ਲੇਖ

…ਜਦੋਂ ਮੈਂ ਇੱਕ ਸੀੜੀ ਬਣਾਈ

When, I, Made, Ladder

29 ਦਸੰਬਰ 1999 ਨੂੰ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਮਰਨ ਤੋਂ ਤਿੰਨ ਮਹੀਨੇ ਪਹਿਲਾਂ ਅਸੀਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਹਾਡੀ ਆਖ਼ਰੀ ਇੱਛਾ ਕੀ ਹੈ? ਪਿੰਡਾਂ ‘ਚ ਆਮ ਹੀ ਇਸ ਤਰ੍ਹਾਂ ਪੁੱਛ ਲੈਂਦੇ ਨੇ ਉਨ੍ਹਾਂ ਕਿਹਾ, ਮੇਰੇ ਮਰਨ ਉਪਰੰਤ ਕਿਸੇ ਤਰ੍ਹਾਂ ਦਾ ਕੋਈ ਖ਼ਰਚਾ ਨਹੀਂ ਕਰਨਾ, ਨਾ ਹੀ ਘੜਾ ਭੰਨ੍ਹਣਾ, ਨਾ ਹੀ ਮੇਰੇ ਪੈਰਾਂ ਵਿਚ ਪੈਸੇ ਰੱਖ ਕੇ ਮੱਥਾ ਟੇਕਣਾ ਤੇ ਨਾ ਹੀ ਕਿਸੇ ਨੂੰ ਟੇਕਣ ਦੇਣਾ ਜੇ ਕਰਨਾ ਹੋਇਆ ਇੱਕ ਕੰਮ ਜਰੂਰ ਕਰ ਦੇਣਾ ਕਿ ਮੇਰੇ ਵਾਸਤੇ ਲੋਹੇ ਦੀਆਂ ਪਾਈਪਾਂ ਵਾਲੀ ਸੀੜੀ (ਪੌੜੀ) (ਬਨਾਮ ਅਰਥੀ) ਬਣਾ ਦਿਓ ਅਸੀਂ ਕਿਹਾ, ਇਹ ਤਾਂ ਅਸੀਂ ਸਵੇਰੇ ਹੀ ਬਣਾ ਦਿੰਦੇ ਹਾਂ ਕਹਿਣ ਲੱਗੇ, ਨਹੀਂ, ਮੌਕੇ ‘ਤੇ ਹੀ ਤਿਆਰ ਕਰ ਲੈਣਾ ਮੈਂ ਪਹਿਲਾ ਇਨਸਾਨ ਹੋਵਾਂਗਾ ਉਸ ਸੀੜੀ (ਪੌੜੀ) ‘ਤੇ ਜਾਣ ਵਾਲਾ ਸ਼ਾਇਦ ਪਿਤਾ ਜੀ ਨੂੰ ਪਤਾ ਸੀ ਕਿ ਸੀੜੀ ਬਣਾਉਣ ਤੋਂ ਬਾਅਦ ਲੋਕ ਕੀ ਗੱਲਾਂ ਕਰਨਗੇ ਉਹੀ ਗੱਲਾਂ ਮੈਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸੁਣਨ ਨੂੰ ਮਿਲੀਆਂ ਉਨ੍ਹਾਂ ਨੂੰ ਇੱਕ ਆਪ ਬੀਤੀ, ਹੱਡ ਬੀਤੀ ਦੇ ਰੂਪ ਵਿਚ ਲਿਖਣ ਲੱਗਾ ਹਾਂ

ਇਹ ਲੇਖ ਲਿਖਣ ਦਾ ਮੇਰਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਜਾਂ ਮਸ਼ਹੂਰੀ ਵਾਸਤੇ ਨਹੀਂ ਹੈ ਪਿਤਾ ਜੀ ਦੀ ਮੌਤ ਸਮੇਂ ਅਸੀਂ ਤੁਰੰਤ ਹੀ ਮਿਸਤਰੀ ਨੂੰ ਸੀੜੀ ਤਿਆਰ ਕਰਨ ਲਈ ਕਹਿ ਦਿੱਤਾ ਜਿਸ ਨੇ ਰਾਤੋ-ਰਾਤ ਸੀੜੀ ਬਣਾ ਕੇ, ਰੰਗ-ਰੋਗਨ ਕਰਕੇ ਤਿਆਰ ਕਰ ਦਿੱਤੀ ਅਸੀਂ ਜਦੋਂ ਬਾਂਲਣ ਲੈਣ ਗਏ ਤਾਂ ਸੀੜੀ ਨਾਲ ਹੀ ਲੈ ਆਏ ਸੀੜੀ ਦੇਖ ਔਰਤਾਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਕਿ ਇਹ ਤਾਂ ਕੰਮ ਬਹੁਤ ਗਲਤ ਕਰ ਰਹੇ ਹਨ ਬਜ਼ੁਰਗ ਔਰਤਾਂ ਇੱਕ-ਦੂਜੇ ਨੂੰ ਕਹਿਣ ਲੱਗੀਆਂ ਕਿ ਫ਼ਲਾਣੇ ਪਿੰਡ ‘ਚ ਵੀ ਇਹੋ-ਜਿਹੀ ਸੀੜੀ ਬਣਾਈ ਗਈ ਸੀ ਤੇ ਉੱਥੇ ਬਹੁਤ ਸਾਰੀਆਂ ਮੌਤਾਂ ਹੋਈਆਂ ਸਨ, ਢਮਕਾਣੇ ਪਿੰਡ ਨੌਂ ਮੌਤਾਂ ਹੋਈਆਂ ਸਨ ਅਤੇ ਫਿਰ ਕਿਸੇ ਸਿਆਣੇ ਬੰਦੇ ਦੇ ਕਹਿਣ ‘ਤੇ ਉਹ ਸੀੜੀ ਜਲ ਪਰਵਾਹ ਕਰਵਾਈ ਗਈ ਸੀ ਤਾਂ ਕਿਤੇ ਜਾ ਕੇ ਮੌਤਾਂ ਹੋਣੋਂ ਹਟੀਆਂ ਸਨ ਅਸੀਂ ਗੱਲਾਂ ਅਣਸੁਣੀਆਂ ਕਰਦੇ ਰਹੇ ਮੇਰੇ ਵੱਡੇ ਭਰਾ, ਜੋ 58 ਸਾਲ ਦੀ ਉਮਰ ‘ਚ ਫੌਜ ‘ਚੋਂ ਰਿਟਾਇਰਡ ਹੋ ਕੇ ਪਿੰਡ ਆਏ ਸਨ ਪਿਤਾ ਜੀ ਦੀ ਮੌਤ ਤੋਂ ਚਾਰ ਮਹੀਨੇ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ ਉਹ ਦਵਾਈ ਲੈਣ ਨੇੜੇ ਸ਼ਹਿਰ ਗਏ ਸਨ, ਅਚਾਨਕ ਦਿਲ ਦਾ ਦੌਰਾ ਪੈਣ ਕਾਰਨ  ਟੈਂਪੂ ਵਿਚ ਬੈਠਿਆਂ ਹੀ ਮੌਤ ਹੋ ਗਈ ਉਸ ਸਮੇਂ ਉਨ੍ਹਾਂ ਦੀ ਉਮਰ 62 ਸਾਲ ਦੇ ਕਰੀਬ ਸੀ ਅਚਾਨਕ ਮੌਤ ਪਰਿਵਾਰ ਲਈ ਇੱਕ ਸਦਮੇ ਵਾਲੀ ਗੱਲ ਸੀ ਪਰ ਸੀੜੀ ਬਾਰੇ ਸੋਚਣ ਵਾਲੇ, ਆਪਣੇ-ਆਪ ਅੰਤਰਜਾਮੀ ਬਣਨ ਲੱਗੇ ਤੇ ਕਹਿਣ ਲੱਗੇ ਕਿ ਮੌਤਾਂ ਦਾ ਸਿਲਸਿਲਾ ਇਨ੍ਹਾਂ ਦੇ ਘਰ ਤੋਂ ਹੀ ਸ਼ੁਰੂ ਹੋ ਗਿਆ ਤੇ ਘਰ ਵਿਚ ਹੀ ਪੂਰਾ ਹੋਵੇਗਾ ਪਰ ਸਾਡੀ ਸਿਹਤ ‘ਤੇ ਇਨ੍ਹਾਂ ਬੇ-ਪੈਰਾਂ ਵਾਲੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਨਾ ਹੀ  ਕਿਸੇ ਨੂੰ ਆਪਣੇ ਮੂੰਹੋਂ ਕੁਝ ਕਿਹਾ ਅਸੀਂ ਅਗਾਂਹਵਧੂ ਵਿਚਾਰਾਂ ਮੁਤਾਬਿਕ ਜੋ ਕਰਨਾ ਸੀ ਕਰ ਦਿੱਤਾ

ਅਸੀਂ ਆਪਣੀ ਜ਼ਿੰਦਗੀ ਦੇ ਚਾਰ ਦਹਾਕੇ ਹੰਢਾ ਚੁੱਕੇ ਸੀ ਤੇ ਕਾਫ਼ੀ ਲੰਮੇ ਸਮੇਂ ਤੋਂ ਅਸੀਂ ਪੰਚਾਇਤ ਮੈਂਬਰ ਬਣਦੇ ਆ ਰਹੇ ਸੀ, ਜਿਸ ਕਾਰਨ ਸਾਨੂੰ ਅਕਸਰ ਲੜਾਈ-ਝਗੜੇ ਤੇ ਸਾਂਝੇ ਕੰਮਾਂ ਵਿਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਸੀ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਸੀ ਪਿਤਾ ਜੀ ਨੂੰ ਰੁੱਖ ਲਾਉਣ ਦਾ ਬਹੁਤ ਸ਼ੌਂਕ ਸੀ ਅਸੀਂ ਆਪਣੇ ਹੱਥੀਂ ਪਨੀਰੀ ਤਿਆਰ ਕਰਕੇ ਧਾਰਮਿਕ ਸਥਾਨਾਂ ਜਾਂ ਕੱਲ਼ਰਾਂ ਵਿਚ ਰੁੱਖ ਲਾ ਦਿੰਦੇ ਸੀ ਅੱਜ ਅਸੀਂ ਕਿਸੇ ਪਾਸੇ ਜਾਂਦੇ ਹਾਂ ਸੱਜਣ-ਮਿੱਤਰ ਦੱਸਦੇ ਹੁੰਦੇ ਹਨ ਕਿ ਇਹ ਰੁੱਖ ਤੁਹਾਡੇ ਪਿਤਾ ਜੀ ਦੇ ਲਾਏ ਹੋਏ ਹਨ ਕਈ ਤਾਂ ਸਾਨੂੰ ਆੜੂ, ਅੰਬ ਤੇ ਕਈ ਮੌਸਮੀ ਫ਼ਲ਼ ਭੇਜ ਦਿੰਦੇ ਹਨ ਤੇ ਪਿਤਾ ਜੀ ਦੀ ਯਾਦ ਤਾਜ਼ਾ ਕਰਵਾ ਦਿੰਦੇ ਹਨ ਪਹਿਲਾਂ ਪਿੰਡਾਂ ਵਿਚ ਬੇਰੀਆਂ ਆਮ ਮਿਲ ਜਾਦੀਆਂ ਸਨ ਸੜਕਾਂ ਦੇ ਕਿਨਾਰੇ, ਘਰ ਵਿਚ ਅਤੇ ਨਿਆਈਂ ਵਾਲੇ ਖੇਤ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਖੇਤਾਂ ਦੇ ਬੰਨ੍ਹਿਆਂ ‘ਤੇ ਲਾਈਆਂ ਜਾਂਦੀਆਂ  ਸਨ ਬੇਰੀਆਂ ਤੋਂ ਹੀ ਸੀੜੀ ਬਣਾਈ ਜਾਂਦੀ ਸੀ ਜਿਸ ਨੂੰ ਬਣਾਉਣ ਲਈ ਵੀਹ-ਪੱਚੀ ਫੁੱਟ ਲੱਕੜ ਦੀ ਲੋੜ ਹੁੰਦੀ ਸੀ ਤੇ ਘਰ ਵਿਚ ਮੰਜੇ ਦੀਆਂ ਬਾਹੀਆਂ ਬੇਰੀ ਨਾਲ ਬਣਾਈਆਂ ਜਾਂਦੀਆਂ ਸਨ ਬਣਾਉਣ ਵਾਲੇ ਮਿਸਤਰੀ ਨੂੰ ਮਿਹਨਤ ਵੀ ਘੱਟ ਕਰਨੀ ਪੈਂਦੀ ਸੀ ਬੇਰੀਆਂ ਇਸ ਕਿਸਮ ਦੀਆਂ ਹੁੰਦੀਆਂ ਸਨ ਕਿ ਬਾਹੀ ਵੱਡਣ ‘ਤੇ ਵੀ ਕਈ-ਕਈ ਫੁੱਟ ਪੈਂਦੀਆਂ ਸਨ ਪਰ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਵਿਹਲੀਆਂ ਜ਼ਮੀਨਾਂ, ਪਾਣੀ ਦੇ ਸਾਧਨ ਵਧਣ ਕਾਰਨ ਬੇਰੀਆਂ ਪਿਤਾ ਜੀ ਦੀ ਮੌਤ ਤੋਂ ਪਹਿਲਾਂ ਹੀ ਖ਼ਤਮ ਹੋ ਚੁੱਕੀਆਂ ਸਨ ਪਹਿਲਾਂ ਬੇਰੀਆਂ ਵੱਧ ਹੋਣ ਕਾਰਨ ਕੋਈ ਰੋਕਦਾ ਨਹੀਂ ਸੀ ਤੇ ਨਾ ਹੀ ਮੁੱਲ ਲੈਣ ਦੀ ਲੋੜ ਪੈਂਦੀ ਸੀ ਕਈ ਵਾਰ ਤਾਂ ਲੋਕ ਕਹਿੰਦੇ ਸੀ ਕਿ ਸਾਡੇ ਖੇਤ ਵਾਲੀਆਂ ਬੇਰੀਆਂ ਵੱਢ ਲਿਆਓ ਫਿਰ ਇਹ  ਸੀੜੀਆ ਬਾਂਸਾਂ ਤੋਂ ਬਣਨ ਲੱਗ ਪਈਆਂ ਪੰਜਾਬ ਵਿਚ ਬਾਂਸ ਨਾ-ਮਾਤਰ ਹੋਣ ਕਰਕੇ, ਕਾਫ਼ੀ ਮਹਿੰਗੇ ਮਿਲਦੇ ਸੀ ਮੌਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਗ਼ਰੀਬ ਬੰਦੇ ਲਈ ਹੋਰ ਮੁਸ਼ਕਲ ਖੜ੍ਹੀ ਹੋ ਜਾਂਦੀ ਸੀ ਸਾਡੇ ਪਿੰਡ ਸਰਪੰਚ ਦੀ ਮੋਟਰ, ਜੋ ਦਲਿਤ ਬਸਤੀ ਦੇ ਨੇੜੇ ਸੀ, ਉੱਥੇ ਬਹੁਤ ਪੁਰਾਣਾ ਬਾਂਸ ਦਾ ਬੂਟਾ ਸੀ ਤੇ ਕਿਸੇ ਦੀ ਮੌਤ ਹੋਣ ‘ਤੇ ਦੋ-ਤਿੰਨ ਬੰਦੇ ਕੁਹਾੜੀ ਲੈ ਕੇ ਉੱਥੇ ਚੱਲੇ ਜਾਂਦੇ ਸੀ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਂਸ ਲੈਣ ਜਰੂਰ ਆਉਣਗੇ ਜਵਾਬ ਤਾਂ ਕਿਸੇ ਨੂੰ ਕੀ ਦੇਣਾ ਸੀ ਸਗੋਂ ਆਪ ਨਾਲ ਵਢਾਉਣ ਲੱਗ ਪੈਂਦੇ ਸਨ ਉਹ ਬਹੁਤ ਚੰਗੀ ਜ਼ਮੀਨ ਦੇ ਮਾਲਕ ਸਨ ਪਹਿਲਾਂ ਸੀੜੀਆਂ ਸ਼ਹਿਰਾਂ ਵਿਚ ਬਣਾਉਣ ਲੱਗੇ ਸਨ ਤੇ ਪਿੰਡਾਂ ਵਿਚ ਬਾਅਦ ‘ਚ ਬਣਨ ਲੱਗੀਆਂ ਸਨ ਮੇਰੇ ਪਿੰਡ ਵਿਚ ਇਹ ਪਹਿਲੀ ਸੀੜੀ ਸੀ ਉਸ ਤੋਂ  ਬਾਅਦ ਇਨ੍ਹਾਂ ਦੀ ਗਿਣਤੀ ਤਿੰਨ ਤੱਕ ਪਹੁੰਚ ਗਈ ਸੀ ਹੁਣ ਹਰ ਪਿੰਡ ਵਿਚ ਇੱਕ ਤੋਂ ਵੱਧ ਲੋਹੇ ਦੀਆਂ ਸੀੜੀਆਂ ਆਮ ਵੇਖਣ ਵਿਚ ਆਉਂਦੀਆਂ ਹਨ ਮੈਂ ਇਹੀ ਗੱਲ ਪਾਠਕਾਂ ਤੱਕ ਪਹੁੰਚਾਉਣੀ ਸੀ ਅੱਜ ਤੋਂ ਬਹੁਤ ਦੇਰ ਪਹਿਲਾਂ ਲਏ ਗਏ ਫੈਸਲੇ ‘ਤੇ ਮੈਨੂੰ ਮਾਣ ਹੈ ਸੀੜੀ ਬਣਨ ਤੋਂ ਬਾਅਦ ਅੱਜ ਤੱਕ, ਮੈਂ ਕਿਸੇ ਨੂੰ ਵੀ ਮੌਤ ਹੋਣ ‘ਤੇ ਬਾਂਸ ਲਿਆਉਂਦੇ ਨਹੀਂ ਵੇਖਿਆ ਤੇ ਨਾ ਹੀ ਸਰਪੰਚ ਦੀ ਮੋਟਰ ਉੱਤੇ ਬਾਂਸ ‘ਤੇ ਚਲਦੀ ਕੁਹਾੜੀ ਵੇਖੀ ਐ ਸੋ, ਇਹ ਪੌੜੀ ਕਿੰਨਾ ਹੀ ਬਾਂਸ ਬਚਾ ਚੁੱਕੀ ਹੈ, ਜਿਹੜਾ ਕਿ ਸਮੇਂ ਤੋਂ ਪਹਿਲਾਂ ਵੱਡ ਲਿਆ ਜਾਂਦਾ ਸੀ ਮੈਂ ਇਹੀ ਸੁਨੇਹਾ ਦੇਵਾਂਗਾ ਕਿ ਰੁੱਖ, ਕੁੱਖ ਤੇ ਪਾਣੀ ਬਚਾਉਣ ਲਈ ਹੰਭਲਾ ਮਾਰੀਏ ਜੋ ਵੀ ਫੈਸਲੇ ਲਈਏ, ਲੋਕ-ਹਿੱਤ ਵਿਚ ਲਈਏ ਤੇ ਸਿਆਸੀ ਕਲਾਬਾਜ਼ੀਆਂ ਤੋਂ ਬਚ ਕੇ ਰਹੀਏ ਗੁਰੂ, ਪੀਰਾਂ-ਫ਼ਕੀਰਾਂ ਦੀ ਧਰਤੀ ਪੰਜਾਬ ਨੂੰ ਹਰੀਆ-ਭਰਿਆ ਬਣਾਉਣ ਲਈ ਯੋਗਦਾਨ ਪਾਈਏੇ!

ਲਖਣਪੁਰ, ਸ੍ਰੀ ਫਤਿਹਗੜ੍ਹ ਸਾਹਿਬ

ਮੋ. 75289-08281

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top