ਪੈਰਾ ਓਲਿੰਪਕ ਜੇਤੂ ਹਰਵਿੰਦਰ ਸਿੰਘ ਦਾ ਸ਼ਾਨਦਾਰ ਸਵਾਗਤ

0
92

ਜਪਾਨ ਦੇ ਟੋਕੀਓ ਵਿਖੇ ਪੈਰਾ ਓਲਿੰਪਕਸ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ, ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਕੀਤਾ ਰੌਸ਼ਨ

ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਤੀਰਅੰਦਾਜੀ ਦੇ ਖਿਡਾਰੀ ਹਰਵਿੰਦਰ ਸਿੰਘ ਵੱਲੋਂ ਜਪਾਨ ਦੇ ਟੋਕੀਓ ਵਿਖੇ ਹੋਈਆਂ ਪੈਰਾ ਓਲਿੰਪਕਸ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ, ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਨ ਵਾਲੇ ਹਰਵਿੰਦਰ ਸਿੰਘ ਦੇ ਯੂਨੀਵਰਸਿਟੀ ਕੈਂਪਸ ਵਿਖੇ ਪੁੱਜਣ ’ਤੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਸਰਪ੍ਰਸਤੀ ਹੇਠ ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਵਾਗਤੀ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਵੱਲੋਂ ਕਿਹਾ ਗਿਆ ਕਿ ਹਰਵਿੰਦਰ ਸਿੰਘ ਦੀ ਇਸ ਪ੍ਰਾਪਤੀ ਉੱਪਰ ਜਿੰਨ੍ਹਾ ਵੀ ਮਾਣ ਕੀਤਾ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਹਰਵਿੰਦਰ ਸਿੰਘ ਸਿਰਫ ਖਿਡਾਰੀ ਵਜੋਂ ਹੀ ਨਹੀਂ ਬਲਕਿ ਇੱਕ ਵਿਦਿਆਰਥੀ ਵਜੋਂ ਵੀ ਬਹੁਤ ਮਿਹਨਤੀ ਹੈ। ਉਹ ਅਰਥ ਸ਼ਾਸਤਰ ਵਿਭਾਗ ਵਿੱਚ ਖੋਜਾਰਥੀ ਹਨ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਬਣਨਗੇ ਅਤੇ ਹੋਰ ਪ੍ਰਾਪਤੀਆਂ ਕਰਨਗੇ। ਹਰਵਿੰਦਰ ਸਿੰਘ ਨੇ ਇਸ ਮੌਕੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਉਪਰੰਤ ਉਹ ਜਿਵੇਂ ਜਿਵੇਂ ਆਪਣਿਆਂ ਵਿੱਚ ਪਹੁੰਚੇ ਤਾਂ ਖੁਸ਼ੀ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਹੜੇ ਵਿੱਚ ਪਹੁੰਚ ਕੇ ਉਹ ਮਾਣ ਨਾਲ ਭਰ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਬਹੁਤ ਵੱਡੀ ਭੂਮਿਕਾ ਹੈ ਜਿੱਥੇ ਵਿਸ਼ੇਸ਼ ਤੌਰ ’ਤੇ ਖੇਡ ਵਿਭਾਗ, ਅਰਥ ਸਾਸ਼ਤਰ ਵਿਭਾਗ ਅਤੇ ਅਥਾਰਿਟੀ ਵੱਲੋਂ ਹਰ ਕਦਮ ਉੱਪਰ ਉਨ੍ਹਾਂ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਵੱਲੋਂ ਆਪਣੇ ਕੋਚ ਜੀਵਨਜੋਤ ਸਿੰਘ ਤੇਜਾ ਅਤੇ ਗੌਰਵ ਸਰਮਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਹਰਵਿੰਦਰ ਸਿੰਘ ਉਨ੍ਹਾਂ ਦੇ ਅਰਥ ਸਾਸਤਰ ਵਿਭਾਗ ਨਾਲ ਸੰਬੰਧਤ ਹੈ।

ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਤੀਰਅੰਦਾਜੀ ਵਿੱਚ ਭਾਰਤ ਵੱਲੋਂ ਹੁਣ ਤਕ ਦੇ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਪੈਰਾਉਲਿੰਪਕਸ ਵਿੱਚ ਤਗਮਾ ਜਿੱਤਣ ਦਾ ਇਹ ਮਾਣ ਹਰਵਿੰਦਰ ਸਿੰਘ ਰਾਹੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਪ੍ਰਾਪਤ ਹੋਇਆ ਹੈ। ਕੋਚ ਗੌਰਵ ਸਰਮਾ ਵੱਲੋਂ ਹਰਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਜਿੱਥੇ ਉਸ ਦੇ ਮਿਹਨਤੀ ਸੁਭਾਅ ਦੀ ਸਿਫਤ ਕੀਤੀ ਉੱਥੇ ਨਾਲ ਹੀ ਕਿਹਾ ਕਿ ਹਰਵਿੰਦਰ ਸਿੰਘ ਨੇ ਸਿੱਧ ਕਰ ਦਿੱਤਾ ਹੈ ਕਿ ਇੱਕ ਚੰਗਾ ਖਿਡਾਰੀ ਚੰਗਾ ਵਿਦਿਆਰਥੀ ਵੀ ਹੋ ਸਕਦਾ ਹੈ।

ਇਸ ਮੌਕੇ ਪੰਜਾਬ ਆਰਚਰੀ ਐਸੋਸੀਏਸਨ ਦੇ ਸਕੱਤਰ ਰਵਿੰਦਰ ਕੁਮਾਰ ਬਾਲੀ ਅਤੇ ਆਰਚਰੀ ਐਸੋਸੀਏਸਨ ਅਫ ਇੰਡੀਅਨ ਦੇ ਵਾਈਸ ਪਰੈਜੀਡੈਂਟ ਅਮਰਿੰਦਰ ਸਿੰਘ ਬਜਾਜ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਲੋਕ ਸੰਪਰਕ, ਡਾ. ਹੈਪੀ ਜੇਜੀ, ਸਹਾਇਕ ਡਾਇਰੈਕਟਰ, ਖੇਡ ਵਿਭਾਗ ਦਲਬੀਰ ਸਿੰਘ ਰੰਧਾਵਾ, ਸਹਾਇਕ ਡਾਇਰੈਕਟਰ ਖੇਡ ਵਿਭਾਗ ਮਹਿੰਦਰਪਾਲ ਕੌਰ ਵੀ ਵਿਸੇਸ ਤੌਰ ’ਤੇ ਹਾਜਰ ਰਹੇ। ਇਸ ਮੌਕੇ ਜਿੱਤ ਦਾ ਜਸਨ ਮਨਾਉਣ ਲਈ ਇਕ ਸੰਖੇਪ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ