਨਾ ਲਵਾਉਣਗੇ ਭਾਵੇਂ ਸਰਕਾਰੀ ਤੌਰ ‘ਤੇ ਕਿਸਾਨਾਂ ਨੂੰ 10 ਜੂਨ ਤੋਂ ਬਾਅਦ ਹੀ ਝੋਨਾ ਲਾਉਣ ਬਾਰੇ ਕਿਹਾ ਜਾ ਰਿਹਾ ਹੈ ਪਰ ਕਈ ਥਾਈਂ ਮੌਸਮ ਦਾ ਲਾਹਾ ਲੈਂਦਿਆਂ ਕਿਸਾਨਾਂ ਨੇ ਝੋਨਾ ਲਾਉਣਾ ਆਰੰਭ ਵੀ ਕਰ ਦਿੱਤਾ ਹੈ

ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਲੱਡਾ ਦੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਟੇਕ ਮਜ਼ਦੂਰਾਂ ‘ਤੇ ਹੀ ਲੱਗੀ ਹੋਈ ਹੈ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਉਡੀਕ ਹੈ ਉਨ੍ਹਾਂ ਦੱਸਿਆ ਕਿ ਜਿਹੜੇ ਜ਼ਿਲ੍ਹਿਆਂ ਦੇ ਬਾਰਡਰ ਯੂ.ਪੀ. ਤੇ ਬਿਹਾਰ ਨਾਲ ਖਹਿੰਦੇ ਹਨ, ਉਥੇ ਕਿਸਾਨਾਂ ਵੱਲੋਂ ਮਜ਼ਦੂਰਾਂ ਨੂੰ ਲਿਆਉਣਾ ਆਰੰਭ ਕੀਤਾ ਹੋਇਆ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਮਜ਼ਦੂਰਾਂ ਨੂੰ ਇਸ ਵਾਰ ਜ਼ਿਆਦਾ ਸਰਕਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਕਈ ਦਿਨ ਲਗਾਤਾਰ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ

ਜਿਸ ਕਾਰਨ ਵੱਡੀ ਗਿਣਤੀ ਵਿੱਚ ਮਜ਼ਦੂਰ ਦੁਚਿੱਤੀ ਵਿੱਚ ਹਨ ਕਿਸਾਨ ਆਗੂ ਮਲਕੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਕਿਸਾਨ ਰਵਾਇਤੀ ਢੰਗ ਨਾਲ ਹੀ ਝੋਨਾ ਲਾਉਣਗੇ ਉਨ੍ਹਾਂ ਆਖਿਆ ਕਿ ਭਾਵੇਂ ਮਜ਼ਦੂਰਾਂ ਦੀ ਵੱਡੇ ਪੱਧਰ ‘ਤੇ ਕਿੱਲਤ ਹੈ ਪਰ ਇਸ ਦੇ ਬਾਵਜੂਦ ਛੋਟੇ ਕਿਸਾਨ ਸਿੱਧੀ ਬਿਜਾਈ ਲਈ ਵਰਤੇ ਜਾਂਦੇ ਖੇਤੀ ਸੰਦਾਂ ਦਾ ਵਿੱਤੀ ਭਾਰ ਸਹਿਣ ਨਹੀਂ ਕਰ ਸਕਦੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਸਿੱਧੀ ਬਿਜਾਈ ਨੂੰ ਪ੍ਰਫੁੱਲਤ ਕੀਤਾ ਜਾਵੇ ਤਾਂ ਛੋਟੇ ਕਿਸਾਨਾਂ ਨੂੰ ਬਿਜਾਈ ਲਈ ਲੋੜੀਂਦੀਆਂ ਮਸ਼ੀਨਾਂ ਕਿਰਾਏ ‘ਤੇ ਮੁਹੱਈਆ ਕਰਵਾਈਆਂ ਜਾਣ

ਮੌਸਮ ਨੇ ਦਿੱਤਾ ਕਿਸਾਨਾਂ ਦਾ ਸਾਥ, ਪਾਵਰਕੌਮ ਦੇ ਕੀਤੇ ਹੱਥ ਖੜ੍ਹੇ : ਗੋਬਿੰਦਰ ਸਿੰਘ

ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਗੋਬਿੰਦਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰ ਰਹੀ ਹੈ ਦੂਜੇ ਪਾਸੇ ਝੋਨੇ ਲਈ ਪੂਰੀ ਬਿਜਲੀ ਨਹੀਂ ਦਿੱਤੀ ਜਾ ਰਹੀ ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ, ਉਨ੍ਹਾਂ ਨੂੰ ਖੇਤ ਰਮਾਉਣ ਲਈ ਬਿਜਲੀ ਨਹੀਂ ਮਿਲ ਰਹੀ ਉਨ੍ਹਾਂ ਆਖਿਆ ਕਿ ਜੇਕਰ ਐਨ ਮੌਕੇ ‘ਤੇ ਮੀਂਹ ਨਾ ਪੈਂਦਾ ਤਾਂ ਕਿਸਾਨਾਂ ਨੂੰ ਬਿਜਲੀ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀ

ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨਾ ਇੱਕ ਚੰਗਾ ਰੁਝਾਨ : ਗਰੇਵਾਲ

ਸੰਗਰੂਰ ਦੇ ਖੇਤੀਬਾੜੀ ਜਿਲ੍ਹਾ ਮੁੱਖ ਅਫਸਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਕਿਸਾਨ ਦਾ ਫਾਇਦਾ ਹੈ ਉੱਥੇ ਵਾਤਾਵਰਨ ਪ੍ਰਤੀ ਵੀ ਹਾਂਪੱਖੀ ਹੈ ।

ਗਰੇਵਾਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਇਹ ਸੁਝਾਅ ਦਿੱਤਾ ਜਾ ਰਿਹਾ ਸੀ ਕਿ ਝੋਨੇ ਦੀ ਰਵਾਇਤੀ ਕਾਸਤ ਕਰਨ ਦਾ ਢੰਗ ਛੱਡ ਕੇ ਸਿੱਧੀ ਬਿਜਾਈ ਵੱਲ ਮੁੜਨ ਤਾਂ ਜੋ ਕੁਦਰਤੀ ਸੋਮੇ ਪਾਣੀ ਦੀ ਬੱਚਤ ਹੋ ਸਕੇ ਅਤੇ ਕਿਸਾਨਾਂ ਦਾ ਸਮਾਂ ਅਤੇ ਪੈਸਾ ਵੀ ਬਚਾਇਆ ਜਾ ਸਕੇ ਉਹਨਾਂ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ 266000 ਹੈਕਟੇਅਰ ਦੇ ਲਗਭੱਗ ਰਕਬੇ ਤੇ ਝੋਨੇ ਦੀ ਖੇਤੀ ਦਾ ਟੀਚਾ ਮਿੱਥਿਅ ਗਿਆ ਹੈ ਤੇ ਇਸ ਸਾਲ ਤਕਰੀਬਨ 40 ਹਜ਼ਾਰ ਹੈਕਟੇਅਰ  ਰਕਬੇ ਵਿੱਚ ਸਿੱਧੀ ਬਿਜਾਈ ਦਾ ਅਨੁਮਾਨ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।