ਡਾਟਾ ਸਾਇੰਸ ਕੀ ਹੈ?

0
266

ਡਾਟਾ ਸਾਇੰਸ ਕੀ ਹੈ?

ਡਾਟਾ ਸਾਇੰਸ ਪੜ੍ਹਾਈ ਦੀ ਇੱਕ ਸ਼ਾਖਾ ਹੈ, ਜੋ ਵਿਗਿਆਨਕ ਢੰਗਾਂ, ਪ੍ਰਕਿਰਿਆਵਾਂ, ਐਲਗੋਰਿਦਮ ਅਤੇ ਪ੍ਰਣਾਲੀਆਂ ਦੀ ਵਰਤੋਂ ਕਰਕੇ ਡਾਟੇ ’ਚੋਂ ਜ਼ਰੂਰੀ ਜਾਣਕਾਰੀ ਇਕੱਠਾ ਕਰਦੀ ਹੈ।ਡਾਟਾ ਸਾਇੰਸ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੇ ਡਾਟੇ ਤੋਂ ਸੂਝ ਅਤੇ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ।ਡਾਟਾ ਸਾਇੰਸ ਸ਼ਬਦ ਦੀ ਵਰਤੋਂ ਪਹਿਲੀ ਵਾਰ 2001 ’ਚ ਹੋਈ ਸੀ।

ਡਾਟਾ ਸਾਇੰਸ ਦੀ ਮਹੱਤਤਾ

 • 1. ਉਤਪਾਦ ਨਿਰਮਾਤਾ ਕੰਪਨੀਆਂ ਆਪਣੇ ਗਾਹਕਾਂ ਕੋਲੋਂ ਆਪਣੇ ਉਤਪਾਦਾਂ ਬਾਰੇ ਫੀਡਬੈਕ ਲੈਂਦੀਆਂ ਹਨ, ਜਿਸ ਕਰਕੇ ਉਨ੍ਹਾਂ ਕੋਲ ਇਸ ਸਬੰਧੀ ਬਹੁਤ ਸਾਰਾ ਡਾਟਾ ਇਕੱਠਾ ਹੋ ਜਾਂਦਾ ਹੈ, ਜਿਸਦੀ ਵਰਤੋਂ ਉਹ ਨਵਾਂ ਉਤਪਾਦ ਬਣਾਉਣ ਲਈ ਕਰਦੀਆਂ ਹਨ।
 • 2. ਇਕੱਠੇ ਕੀਤੇ ਡਾਟੇ ਦੇ ਆਧਾਰ ’ਤੇ ਕੰਪਨੀਆਂ ਆਉਣ ਵਾਲੀਆਂ ਚੁਣੌਤੀਆਂ ਬਾਰੇ ਪਹਿਲਾਂ ਹੀ ਜਾਣ ਲੈਂਦੀਆਂ ਹਨ ਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਜਾਂਦੀਆਂ ਹਨ।
 • 3. ਬਿੱਗ ਡਾਟਾ ਲਗਾਤਾਰ ਉਭਰ ਤੇ ਵਧ ਰਿਹਾ ਹੈ।ਨਿਯਮਤ ਤੌਰ ’ਤੇ ਵਿਕਸਤ ਕੀਤੇ ਗਏ ਸਾਧਨਾਂ ਦੀ ਵਰਤੋਂ ਕਰਕੇ ਬਿੱਗ ਡਾਟਾ ਕੰਪਨੀਆਂ ਦੇ ਸੂਚਨਾ ਟੈਕਨੋਲੋਜੀ, ਮਨੁੱਖੀ ਸਰੋਤ, ਸਰੋਤਾਂ ਦੇ ਪ੍ਰਬੰਧਨ ਸਬੰਧੀ ਗੁੰਝਲਦਾਰ ਮਸਲਿਆਂ ਨੂੰ ਕੁਸ਼ਲਤਾ ਅਤੇ ਸਫਲਤਾ ਦੇ ਨਾਲ ਹੱਲ ਕਰਨ ’ਚ ਮਦਦ ਕਰਦਾ ਹੈ।
 • 4. ਹੁਣ ਡਾਟਾ ਸਾਇੰਸ ਦੀ ਵਰਤੋਂ ਲਗਭਗ ਸਾਰੇ ਹੀ ਖੇਤਰਾਂ ’ਚ ਕੀਤੀ ਜਾਂਦੀ ਹੈ ਜੇ ਡਾਟਾ ਸਾਇੰਸ ਦੁਆਰਾ ਪ੍ਰਾਪਤ ਅੰਕੜਿਆਂ ਦੀ ਸਹੀ ਵਰਤੋਂ ਕੀਤੀ ਜਾਵੇ ਤੇ ਇਹ ਉਤਪਾਦ ਨੂੰ ਸਫਲਤਾ ਵੱਲ ਲੈ ਜਾਂਦੀ ਹੈ। ਡਾਟੇ ਦੀ ਸਹੀ ਵਰਤੋਂ ਭਵਿੱਖ ’ਚ ਉਤਪਾਦ ਦੇ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਸਹਾਈ ਹੁੰਦੀ ਹੈ।

 • 5. ਡਾਟਾ ਸਾਇੰਸ ਕੰਪਨੀਆਂ ਨੂੰ ਆਪਣੇ ਗਾਹਕਾਂ ਨਾਲ ਸਬੰਧ ਬਣਾਉਣ ’ਚ ਸਹਾਇਤਾ ਕਰਦੀ ਹੈ।ਡਾਟਾ ਸਾਇੰਸ ਦੀ ਸਹਾਇਤਾ ਨਾਲ ਕੰਪਨੀਆਂ ਨੂੰ ਆਪਣੇ ਗਾਹਕਾਂ ਦੀ ਪਸੰਦ ਤੇ ਨਾ ਪਸੰਦ ਤੇ ਗਾਹਕਾਂ ਵੱਲੋਂ ਕੀਤੀ ਜਾਂਦੀ ਉਤਪਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਮਿਲਦੀ, ਜਿਸ ਨਾਲ ਕੰਪਨੀਆਂ ਆਪਣੇ ਉਤਪਾਦਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਦੀਆਂ ਹਨ।
 • 6. ਡਾਟਾ ਵਿਸ਼ਲੇਸ਼ਣ ਉਤਪਾਦਨ, ਵੰਡ, ਵਸਤੂ ਪ੍ਰਬੰਧਨ, ਸਟਾਫ ਅਤੇ ਹੋਰ ਬਹੁਤ ਸਾਰੇ ਖੇਤਰਾਂ ’ਚ ਸੁਧਾਰ ਕਰਨ ’ਚ ਸਹਾਇਤਾ ਕਰਦਾ ਹੈ।
 • 7. ਡਾਟਾ ਸਾਇੰਸ ਉਤਪਾਦਾਂ ਨੂੰ ਉਨ੍ਹਾਂ ਦੀ ਕਹਾਣੀ ਸ਼ਕਤੀਸ਼ਾਲੀ ਅਤੇ ਦਿਲਚਸਪ ਤਰੀਕੇ ਨਾਲ ਦਰਸ਼ਕਾਂ ਨੂੰ ਦਸਣ ਦੀ ਆਗਿਆ ਦਿੰਦੀ ਹੈ, ਇਸ ਨਾਲ ਵਧੀਆ ਉਤਪਾਦ ਕੁਨੈਕਸ਼ਨ ਬਣਦਾ ਹੈ।
 • 8. ਡਾਟਾ ਸਾਇੰਸ ਕੰਪਨੀਆਂ ਨੂੰ ਛੇਤੀ ਅਤੇ ਸਹੀ ਫੈਸਲੇ ਲੈਣ ’ਚ ਸਹਾਇਤਾ ਕਰਦੀ ਹੈ, ਜੋ ਕੁਸ਼ਲਤਾ ’ਚ ਸੁਧਾਰ ਕਰਨ ਤੇ ਵਧੇਰੇ ਮੁਨਾਫਾ ਕਮਾਉਣ ’ਚ ਸਹਾਈ ਹੁੰਦਾ ਹੈ।

 • 9. ਡਾਟਾ ਸਾਇੰਸ ਕੰਪਨੀਆਂ ਦੀ ਮਾਰਕਟਿੰਗ ਅਤੇ ਵਿਕਰੀ ਟੀਮਾਂ ਨੂੰ ਦਰਸ਼ਕਾਂ ਦੀ ਪਛਾਣ ਕਰਨ ਅਤੇ ਸੋਧਣ ’ਚ ਸਹਾਇਤਾ ਕਰਦਾ ਹੈ।
 • 10. ਡਾਟਾ ਸਾਇੰਸ ਕੰਪਨੀਆਂ ਨੂੰ ਇਹ ਜਾਣਨ ’ਚ ਮਦਦ ਕਰਦਾ ਹੈ ਕਿ ਉਨ੍ਹਾਂ ਨੂੰ ਆਪਣਾ ਉਤਪਾਦ ਕਦੋਂ ਅਤੇ ਕਿੱਥੇ ਵੇਚਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਮੁਨਾਫਾ ਹੋਵੇ।

ਡਾਟਾ ਸਾਇੰਸ ਦੇ ਗੁਣ

 • ਡਾਟਾ ਸਾਇੰਸ ਨੇ ਵੱਖ-ਵੱਖ ਉਦਯੋਗਾਂ ਦੇ ਫਾਲਤੂ ਕੰਮਾਂ ਨੂੰ ਸਵੈਚਲਿਤ ਕਰਨ ’ਚ ਸਹਾਇਤਾ ਕੀਤੀ ਹੈ। ਕੰਪਨੀਆਂ ਰੋਜ਼ਾਨਾ ਦੇ ਕੰਮਾਂ ਨੂੰ ਕਰਨ ਲਈ ਮਸ਼ੀਨਾਂ ਨੂੰ ਸਿਖਲਾਈ ਦੇਣ ਲਈ ਇਕੱਠੇ ਕੀਤੇ ਡਾਟੇ ਦੀ ਵਰਤੋਂ ਕਰ ਰਹੀਆਂ ਹਨ।
 • ਡਾਟਾ ਸਾਇੰਸ ਅਤੇ ਮਸ਼ੀਨ ਲਰਨਿੰਗ ਦੀ ਸਹਾਇਤਾ ਨਾਲ ਉਦਯੋਗ ਗਾਹਕਾਂ ਲਈ ਵਧੀਆ ਉਤਪਾਦ ਬਣਾਉਣ ਦੇ ਯੋਗ ਹੋਏ ਹਨ।
 • ਡਾਟਾ ਸਾਇੰਸ ਦੇ ਨਾਲ ਹੈਲਥਕੇਅਰ ਸੈਕਟਰ ’ਚ ਵੀ ਸੁਧਾਰ ਹੋਇਆ ਹੈ। ਡਾਟਾ ਸਾਇੰਸ ਤੇ ਮਸ਼ੀਨ ਲਰਨਿੰਗ ਦੀ ਸਹਾਇਤਾ ਨਾਲ ਬਿਮਾਰੀਆਂ ਦਾ ਪਹਿਲੇ ਪੜਾਅ ’ਤੇ ਹੀ ਪਤਾ ਲੱਗ ਜਾਂਦਾ ਹੈ।
 • ਡਾਟਾ ਸਾਇੰਸ ਵਿਅਕਤੀ ਦੇ ਨਿੱਜੀ ਵਿਕਾਸ ’ਚ ਵੀ ਸਹਾਈ ਹੁੰਦੀ ਹੈ। ਡਾਟਾ ਸਾਇੰਸ ਵਿਅਕਤੀ ’ਚ ਮੁਸ਼ਕਲਾਂ ਨੂੰ ਹੱਲ ਕਰਨ ਦੀ ਯੋਗਤਾ ਪੈਦਾ ਕਰਦੀ ਹੈ, ਜਿਸ ਨਾਲ ਵਿਅਕਤੀ ਆਪਣੇ ਜੀਵਨ ’ਚ ਉਨਤੀ ਕਰਦਾ ਹੈ।

ਡਾਟਾ ਸਾਇੰਸ ਦੇ ਔਗੁਣ

 • ਡਾਟਾ ਸਾਇੰਸ ਇੱਕ ਅਸਪਸ਼ਟ ਧਾਰਨਾ ਹੈ ਡਾਟਾ ਸਾਇੰਸ ਦੀ ਸਹੀ ਪਰਿਭਾਸ਼ਾ ਦੇਣਾ ਬੜਾ ਗੁੰਝਲ ਵਾਲਾ ਕੰਮ ਹੈ। ਡਾਟਾ ਵਿਗਿਆਨੀ ਦੀਆਂ ਜ਼ਿੰਮੇਵਾਰੀਆਂ, ਜਿਸ ਖੇਤਰ ’ਚ ਕੰਪਨੀ ਕੰਮ ਕਰਦੀ ਹੈ, ਉਸ ਹਿਸਾਬ ਨਾਲ ਨਿਸ਼ਚਿਤ ਹੁੰਦੀਆਂ ਹਨ। ਕੁਝ ਲੋਕ ਡਾਟਾ ਸਾਇੰਸ ਨੂੰ ਵਿਗਿਆਨਕ ਖੋਜ ਦਾ ਚੋਥਾ ਸਤੰਭ ਮੰਨਦੇ ਹਨ, ਪਰ ਕੁਝ ਇਸ ਨੂੰ ਅੰਕੜਿਆਂ ਦਾ ਪੁਨਰਗਠਨ ਮੰਨਦੇ ਹਨ।
 • ਡਾਟਾ ਸਾਇੰਸ ਕਈ ਵਿਸ਼ਿਆਂ ਜਿਵੇਂ ਕਿ ਅੰਕੜਾ ਸ਼ਾਸ਼ਤਰ, ਕੰਪਿਊਟਰ ਸਾਇੰਸ, ਗਣਿਤ ਦਾ ਸੁਮੇਲ ਹੈ। ਇੱਕ ਚੰਗੇ ਡਾਟਾ ਵਿਗਿਆਨੀ ਨੂੰ ਇਨ੍ਹਾਂ ਵਿਸ਼ਿਆਂ ਦਾ ਪੂਰਨ ਗਿਆਨ ਹੋਣਾ ਚਾਹੀਦਾ ਹੈ, ਜੋ ਅਸੰਭਵ ਹੈ। ਡਾਟਾ ਸਾਇੰਸ ਲਗਾਤਾਰ ਤਬਦੀਲ ਹੋਣ ਵਾਲਾ ਵਿਸ਼ਾ ਹੈ, ਇਸ ਲਈ ਵਿਅਕਤੀ ਨੂੰ ਡਾਟਾ ਸਾਇੰਸ ਦੇ ਵੱਖ-ਵੱਖ ਹਿੱਸਿਆਂ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ।
 • ਅਲੱਗ ਪਿਛੋਕੜ ਵਾਲੇ ਡਾਟਾ ਵਿਗਿਆਨੀਆਂ ਲਈ ਡਾਟਾ ਸਾਇੰਸ ਸਬੰਧੀ ਖਾਸ ਗਿਆਨ ਹੋਣਾ ਅਸੰਭਵ ਹੈ, ਇਸ ਕਾਰਨ ਉਨ੍ਹਾਂ ਦਾ ਇੱਕ ਉਦਯੋਗ ਤੋਂ ਦੂਸਰੇ ਉਦਯੋਗ ’ਚ ਜਾਣਾ ਮੁਸ਼ਕਲ ਹੈ।

 • ਡਾਟਾ ਵਿਗਿਆਨੀ ਦੇ ਵੱਲੋਂ ਡਾਟਾ ਦੇ ਆਧਾਰ ’ਤੇ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਹਨ ਤੇ ਇਸ ਆਧਾਰ ’ਤੇ ਹੀ ਫੈਸਲੇ ਲਏ ਜਾਂਦੇ ਹਨ ਪਰ ਜੇ ਡਾਟਾ ਮਨਮਾਨੇ ਢੰਗ ਨਾਲ ਇਕੱਠਾ ਕੀਤਾ ਜਾਵੇ ਤਾਂ ਅਨੁਮਾਨਤ ਨਤੀਜੇ ਨਹੀਂ ਨਿਕਲਦੇ। ਇਸਦਾ ਕਾਰਨ ਕਮਜ਼ੋਰ ਪ੍ਰਬੰਧਨ ਤੇ ਸਰੋਤਾਂ ਦੀ ਮਾੜੀ ਵਰਤੋਂ ਕਰਕੇ ਹੁੰਦਾ ਹੈ।
 • ਕੰਪਨੀ ਵੱਲੋਂ ਗਾਹਕਾਂ ਦਾ ,ਨਿੱਜੀ ਡਾਟਾ ਇੱਕਠਾ ਕੀਤਾ ਜਾਂਦਾ ਜੋ ਕੰਪਨੀ ’ਚ ਦਿਖਾਈ ਦਿੰਦਾ ਹੈ ਪਰ ਕਈ ਵਾਰ ਸੁਰੱਖਿਆ ਖਾਮੀਆਂ ਕਾਰਨ ਗਾਹਕਾਂ ਦਾ ਨਿੱਜੀ ਡਾਟਾ ਲੀਕ ਹੋ ਜਾਂਦਾ ਹੈ ਇਸ ਨਾਲ ਗਾਹਕਾਂ ਦੀ ਨਿੱਜਤਾ ਖਤਰੇ ’ਚ ਪੈ ਜਾਂਦੀ ਹੈ। ਗਾਹਕਾਂ ਦੇ ਨਿੱਜੀ ਡਾਟੇ ਦੀ ਸੁਰੱਖਿਆ ਕਰਨਾ ਤੇ ਇਸ ਡਾਟੇ ਦੀ ਸਹੀ ਵਰਤੋਂ ਕਰਨਾ ਕੰਪਨੀਆਂ ਲਈ ਚਿੰਤਾ ਦਾ ਵਿਸ਼ਾ ਹੈ।
 • ਡਾਟਾ ਸਾਇੰਸ ’ਚ ਕਈ ਤਰ੍ਹਾਂ ਦੇ ਟੂਲ ਅਤੇ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ’ਤੇ ਬਹੁਤ ਖਰਚ ਆਉਂਦਾ ਹੈ। ਡਾਟਾ ਸਾਇੰਸ ’ਚ ਵਰਤੇ ਜਾਂਦੇ ਟੂਲ ਗੁੰਝਲਦਾਰ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਲਈ ਖਾਸ ਗਿਆਨ ਅਤੇ ਟ੍ਰੇਨਿੰਗ ਲੈਣ ਦੀ ਜ਼ਰੂਰਤ ਪੈਂਦੀ ਹੈ

ਅੰਮ੍ਰਿਤਬੀਰ ਸਿੰਘ,
ਮੋ: 9877094504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ