ਦੁਨੀਆਂ ਨੂੰ ਕਿੱਥੇ ਲਿਜਾਏਗੀ ਵਿਸਥਾਰਵਾਦੀ ਸੋਚ?

0

ਦੁਨੀਆਂ ਨੂੰ ਕਿੱਥੇ ਲਿਜਾਏਗੀ ਵਿਸਥਾਰਵਾਦੀ ਸੋਚ?

16ਵੀਂ ਸਦੀ ਵਿੱਚ ਅੰਗਰੇਜ਼ਾਂ ਦੀ ਆਮਦ ਹਿੰਦੁਸਤਾਨ ਵਿੱਚ ਹੋ ਚੁੱਕੀ ਸੀ। ਇਨ੍ਹਾਂ ਅੰਗਰੇਜ਼ਾਂ ਵਿੱਚ ਪੁਰਤਗਾਲ, ਹਾਲੈਂਡ, ਫਰਾਂਸ ਤੇ ਇੰਗਲੈਂਡ ਦੇ ਗੋਰੇ ਸ਼ਾਮਲ ਸਨ। ਆਪਾਂ ਅਕਸਰ ਇਹ ਵੀ ਪੜ੍ਹਦੇ ਹਾਂ ਕਿ ਇਨ੍ਹਾਂ ਦੀ ਆਮਦ ਦਾ ਮੁੱਢ ਵਪਾਰ ਨਾਲ ਜੁੜਦਾ ਹੈ ਜੋ ਦੱਖਣ, ਹਿੰਦੁਸਤਾਨ, ਪੰਜਾਬ, ਸਿੰਧ, ਬਲੋਚਿਸਤਾਨ, ਕਸ਼ਮੀਰ ਵਿੱਚ ਵੱਖ-ਵੱਖ ਚੀਜ਼ਾਂ ਦਾ ਵਪਾਰ ਕਰਨਾ ਚਾਹੁੰਦੇ ਸਨ। ਇਸ ਇਲਾਕੇ ਦੇ ਸਮਾਜਿਕ ਢਾਂਚੇ ਨੂੰ ਸਮਝਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਗੱਲ ਸਮਝ ਆ ਗਈ ਸੀ ਕਿ ਇੱਥੋਂ ਦੇ ਲੋਕ ਵਿਕਾਊ ਹਨ। ਇਸੇ ਨੀਤੀ ਨੂੰ ਲਾਗੂ ਕਰਕੇ ਉਨ੍ਹਾਂ ਨੇ ਦੱਖਣ, ਹਿੰਦੁਸਤਾਨ, ਪੰਜਾਬ, ਸਿੰਧ, ਬਲੋਚਿਸਤਾਨ, ਕਸ਼ਮੀਰ ਤੇ ਅਫ਼ਗਾਨਿਸਤਾਨ ਤੱਕ ਕਬਜ਼ਾ ਕੀਤਾ ।16ਵੀਂ ਸਦੀ ਤੋਂ ਸ਼ੁਰੂ ਹੋ ਕੇ 20ਵੀ ਸਦੀ ਤੱਕ 500 ਸਾਲ; ਵਪਾਰ ਤੋਂ ਸ਼ੁਰੂ ਕਰਕੇ ਅੰਗਰੇਜ਼ ਰਾਜ ਤੱਕ ਪਹੁੰਚੇ ਸਨ।

ਇਹੀ ਵਰਤਾਰਾ ਹੁਣ 21ਵੀਂ ਸਦੀ ਵਿੱਚ ਚੀਨ ਵਾਲਿਆਂ ਨੇ ਸ਼ੁਰੂ ਕੀਤਾ ਹੈ। ਵਪਾਰ ਦਾ ਇਹ ਰੂਟ ਚੀਨ ਤੋਂ ਲੈ ਕੇ ਕਸ਼ਮੀਰ, ਸਿੰਧ, ਬਲੋਚਿਸਤਾਨ, ਅਫਗਾਨਿਸਤਾਨ, ਇਰਾਨ ਤੱਕ ਜੋੜ ਦਿੱਤਾ ਗਿਆ ਹੈ ਤੇ ਅੱਗੇ ਯੂਰਪ ਤੱਕ ਜੋੜਿਆ ਜਾਵੇਗਾ! ਇਸ ਦਾ ਫਾਇਦਾ ਇਹ ਹੈ ਕਿ ਹੁਣ ਮੌਜੂਦਾ ਸਮੇਂ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਇਰਾਨ ਦੀ ਆਪਸ ਵਿੱਚ ਦੁਸ਼ਮਣੀ ਹੈ ।ਪਰ ਇਸ ਰੂਟ ਰਾਹੀਂ ਇਨ੍ਹਾਂ ਦੇਸ਼ਾਂ ਦੇ ਆਪਸ ਵਿਚ ਦੋਸਤਾਨਾ ਸਬੰਧ ਬਣ ਜਾਣਗੇ। ਇਹੀ ਸਬੰਧ ਅੱਗੇ ਜਾ ਕੇ ਤੁਰਕੀ, ਇਰਾਕ, ਲੀਬੀਆ ਤੱਕ ਵੀ ਜੁੜਨਗੇ ਜੋ ਮੰਗੋਲ ਅੰਪਾਇਰ ਦੇ ਮੁੱਢ ਦਾ ਕਾਰਨ ਵੀ ਬਣ ਸਕਦੇ ਹਨ!

ਇਸੇ ਤਰ੍ਹਾਂ ਦੀ ਰਿਆਸਤ ਮੰਗੋਲ ਅੰਪਾਇਰ ਦੇ ਸੰਸਥਾਪਕ ਗੈਂਗਜ਼ ਖਾਨ ਨੇ ਵੀ ਸਥਾਪਤ ਕੀਤੀ ਸੀ। ਜਿਸ ਦਾ ਮੱਧ ਏਸ਼ੀਆ ਦੇ ਬਹੁਤ ਵੱਡੇ ਖਿੱਤੇ ਉੱਤੇ ਕਬਜ਼ਾ ਹੋ ਗਿਆ ਸੀ! ਇਸ ਰਾਜ ਦਾ ਕੰਟਰੋਲ ਚੀਨ ਦੇ ਹੱਥ ਵਿੱਚ ਹੀ ਹੋਵੇਗਾ। ਜਿਸ ਤਰ੍ਹਾਂ ਅਮਰੀਕਾ ਵਾਲਿਆਂ ਨੇ ਅਫ਼ਗਾਨਿਸਤਾਨ ਨੂੰ ਕਾਬੂ ਕਰਨ ਲਈ ਤਾਲਿਬਾਨ ਦਾ ਇੱਕ ਮੁਸਲਿਮ ਧੜਾ ਖੜ੍ਹਾ ਕਰ ਦਿੱਤਾ ਸੀ। ਇਸ ਪੂਰੇ ਵਰਤਾਰੇ ਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਵਿਰੋਧੀ ਅਮਰੀਕਾ ਹੈ ਕਿਉਂਕਿ ਇਸ ਨਾਲ ਅਮਰੀਕਾ ਦੀ ਏਸ਼ੀਆ ਖਿੱਤੇ ਉੱਪਰ ਪਕੜ ਖ਼ਤਮ ਹੋ ਜਾਵੇਗੀ ।

ਚੀਨ ਇੱਕ ਕਮਿਊਨਿਸਟ ਮੁਲਕ ਹੈ। ਇਸਲਾਮਿਕ ਮੁਲਖ ਸਿੱਧਾ ਚੀਨ ਦੀ ਵਿਚਾਰਧਾਰਾ ਨਾਲ ਸਹਿਮਤ ਨਾ ਹੋਣ ਪਰ ਇਸ ਚੀਜ਼ ਨੂੰ ਹੱਲ ਕਰਨ ਲਈ ਚੀਨ ਇੱਕ ਨਵਾਂ ਗੈਂਗਜ਼ ਖਾਨ ਪੈਦਾ ਕਰੇਗਾ। ਇਸ ਗੈਂਗਜ ਖਾਨ ਨੂੰ ਸਥਾਪਿਤ ਕਰਨ ਲਈ ਚੀਨ ਨੇ ਕੁਰਾਨ ਦੀ ਵਿਆਖਿਆ ਵੀ ਆਪਣੇ ਹਿਸਾਬ ਨਾਲ ਕਰ ਲਈ ਹੈ। ਹੈਰਾਨੀ ਨਹੀਂ ਹੋਵੇਗੀ ਕਿ ਅਗਰ ਆਉਣ ਵਾਲੇ ਸਮੇਂ ਵਿੱਚ ਚੀਨ ਵਾਲੇ ਇਰਾਨ ਜ਼ਿੰਦਾਬਾਦ, ਅਫਗਾਨਿਸਤਾਨ ਜ਼ਿੰਦਾਬਾਦ, ਤੁਰਕੀ ਜ਼ਿੰਦਾਬਾਦ, ਇਰਾਕ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਬੰਗਲਾਦੇਸ਼ ਜ਼ਿੰਦਾਬਾਦ ਕਹਿਣ ਲੱਗ ਪੈਣ। ਇਸੇ ਤਰ੍ਹਾਂ ਦਾ ਵਰਤਾਰਾ ਅੰਗਰੇਜ਼ਾਂ ਨੇ ਹਿੰਦੁਸਤਾਨ, ਦੱਖਣ, ਪੰਜਾਬ, ਬਲੋਚਿਸਤਾਨ, ਸਿੰਧ, ਕਸ਼ਮੀਰ ਵਿੱਚ ਕੀਤਾ ਸੀ ।ਜਦੋਂ ਵੱਖ-ਵੱਖ ਰਿਆਸਤਾਂ ਨੂੰ ਗੁਲਾਮ ਬਣਾ ਕੇ ਇਕੱਠਾ ਕਰ ਦਿੱਤਾ ਸੀ।

ਜਿਸ ਦਾ ਮੌਜੂਦਾ ਨਕਸ਼ਾ ਤੁਸੀਂ ਅੱਜ ਦੇ ਹਿੰਦੁਸਤਾਨ ਦੇ ਨਕਸ਼ੇ ਵਿੱਚ ਦੇਖ ਸਕਦੇ ਹੋ। ਇਸ ਤਰ੍ਹਾਂ ਹਿੰਦੁਸਤਾਨ, ਦੱਖਣ ਅਤੇ ਪੰਜਾਬ ਦੀਆਂ ਵੱਖ-ਵੱਖ ਰਿਆਸਤਾਂ ਨੂੰ ਇਕੱਠੇ ਕਰਨ ਨਾਲ ਅੰਗਰੇਜ਼ਾਂ ਦੀ ਇੱਕ ਸਾਂਝੀ ਫੌਜ ਬਣ ਗਈ ਸੀ। ਇਹੀ ਫੌਜ ਅੱਗੇ ਜਾ ਕੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਵੱਲੋਂ ਲੜੀ ਸੀ। ਇਹ ਚੀਜ਼ ਵਪਾਰ ਤੋਂ ਸ਼ੁਰੂ ਹੋਈ ਹੈ ਅਤੇ ਰਾਜ ਤੱਕ ਸਥਾਪਤ ਹੋਵੇਗੀ ਅਤੇ ਸ਼ਾਇਦ ਚੀਨ ਇਸ ਦਾ ਰਾਜਾ ਹੋਵੇਗਾ ।

ਇਸੇ ਤਰ੍ਹਾਂ ਚੀਨ ਨੇ ਸਮੁੰਦਰ ਵਿੱਚ ਵੀ ਵੱਖ-ਵੱਖ ਦੇਸ਼ਾਂ ਦੀਆਂ ਬੰਦਰਗਾਹਾਂ ਨੂੰ 99 ਸਾਲ ਲਈ ਕਿਰਾਏ ‘ਤੇ ਲੈ ਲਿਆ ਹੈ! ਛੋਟੇ-ਛੋਟੇ ਗਰੀਬ ਦੇਸ਼ਾਂ ਨੂੰ ਚੀਨ ਖੁੱਲ੍ਹਾ ਕਰਜ਼ਾ ਵੰਡ ਰਿਹਾ ਹੈ। ਪਾਕਿਸਤਾਨ ਦੇ ਰਾਜਨੀਤਕ ਲੀਡਰ, ਆਰਮੀ ਚੀਫ ਤੇ ਅਫਸਰ ਵਿਕਾਊ ਹਨ। ਚੀਨ ਦਾ ਇਰਾਦਾ ਇੱਕ ਕਰੋੜ ਚੀਨੀ ਬਲੋਚਿਸਤਾਨ, ਕਸ਼ਮੀਰ ਅਤੇ ਸਿੰਧ ਵਿੱਚ ਵਸਾਉਣ ਦਾ ਹੈ। ਜੋ ਇੰਜੀਨੀਅਰ ਵੀ ਹੋਵੇਗਾ, ਫੌਜੀ ਵੀ ਹੋਵੇਗਾ, ਪ੍ਰਸ਼ਾਸਨਿਕ ਵੀ ਹੋਵੇਗਾ।

ਇਸ ਦੀ ਪਾਕਿਸਤਾਨ ਦੀ ਵੋਟ ਵੀ ਬਣੇਗੀ ਤੇ ਪਾਸਪੋਰਟ ਵੀ ਬਣੇਗਾ। ਜਿੰਨਾ ਕਰਜ਼ਾ ਪਾਕਿਸਤਾਨ ਨੇ ਚੀਨ ਤੋਂ ਲਿਆ ਹੈ, ਇੰਨਾ ਕਰਜ਼ਾ ਅਗਲੇ ਪੰਜਾਹ ਸਾਲਾਂ ਤੱਕ ਵੀ ਪਾਕਿਸਤਾਨ ਲਈ ਮੋੜਨਾ ਅਸੰਭਵ ਹੈ। ਕੁੱਲ ਮਿਲਾ ਕੇ ਅੰਗਰੇਜ਼ਾਂ ਦੇ ਵਪਾਰ ਦੀ ਨੀਤੀ ਹੁਣ ਚੀਨ ਏਸ਼ੀਆ ਵਿੱਚ ਲਾਗੂ ਕਰ ਰਿਹਾ ਹੈ। ਅੰਗਰੇਜ਼ਾਂ ਨੇ ਵੀ ਵਪਾਰ ਦੀ ਨੀਤੀ ਏਸ਼ੀਆ ਵਿੱਚ ਲਾਗੂ ਕਰਕੇ ਏਸ਼ੀਆ ‘ਤੇ ਕਬਜ਼ਾ ਕੀਤਾ ਸੀ। ਚੀਨ ਵਿੱਚ ਇੱਕ ਕਰੋੜ ਉਗਰੂ ਮੁਸਲਮਾਨਾਂ ਨੂੰ ਬੰਦੀ ਬਣਾਇਆ ਹੈ। ਚੀਨ ਦਾ ਨਿਸ਼ਾਨਾ ਆਉਂਦੇ ਸਮੇਂ ਵਿੱਚ ਮੰਗੋਲ ਆਰਮੀ ਪੈਦਾ ਕਰਨ ਦਾ ਹੈ, ਜੋ ਗੈਂਗਜ ਖਾਨ ਦੇ ਵੰਸ਼ ਹੋਣਗੇ।

ਇਹੀ ਆਰਮੀ ਆਉਂਦੇ ਸਮੇਂ ਵਿੱਚ ਬਲੋਚਿਸਤਾਨ, ਸਿੰਧ, ਕਸ਼ਮੀਰ, ਪਖ਼ਤੂਨ ਨੂੰ ਲਤਾੜੇਗੀ ਜਿਸ ਤਰ੍ਹਾਂ 14ਵੀਂ ਸਦੀ ਵਿੱਚ ਗੈਂਗਜ ਖਾਨ ਨੇ ਲਤਾੜਿਆ ਸੀ। ਜਿੰਨਾ ਕਰਜ਼ਾ ਪਾਕਿਸਤਾਨ ਨੇ ਚੀਨ ਤੋਂ ਲਿਆ ਹੈ ਤਾਂ ਆਉਂਦੇ ਸਮੇਂ ਵਿੱਚ ਹਾਲਾਤ ਸ਼ਾਇਦ ਇੱਥੋਂ ਤੱਕ ਹੋ ਜਾਣਗੇ ਕਿ ਪਾਕਿਸਤਾਨ ਨੂੰ ਆਪਣੇ ਸੂਬੇ ਸਿੰਧ, ਬਲੋਚਿਸਤਾਨ, ਕਸ਼ਮੀਰ, ਪਖਤੂਨ ਦੇ ਵੱਡੇ ਹਿੱਸੇ ਵੇਚਣੇ ਪੈਣਗੇ। ਹੁਣ ਵੀ ਪਾਕਿਸਤਾਨ ਨੇ ਆਪਣੇ ਕਸ਼ਮੀਰ ਦਾ ਪੰਜ ਸੌ ਸ-ਕਿਲੋਮੀਟਰ ਦਾ ਹਿੱਸਾ ਚੀਨ ਨੂੰ ਵੇਚਿਆ ਹੈ ਜਿੱਥੇ ਅੱਜ ਵੀ ਚੀਨ ਦੀ ਫ਼ੌਜ ਮੌਜੂਦ ਹੈ!

ਇਸ ਤਰ੍ਹਾਂ ਚੀਨ ਨੇ ਵਪਾਰ ਦਾ ਜਾਲ ਵਿਛਾ ਕੇ ਆਉਣ ਵਾਲੇ ਦਹਾਕਿਆਂ ਵਿੱਚ ਇਸੇ ਵਿੱਚ ਆਪਣੇ ਰਾਜ ਦੀ ਸਥਾਪਤੀ ਕਰਨੀ ਹੈ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਕੀਤੀ ਸੀ। ਆਉਣ ਵਾਲੇ ਸਮੇਂ ਵਿੱਚ ਚੀਨ ਦੇ ਫਤਹਿ ਕੀਤੇ ਖਿੱਤਿਆਂ ਤੇ ਭਾਰਤੀ ਉਪ ਮਹਾਂਦੀਪ ਦੀ ਜੰਗ ਲੱਗਣੀ ਤੈਅ ਹੈ। ਪਰ ਦੇਖਣਾ ਇਹ ਹੋਵੇਗਾ ਕਿ ਜਦੋਂ ਅੰਗਰੇਜ਼ਾਂ ਦਾ ਏਸ਼ੀਆ ਉੱਪਰ ਕਬਜ਼ਾ ਸੀ; ਉਸ ਸਮੇਂ ਦੁਨੀਆਂ ਦੀਆਂ ਵਿਸ਼ਵ ਯੁੱਧ ਇੱਕ ਤੇ ਦੋ ਨਾਂਅ ਦੀਆਂ ਲੜਾਈਆਂ ਲੱਗੀਆਂ ਸਨ!

ਪਿਛਲੀਆਂ ਲੜਾਈਆਂ ਵਿੱਚ ਏਸ਼ੀਆ ਦੇ ਲੋਕ ਯੂਰਪ ਦੇ ਖਿੱਤੇ ਵਿੱਚ ਜਾ ਕੇ ਲੜੇ ਸਨ ਤੇ ਇਸ ਵਾਰ ਯੂਰਪ ਦੇ ਲੋਕ ਏਸ਼ੀਆ ਦੇ ਖਿੱਤੇ ਵਿੱਚ ਆ ਕੇ ਲੜਨਗੇ? ਜਦੋਂ ਚੀਨ ਇਸ ਦੇ ਵੱਡੇ ਖਿੱਤੇ ਉੱਤੇ ਕਾਬਜ਼ ਹੋ ਜਾਵੇਗਾ ਤਾਂ ਉਦੋਂ ਕਿੰਨੀਆਂ ਲੜਾਈਆਂ ਹੋਣਗੀਆਂ?
ਸੰਗਤ ਕਲਾਂ, ਮੋ. 99881-58844
ਸੁਖਵਿੰਦਰ ਚਹਿਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ