ਚਿੱਟਾ ਹੋਇਆ ਖੂਨ; ਨਸ਼ੇੜੀ ਪੁੱਤ ਵੱਲੋਂ ਮਾਂ ਦਾ ਘਣ ਮਾਰ ਕੇ ਬੇਰਹਿਮੀ ਨਾਲ ਕਤਲ

0
217

ਉਪਰੰਤ ਪਿਤਾ ਨੂੰ ਵੀ ਜਖ਼ਮੀ ਕਰਕੇ ਦੋਸੀ ਮੌਕੇ ’ਤੋਂ ਹੋਇਆ ਫਰਾਰ

ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲੇ ਦੇ ਕਸਬਾ ਹੰਢਿਆਇਆ ਦੀ ਬੀਕਾ ਸੂਚ ਪੱਤੀ ਵਿਖੇ ਲੰਘੀ ਰਾਤ ਇੱਕ ਨਸ਼ੇੜੀ ਪੁੱਤ ਵੱਲੋਂ ਆਪਣੀ ਮਾਂ ਦਾ ਘਣ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਨਸ਼ੇੜੀ ਆਪਣੇ ਪਿਤਾ ਨੂੰ ਵੀ ਜਖ਼ਮੀ ਕਰ ਦੇਣ ਪਿੱਛੋਂ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੇ ਖਿਲਾਫ਼ ਪਿਤਾ ਦੇ ਬਿਆਨਾਂ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਬਰਨਾਲਾ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਤਕਰੀਬਨ 9 ਕੁ ਵਜੇ ਉਨਾਂ ਨੂੰ ਬੀਕਾ ਸੂਚ ਪੱਤੀ ਦੇ ਵਾਰਡ ਨੰਬਰ – 2 ’ਚੋਂ ਕਿਸੇ ਅਗਿਆਤ ਵਿਅਕਤੀ ਤੋਂ ਫੋਨ ’ਤੇ ਸੂਚਨਾ ਪ੍ਰਾਪਤ ਹੋਈ ਸੀ ਕਿ ਕਿਸੇ ਔਰਤ ਦਾ ਉਸਦੇ ਪੁੱਤ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਜਿਸ ਪਿੱਛੋਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਉਨਾਂ ਅੱਗੇ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਜਰਨੈਲ ਸਿੰਘ ਨਸ਼ੇੜੀ ਕਿਸਮ ਦਾ ਵਿਅਕਤੀ ਹੈ,

ਜਿਸ ਨੇ ਲੰਘੀ ਰਾਤ ਤਕਰੀਬਨ 9 ਕੁ ਵਜੇ ਘਰ ਅੰਦਰ ਹੀ ਆਪਣੀ ਮਾਂ ਸਿੰਦਰਪਾਲ ਕੌਰ ਦੇ ਮੱਥੇ ਵਿੱਚ ਘਣ ਮਾਰਿਆ ਜਿਸ ਨਾਲ ਸਿੰਦਰਪਾਲ ਕੌਰ (58) ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਸੁਖਚੈਨ ਸਿੰਘ ਆਪਣੇ ਪਿਤਾ ’ਤੇ ਹਮਲਾ ਕਰਕੇ ਉਸਨੂੰ ਜਖ਼ਮੀ ਕਰਨ ਪਿੱਛੋਂ ਮੌਕੇ ’ਤੋਂ ਫਰਾਰ ਹੋ ਗਿਆ। ਰੌਲਾ ਪੈ ਜਾਣ ਪਿੱਛੋਂ ਗੁਆਂਢੀਆਂ ਵੱਲੋਂ ਸਿੰਦਰਪਾਲ ਕੌਰ ਤੇ ਜਰਨੈਲ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਸਿੰਦਰਪਾਲ ਕੌਰ ਨੂੰ ਮਿ੍ਰਤਕ ਐਲਾਨ ਦਿੱਤਾ।

ਜਦਕਿ ਜਰਨੈਲ ਸਿੰਘ ਜ਼ੇਰੇ ਇਲਾਜ਼ ਹੈ। ਉਨਾਂ ਦੱਸਿਆ ਕਿ ਮਾਪਿਆਂ ਅਨੁਸਾਰ ਸੁਖਚੈਨ ਸਿੰਘ ਨਸ਼ੇੜੀ ਕਿਸਮ ਦਾ ਵਿਅਕਤੀ ਹੈ ਜੋ ਅਕਸਰ ਹੀ ਨਸ਼ੇ ਦੀ ਪੂਰਤੀ ਲਈ ਆਪਣੇ ਉਨਾਂ ਤੋਂ ਪੈਸੇ ਦੀ ਮੰਗ ਕਰਦਾ ਰਹਿੰਦਾ ਸੀ। ਇਸੇ ਕਰਕੇ ਹੀ ਜਰਨੈਲ ਸਿੰਘ ਵੱਲੋਂ ਸੁਖਚੈਨ ਸਿੰਘ ਨੂੰ ਢਾਈ ਕੁ ਸਾਲ ਪਹਿਲਾਂ ਬੇਦਖ਼ਲ ਵੀ ਕਰ ਦਿੱਤਾ ਗਿਆ ਸੀ। ਨਸ਼ੇ ਕਰਨ ਕਰਕੇ ਹੀ ਸੁਖਚੈਨ ਸਿੰੰੰੰੰਘ ਦਾ ਆਪਣੀ ਪਤਨੀ ਨਾਲ ਵੀ ਪਿਛਲੇ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਹੈ, ਜਿਸ ਕਰਕੇ ਉਹ ਤਕਰੀਬਨ ਦੋ ਸਾਲਾਂ ਤੋਂ ਆਪਣੇ ਪੇਕੇ ਪਿੰਡ ਬੈਠੀ ਹੈ। ਉਨਾਂ ਦੱਸਿਆ ਕਿ ਸੁਖਚੈਨ ਸਿੰਘ ਆਪਣੀ ਮਾਂ ’ਤੇ ਸ਼ੱਕ ਕਰਦਾ ਸੀ ਕਿ ਉਹ ਉਸਦੀ ਪਤਨੀ ਨੂੰ ਸਹੁਰੇ ਘਰ ਵਸਣ ਨਹੀ ਦੇ ਰਹੀ। ਉਨਾਂ ਦੱਸਿਆ ਕਿ ਸੁਖਚੈਨ ਸਿੰਘ ਖਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਧਾਰਾ 302, 307 ਤਹਿਤ ਮਾਮਲਾ ਦਰਜ਼ ਕਰਨ ਪਿੱਛੋਂ ਦੋਸੀ ਨੂੰ ਗਿ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ