ਜੋੋ ਗੈਰਾਂ ਲਈ ਜਿਊਂਦਾ

0
353

ਜੋੋ ਗੈਰਾਂ ਲਈ ਜਿਊਂਦਾ

ਹਨ੍ਹੇਰੀ ਰਾਤ ਸੀ ਇੱਕ ਡੇਢ ਦਾ ਵਕਤ ਹੋਵੇਗਾ। ਬਾਹਰ ਮੀਂਹ ਵਰ੍ਹ ਰਿਹਾ ਸੀ, ਜਿਸ ਕਾਰਨ ਰਾਤ ਨੂੰ ਠੰਢ ਕਾਫੀ ਵਧ ਗਈ ਸੀ। ਕੰਮਕਾਰਾਂ ਦੇ ਥੱਕੇ ਸਭ ਘਰ ਵਿਚ ਗੂੜ੍ਹੀ ਨੀਂਦ ਸੁੱਤੇ ਪਏ ਸਨ, ਤਾਰੋ ਵੀ ਦਿਨ ਭਰ ਦੇ ਕੰਮਾਂ ਤੋਂ ਥੱਕੀ ਹੋਈ ਸੀ ਪਰ ਨੀਂਦ ਸੀ ਕਿ ਆਉਣ ਦਾ ਨਾਂਅ ਹੀ ਨਹੀਂ ਲੈ ਰਹੀ ਸੀ ਇਸ ਲਈ ਉਹ ਮੰਜੇ ’ਤੇ ਲੇਟੀ ਪਾਸੇ ਹੀ ਪਰਤ ਰਹੀ ਸੀ।

ਮੀਂਹ ਦੇ ਨਾਲ ਹਵਾ ਚੱਲਣ ਕਾਰਨ ਹਰ ਪਾਸੇ ਸ਼ਾਂ-ਸ਼ਾਂ ਦੀ ਅਵਾਜ਼ ਪੈ ਰਹੀ ਸੀ। ਪਰ ਉਹਦੇ ਕੰਨਾਂ ਵਿੱਚ ਵਾਰ-ਵਾਰ ਆਪਣੇ ਪੁੱਤਰਾਂ ਦੀਆਂ ਆਖੀਆਂ ਗੱਲਾਂ ਗੂੰਜ ਰਹੀਆਂ ਸਨ। ਬਹੁਤ ਚਿੰਤਤ ਸੀ ਜਿਸ ਕਾਰਨ ਉਹ ਮੰਜੇ ਤੋਂ ਉੱਠ ਆਪਣੇ ਕਮਰੇ ਦੀ ਖਿੜਕੀ ਕੋਲ ਆ ਕੇ ਬੈਠ ਗਈ। ਬਾਹਰ ਵਰ੍ਹਦੇ ਮੀਂਹ ਨੂੰ ਵੇਖਦੀ ਉਹ ਡੂੰਘੀਆਂ ਸੋਚਾਂ ਵਿੱਚ ਡੁੱਬ ਗਈ।

ਅੱਜ ਤੋਂ ਚਾਲੀ ਸਾਲ ਪਹਿਲਾਂ ਜਦੋਂ ਏਸ ਘਰ ਵਿਚ ਵਿਆਹ ਕੇ ਆਈ ਸਾਂ, ਮਸਾਂ ਸੌਲਾਂ ਵਰਿ੍ਹਆਂ ਦੀ ਹੀ ਸਾਂ ਮੈਂ। ਕੀ ਸੀ ਇੱਥੇ, ਇੱਕ ਟੁੱਟੀ ਹੋਈ ਕੱਖਾਂ-ਕਾਨਿਆਂ ਦੀ ਬਣੀ ਝੁੱਗੀ ਹੀ ਤਾਂ ਸੀ ਜਿੱਥੇ ਰਹੀ ਸਾਂ ਮੈਂ ।ਜਦੋਂ ਰਿਸ਼ਤਾ ਤੈਅ ਹੋਇਆ ਸੀ ਮੇਰਾ ਦੀਪੇ ਦੇ ਬਾਪੂ ਨਾਲ ਤਾਂ ਵਿਚੋਲੇ ਦੱਸਿਆ ਸੀ ਕਿ ਮੁੰਡਾ ਬੜਾ ਲਾਇਕ ਹੈ ਘਰ ਦੀਆਂ ਸਭੇ ਜਿੰਮੇਵਾਰੀਆਂ ਉਸ ਹੀ ਸੰਭਾਲੀਆਂ ਹੋਈਆਂ ਪਰ ਜਦੋਂ ਵਿਆਹ ਕੇ ਇਸ ਘਰ ਆਈ ਤਾਂ ਦੂਜੇ ਦਿਨ ਹੀ ਪੋਲ ਖੁੱਲ੍ਹ ਗਈ ਕਿ ਮੁੰਡਾ ਤਾਂ ਹੱਥੀਂ ਇੱਕ ਤੀਲਾ ਵੀ ਤੋੜ ਕੇ ਦੂਹਰਾ ਨਹੀਂ ਕਰਦਾ ਘਰ ਕਮਾ ਕੇ ਲਿਆਉਣਾ ਤਾਂ ਦੂਰ ਦੀ ਗੱਲ ਹੈ।

ਉੱਪਰੋਂ ਉਸ ਦੇ ਦਿਮਾਗ ਵਿਚ ਵੀ ਥੋੜ੍ਹਾ ਨੁਕਸ ਸੀ ਕਿਸੇ ਦਿਮਾਗੀ ਡਾਕਟਰ ਕੋਲ ਇਲਾਜ ਚੱਲਦਾ ਸੀ। ਵਿਆਹ ਤੋਂ ਬਾਅਦ ਫਿਰ ਆਏ ਦਿਨ ਬੇਵਜ੍ਹਾ ਮੇਰੇ ’ਤੇ ਇਲਜ਼ਾਮ ਲਾਈ ਰੱਖਣੇ ਅਤੇ ਜਦੋਂ ਜੀ ਕਰਦਾ ਮੈਨੂੰ ਕੁੱਟ ਦੇਣਾ ਇਹ ਉਹਦਾ ਰੋਜ਼ ਦਾ ਕੰਮ ਸੀ। ਸੱਸ-ਸਹੁਰਾ ਵੀ ਸਮਝਾਉਣ ਦੀ ਬਜਾਏ ਮੈਨੂੰ ਹੀ ਤਾਹਨੇ-ਮਿਹਣੇ ਮਾਰਦੇ ਰਹਿੰਦੇ। ਮੈਂ ਇਕੱਲੀ ਕੀ ਕਰ ਸਕਦੀ ਸਾਂ ਇਸ ਲਈ ਸਬਰ ਦਾ ਘੁੱਟ ਭਰ ਚੁੱਪ ਕਰ ਬਹਿ ਜਾਂਦੀ।
ਕੀ ਸੀ ਮੇਰੀ ਜ਼ਿੰਦਗੀ ਕੁਝ ਸਮਝ ਹੀ ਨਹੀਂ ਆਈ ਅੱਜ ਤਾਈਂ… ਕਿ ਉੱਪਰ ਵਾਲੇ ਨੇ ਕਿਸ ਗੁਨਾਹ ਦੀ ਸਜਾ ਦਿੱਤੀ ਸੀ ਮੈਨੂੰ ਕਿ ਜਿੰਦਗੀ ਦਾ ਇੱਕ ਦਿਨ ਵੀ ਨਹੀਂ ਸੀ ਜਿਸ ਦਿਨ ਮੈਂ ਕੋਈ ਤਸੀਹਾ ਨਾ ਝੱਲਿਆ ਹੋਵੇ, ਸ਼ਾਇਦ ਇਹ ਤਸੀਹੇ ਮੇਰੇ ਜਨਮ ਤੋਂ ਸ਼ੁਰੂ ਹੋਏ ਤੇ ਲੱਗਦਾ ਮੇਰੀ ਮੌਤ ਬਾਅਦ ਹੀ ਮੁੱਕਣਗੇ ।

ਬਚਪਨ ਵਿੱਚ ਮਾਂ-ਪਿਉ ਨੇ ਪੈਦਾ ਹੁੰਦਿਆਂ ਹੀ ਕੂੜੇ ਦੇ ਢੇਰ ’ਤੇ ਸੁੱਟ ਦਿੱਤਾ।ਇਸ ਲਈ ਕੋਈ ਨਹੀਂ ਪਤਾ ਮੈਨੂੰ ਮੇਰੀ ਜਾਤ ਦਾ ਕਿ ਮੈਂ ਹਿੰਦੂ ਹਾਂ, ਮੁਸਲਮਾਨ ਹਾਂ, ਜਾਂ ਕਿਸੇ ਹੋਰ ਧਰਮ ਦੀ ਹਾਂ। ਇਸ ਕਰਕੇ ਮੇਰੇ ਲਈ ਸਾਰੇ ਧਰਮ ਹੀ ਬਰਾਬਰ ਰਹੇ। ਜਦ ਕੂੜਾ ਚੁਗਣ ਵਾਲੀ ਇੱਕ ਔਰਤ ਨੇ ਮੈਨੂੰ ਲਵਾਰਿਸ ਨੂੰ ਉਸ ਕੂੜੇ ਦੇ ਢੇਰ ’ਤੇ ਪਈ ਨੂੰ ਵੇਖਿਆ ਤਾਂ ਤਰਸ ਖਾ ਮੈਨੂੰ ਚੁੱਕ ਉਹ ਆਪਣੇ ਘਰ ਲੈ ਆਈ, ਭਲੇ ਹੀ ਆਪਣੇ ਮਤਲਬ ਲਈ ਹੀ ਮੈਨੂੰ ਉਹ ਆਪਣੇ ਨਾਲ ਲਿਆਈ ਸੀ ਪਰ ਸ਼ੁਕਰਗੁਜ਼ਾਰ ਹੀ ਰਹੀ ਹਾਂ ਉਸਦੀ ਉਮਰ ਭਰ ਕਿ ਉਸਨੇ ਮੈਨੂੰ ਜੀਵਨਦਾਨ ਦਿੱਤਾ, ਮਾਂ ਦਾ ਪਿਆਰ ਦਿੱਤਾ, ਇੱਕ ਪਹਿਚਾਣ ਦਿੱਤੀ, ਇੱਕ ਨਾਂਅ ਦਿੱਤਾ ‘ਤਾਰੋ’।

ਜਦੋਂ ਪੰਜ-ਛੇ ਸਾਲਾਂ ਦੀ ਹੋਈ ਮਾਈ ਨੇ ਦੋ-ਚਾਰ ਚੰਗੇ ਘਰ ਵੇਖ ਮੈਨੂੰ ਝਾੜੂ-ਪੋਚੇ ’ਤੇ ਲਵਾ ਦਿੱਤਾ, ਜਦੋਂ ਸ਼ਾਮ ਨੂੰ ਘਰ ਥੱਕੀ ਆਉਂਦੀ ਫਿਰ ਮਾਈ ਘਰ ਦੇ ਸਭ ਕੰਮ ਵੀ ਮੈਥੋਂ ਹੀ ਕਰਵਾਉਂਦੀ। ਕਿਉਂ ਜੋ ਉਹ ਵੀ ਸਾਰਾ ਦਿਨ ਬਾਹਰ ਕੰਮ ਕਰ-ਕਰ ਥੱਕ ਜਾਂਦੀ ਸੀ। ਫਿਰ ਹੌਲੀ-ਹੌਲੀ ਉਮਰ ਦੇ ਵਧਣ ਨਾਲ ਝਾੜੂ-ਪੋਚੇ ਲਾਉਣ ਵਾਲੇ ਘਰਾਂ ਦੀ ਗਿਣਤੀ ਵੀ ਵਧਦੀ ਗਈ ਸਵੇਰ ਤੋਂ ਸ਼ਾਮ ਹੋ ਜਾਂਦੀ ਘਰ-ਘਰ ਝਾੜੂ ਪੋਚੇ ਲਾਉਂਦੀ ਨੂੰ ਤੇ ਰਾਤ ਘਰ ਦੇ ਕੰਮਾਂ ਵਿਚ ਬੀਤ ਜਾਂਦੀ। ਅਗਲੇ ਦਿਨ ਫਿਰ ਸਵਖਤੇ ਉਹੀ ਕੰਮ, ਇਹੀ ਮੇਰੀ ਜ਼ਿੰਦਗੀ ਸੀ।

ਕੋਈ ਬਹੁਤੇ ਵੱਡੇ ਸੁਫ਼ਨੇ ਤਾਂ ਨਹੀਂ ਵੇਖੇ ਸਨ ਮੈਂ, ਜਿੰਦਗੀ ਦੀ ਇੱਕ ਹੀ ਖਾਹਿਸ਼ ਰਹਿ ਗਈ ਸੀ ਕਿ ਕਾਸ਼! ਕੋਈ ਮੈਨੂੰ ਕਮਾ ਕੇ ਖਵਾਉਂਦਾ, ਮੇਰੇ ਨਾਜ਼-ਨਖਰੇ ਚੁੱਕਦਾ, ਮੈਨੂੰ ਵੀ ਮਾਣ-ਇੱਜ਼ਤ ਮਿਲਦਾ ਜਿਸ ’ਤੇ ਮੇਰਾ ਹੱਕ ਸੀ। ਜਿੰਦਗੀ ਭਰ ਖੁਦ ਹੀ ਕਮਾਉਂਦੀ ਰਹੀ ਸਾਂ ਵਿਆਹ ਤੋਂ ਪਹਿਲਾਂ, ਤੇ ਵਿਆਹ ਤੋਂ ਬਾਅਦ ਵੀ ਉਹੀ ਹਾਲ ਰਿਹਾ। ਅੱਧੀ ਜਿੰਦਗੀ ਆਪਣੇ ਮਰਦ ਨੂੰ ਕਮਾ ਕੇ ਖਵਾਉਂਦੀ ਦੀ ਬੀਤ ਗਈ ਸੋਚਿਆ, ਪੁੱਤਰ ਵੱਡੇ ਹੋਣਗੇ ਜਦ ਕੰਮਕਾਰ ਲੱਗਣਗੇ ਤਾਂ ਕੁਝ ਕਮਾ ਕੇ ਖੁਆਉਣਗੇ ਮੈਨੂੰ ਪਰ ਉਹ ਵੀ ਇੱਕ ਸੁਫ਼ਨਾ ਹੀ ਰਹਿ ਗਿਆ, ਵਿਆਹੇ ਗਏ ਤਾਂ ਝੱਟ ਆਪਣੀਆਂ ਵਹੁਟੀਆਂ ਨਾਲ ਵੱਖ ਹੋ ਗਏ।

ਵਿਆਹ ਤੋਂ ਪਹਿਲਾਂ ਜੋ ਸੁਫ਼ਨੇ ਵੇਖੇ ਸਨ ਆਪਣੇ ਖਾਵੰਦ ਪਾਲੀ ਨਾਲ ਇੱਕ-ਇੱਕ ਕਰਕੇ ਮੇਰੇ ਦਿਲ ਵਿਚ ਦਫਨ ਹੁੰਦੇ ਗਏ। ਉਸਨੇ ਕਦੇ ਮੇਰੀ ਕੋਈ ਇੱਛਾ ਪੁੱਛੀ ਹੀ ਨਹੀਂ ਤੇ ਮੈਥੋਂ ਵੀ ਕਦੇ ਦੱਸ ਹੀ ਨਾ ਹੋਇਆ। ਜਿੰਦਗੀ ਦੀਆਂ ਠ੍ਹੋਕਰਾਂ ਨੇ ਉਮਰ ਤੋਂ ਪਹਿਲਾਂ ਹੀ ਬੁੱਢਿਆਂ ਕਰਤਾ ਮੈਨੂੰ, ਫਿਰ ਸੋਚਦੀ ਹਾਂ ਸ਼ਾਇਦ ਕਿਸਮਤ ਵਿੱਚ ਇਹੀ ਲਿਖਿਆ ਸੀ ਜਿੰਨੀ ਬੀਤ ਗਈ ਚੰਗੀ ਬੀਤ ਗਈ। ਕੰਮ ਹੀ ਤਾਂ ਬੰਦੇ ਦਾ ਕਰਮ ਹੈ ਸੋ ਕੰਮ ਕਰਦੀ ਜਿੰਦਗੀ ਗੁਜ਼ਾਰ ਲਈ, ਕੀ ਕਰਨਾ ਸ਼ਿਕਵਾ ਜਿੰਦਗੀ ਤੋਂ ਜੇ ਲੇਖ ਹੀ ਐਸੇ ਲਿਖਵਾ ਲਿਆਈ ਹਾਂ ਮਾਲਕ ਤੋਂ।

ਫਿਰ ਸੋਚਦੀ ਹਾਂ ਕੀ ਵਾਕਿਆ ਹੀ ਮੈਂ ਐਨੀ ਮਾੜੀ ਹਾਂ ਜੋ ਮੇਰੇ ਮੁਕੱਦਰ ਐਨੇ ਮਾੜੇ ਹੋ ਗਏ। ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਫਿਰ ਅੱਜ ਇਹ ਸਭ ਕੀ ਹੋ ਗਿਆ ਮੇਰੇ ਨਾਲ? ਜਿਸ ਝੁੱਗੀ ਨੂੰ ਘਰ ਬਣਾਉਣ ’ਚ ਮੇਰੀ ਉਮਰ ਲੰਘ ਗਈ। ਜਿਸ ਘਰ ਨੂੰ ਬਣਾਉਣ ਵਿਚ ਮੈਂ ਆਪਣੇ ਖੂਨ-ਪਸੀਨੇ ਦਾ ਇੱਕ-ਇੱਕ ਕਤਰਾ ਲਾ ਦਿੱਤਾ ਅੱਜ ਉਸ ਘਰ ਵਿਚ ਹੀ ਮੇਰੀ ਕੋਈ ਜਗ੍ਹਾ ਨਹੀਂ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਔਲਾਦ ਵੀ ਮੇਰੇ ਨਾਲ ਏਦਾਂ ਦਾ ਸਲੂਕ ਕਰੇਗੀ।

ਇਹ ਸਭ ਸੋਚਦੀ ਤਾਰੋ ਨੂੰ ਸਵੇਰ ਹੋ ਗਈ। ਉਹ ਕਮਰੇ ਦੀ ਬਾਰੀ ਕੋਲੋਂ ਉੱਠੀ ਤੇ ਆਪਣੀ ਇੱਕ ਚੁੰਨੀ ਵਿੱਚ ਆਪਣੇ ਦੋ-ਚਾਰ ਸੂਟ ਬੰਨ੍ਹ ਸਭ ਨੂੰ ਅਲਵਿਦਾ ਕਹਿ ਆਪਣੇ ਘਰੋਂ ਹਮੇਸ਼ਾ ਲਈ ਚੱਲ ਪਈ। ਹੌਲੀ-ਹੌਲੀ ਕਦਮ ਪੁੱਟਦੀ ਉਹ ਬਾਹਰ ਦੇ ਦਰਵਾਜ਼ੇ ਵੱਲ ਵਧ ਰਹੀ ਸੀ ਪਰ ਮਨ ਵਿਚ ਉਸਨੂੰ ਇੱਕ ਆਸ ਸੀ ਕਿ ਉਸਦੇ ਪੁੱਤਰ ਉਸਨੂੰ ਰੋਕ ਲੈਣਗੇ। ਅਜੇ ਉਸ ਗੇਟ ਤੋਂ ਬਾਹਰ ਕਦਮ ਰੱਖਣਾ ਹੀ ਸੀ ਕਿ ਪਿੱਛੋਂ ਉਸਦੇ ਛੋਟੇ ਮੁੰਡੇ ਨਿੰਮੇ ਨੇ ਆਵਾਜ਼ ਮਾਰ ਰੋਕਿਆ।ਤਾਰੋ ਖੁਸ਼ ਹੋ ਗਈ। ‘‘ਮੇਰਾ ਲਾਡਲਾ ਪੁੱਤ, ਮੈਂ ਜਾਣਦੀ ਸੀ ਨਿੰਮਾ ਮੇਰੇ ਬਗੈਰ ਨਹੀਂ ਰਹਿ ਸਕਦਾ। ਉਹ ਮੈਨੂੰ ਜਰੂਰ ਰੋਕ ਲਵੇਗਾ

ਸੱਚੀਂ ਉਸ ਰੋਕ ਲਿਆ’’ ਨਿੰਮਾ ਉਸ ਕੋਲ ਗਿਆ ਤੇ ਦੋ ਸੌ ਰੁਪਏ ਉਸਦੀ ਤਲੀ ’ਤੇ ਧਰ ਬੋਲਿਆ, ‘‘ਆਹ ਕੁਝ ਪੈਸੇ ਨੇ ਮਾਈ ਰੱਖ ਲੈ ਤੇਰੇ ਕੰਮ ਆਉਣਗੇ, ਮੰਦਾ ਚੱਲ ਰਿਹਾ ਕੋਈ ਚੰਗਾ ਕੰਮ ਨਹੀਂ ਮਿਲ ਰਿਹਾ, ਸੋ ਬੱਸ ਇਹੀ ਪੈਸੇ ਸਨ।’’
ਫਿਰ ਉਸਦੇ ਵੱਡੇ ਪੁੱਤ ਦੀਪੇ ਨੇ ਵੀ 300 ਰੁਪਈਏ ਤਲੀ ’ਤੇ ਧਰ ਦਿੱਤੇ ਤੇ ਇੱਕ ਕਾਗਜ ਦੇ ਟੁਕੜੇ ’ਤੇ ਬਿਰਧ ਆਸ਼ਰਮ ਦਾ ਫੋਨ ਨੰਬਰ ਲਿਖ ਕਹਿ’ਤਾ, ‘‘ਲੈ ਮਾਈ ਫੜ ਤਿੰਨ ਸੌ ਰੁਪਈਆ ਤੇ ਬਿਰਧ ਆਸ਼ਰਮ ਚਲੀ ਜਾ’’

ਅੱਜ ਮੇਰੇ ਹੀ ਘਰ ’ਚੋਂ, ਮੈਨੂੰ ਮੇਰੇ ਆਪਣੇ ਪੁੱਤਰਾਂ ਨੇ ਕੱਢ ਦਿੱਤਾ ਇੱਕ ਬੋਝ ਸਮਝ ਕੇ! ਭਲਾ ਇਹ ਪੰਜ ਸੌ ਰੁਪਏ ਕਿੰਨੇ ਦਿਨ ਗੁਜ਼ਾਰਾ ਕਰਵਾਉਣਗੇ ਮੇਰਾ! ਖੈਰ ਦਿਲ ਨੂੰ ਦਿਲਾਸਾ ਦੇਂਦੀ ਹੋਈ ਕਹਿੰਦੀ, ‘‘ਆਖਰ ਉਹਨਾਂ ਦੇ ਜਿਸਮ ’ਚ ਖੂਨ ਤਾਂ ਪਾਲੀ ਦਾ ਹੀ ਦੌੜਦਾ, ਜੇ ਜਿੰਦਗੀ ਭਰ ਉਹਨੂੰ ਇੱਕ ਅੱਖ ਨਾ ਭਾਈ ਤਾਂ ਉਹਦੀ ਔਲਾਦ ਨੂੰ ਕਿੱਦਾਂ ਭਾ ਜਾਂਦੀ ਤੂੰ ਤਾਰੋ।’’ ਇਹ ਸਭ ਗੱਲਾਂ ਸੋਚਦੀ ਤੁਰੀ ਜਾਂਦੀ ਤਾਰੋ ਥੱਕ ਕੇ ਇੱਕ ਰੁੱਖ ਦੀ ਛਾਂ ਹੇਠਾਂ ਬੈਠ ਗਈ।

ਅਚਾਨਕ ਉੱਥੋਂ ਕੋਈ ਸਤਾਰਾਂ-ਅਠਾਰਾਂ ਸਾਲ ਦਾ ਨੌਜਵਾਨ ਮੁੰਡਾ ਲਾਟਰੀਆਂ ਵੇਚਦਾ ਤੁਰਿਆ ਜਾ ਰਿਹਾ ਸੀ। ਸਵੇਰ ਦੀ ਉਸਦੀ ਕੋਈ ਲਾਟਰੀ ਨਹੀਂ ਵਿਕੀ ਸੀ ਜਦ ਉਸ ਤਾਰੋ ਨੂੰ ਰੁੱਖ ਦੀ ਛਾਂ ਹੇਠ ਬੈਠੀ ਨੂੰ ਵੇਖਿਆ ਤਾਂ ਮਨ ਵਿਚ ਸੋਚਦਾ ਕਿ ‘‘ਕੁਝ ਵੀ ਹੋ ਜਾਵੇ ਇਸ ਮਾਈ ਨੂੰ ਟਿਕਟ ਤਾਂ ਵੇਚ ਕੇ ਹੀ ਰਹਿਣੀ ਹੈ।’’ ਉਸ ਲਾਟਰੀ ਵਾਲੇ ਦੇ ਵਾਰ-ਵਾਰ ਕਹਿਣ ’ਤੇ ਤਾਰੋ ਨੂੰ ਤਰਸ ਆ ਗਿਆ। ਉਸ ਆਪਣੀ ਮੁੱਠੀ ਵਿੱਚ ਬੰਦ ਪੰਜ ਸੌ ਦਾ ਨੋਟ ਗਹੁ ਨਾਲ ਵੇਖਿਆ, ਜੋ ਉਸਦੇ ਹੱਥ ਦੇ ਪਸੀਨੇ ਨਾਲ ਗਿੱਲਾ ਹੋ ਗਿਆ ਸੀ ।

‘‘ਲੱਗਦਾ ਇਹ ਪੈਸੇ ਮੇਰੀ ਕਿਸਮਤ ਵਿੱਚ ਨਹੀਂ ਹਨ।’’ ਐਨਾ ਕਹਿ ਉਸ ਉਹ ਪੰਜ ਸੌ ਦਾ ਨੋਟ ਮੁੰਡੇ ਨੂੰ ਦੇ ਬਦਲੇ ਵਿੱਚ ਲਾਟਰੀ ਦਾ ਟਿਕਟ ਲੈ ਲਿਆ। ਤਾਰੋ ਨੇ ਟਿਕਟ ਨੂੰ ਆਪਣੀ ਪਾਟੀ-ਪੁਰਾਣੀ ਚੁੰਨੀ ਦੀ ਨੁੱਕਰ ਨਾਲ ਬੰਨ੍ਹ ਦਿੱਤਾ। ਮੁੰਡੇ ਦੇ ਫੋਨ ਨੰਬਰ ਮੰਗਣ ’ਤੇ ਉਸ ਉਹ ਬਿਰਧ ਆਸ਼ਰਮ ਦਾ ਫੋਨ ਨੰਬਰ ਆਪਣੇ ਪਤੇ ਵਿੱਚ ਲਿਖਵਾ ਦਿੱਤਾ।

ਹੌਲੀ-ਹੌਲੀ ਇੱਕ ਮਹੀਨਾ ਬੀਤ ਚੱਲਿਆ ਸੀ ਤਾਰੋ ਨੂੰ ਬਿਰਧ ਆਸ਼ਰਮ ਵਿੱਚ ਰਹਿੰਦੀ ਨੂੰ ਸਭ ਨਾਲ ਉੱਥੇ ਕਾਫੀ ਗੂੜ੍ਹੀ ਸਾਂਝ ਪੈ ਗਈ ਸੀ ਉਸਦੀ ਪਰ ਫਿਰ ਵੀ ਉਸ ਨੂੰ ਉਮੀਦ ਸੀ ਕਿ ਉਸਦੇ ਪੁੱਤਰ ਜਰੂਰ ਉਸਦੀ ਖੈਰ-ਖਬਰ ਪੁੱਛਣ ਆਉਣਗੇ ਅਤੇ ਉਹਨੂੰ ਘਰ ਲੈ ਜਾਣਗੇ ਪਰ ਅਫਸੋਸ ਕਿ ਕਿਸੇ ਨੇ ਕਦੇ ਫੋਨ ਤੱਕ ਨਾ ਕੀਤਾ।

ਫਿਰ ਇੱਕ ਦਿਨ ਉਸਨੂੰ ਫੋਨ ਆਇਆ ਉਹ ਦੌੜ ਕੇ ਗਈ, ਕਦੇ ਸੋਚੇ ਦੀਪੇ ਨੇ ਫੋਨ ਕੀਤਾ ਹੋਊ, ਕਦੇ ਸੋਚੇ ਨਿੰਮੇ ਨੇ। ਬੜੀ ਖੁਸ਼ ਸੀ ਕਿ ਉਸਦੇ ਪੁੱਤਰਾਂ ਨੂੰ ਉਸਦੀ ਯਾਦ ਆਈ ਹੈ ਜੋ ਉਹਨਾਂ ਫੋਨ ਕੀਤਾ। ਪਰ ਜਦੋਂ ਉਸ ਫੋਨ ਕੰਨ ਨਾਲ ਲਾਇਆ ਇਹ ਆਵਾਜ ਨਾ ਦੀਪੇ ਦੀ ਸੀ ਤੇ ਨਾ ਹੀ ਨਿੰਮੇ ਦੀ।

ਇਹ ਤਾਂ ਉਹ ਲਾਟਰੀ ਵੇਚਣ ਵਾਲਾ ਮੁੰਡਾ ਸੀ ਜਿਸਨੇ ਦੱਸਿਆ ਕਿ ਉਸਦਾ ਪੰਜਾਹ ਲੱਖ ਦਾ ਇਨਾਮ ਨਿੱਕਲ ਆਇਆ ਹੈ। ਉਸਦੇ ਹੱਥੋਂ ਟੈਲੀਫੋਨ ਦਾ ਰਿਸੀਵਰ ਡਿੱਗ ਪਿਆ। ਉਹ ਜਮੀਨ ’ਤੇ ਆਪਣਾ ਦਿਲ ਫੜ ਬਹਿ ਗਈ। ਦੂਰ ਕੰਮ ਕਰਦੇ ਸਵੀਪਰ ਨੇ ਜਦ ਵੇਖਿਆ ਉਸ ਦੌੜ ਕੇ ਜਲਦੀ-ਜਲਦੀ ਤਾਰੋ ਨੂੰ ਸੰਭਾਲਿਆ ਫਿਰ ਉਸਨੂੰ ਗਲਾਸ ਪਾਣੀ ਦਾ ਪਿਆਇਆ। ਸਭ ਬਜ਼ੁਰਗਾਂ ਦੌੜ ਕੇ ਉਸ ਦੇ ਆਲੇ-ਦੁਆਲੇ ਘੇਰਾ ਬਣਾ ਲਿਆ ।ਜਦੋਂ ਉਸਨੂੰ ਥੋੜ੍ਹਾ ਹੋਸ਼ ਆਇਆ ਉਸ ਬਿਰਧ ਆਸ਼ਰਮ ਕੰਮ ਕਰਦੇ ਮੁੰਡੇ ਨੂੰ ਆਪਣੇ ਚੁੰਨੀ ਦੇ ਲੜ ਨਾਲ ਬੱਝੀ ਲਾਟਰੀ ਦੀ ਟਿਕਟ ਫੜਾਈ ਤੇ ਅਖਬਾਰ ਵਿੱਚ ਟਿਕਟ ਨੰਬਰ ਮਿਲਾਉਣ ਲਈ ਕਿਹਾ। ਤਾਰੋ ਦੇ ਕਹਿਣ ’ਤੇ ਉਸ ਲਾਟਰੀ ਦਾ ਸੀਰੀਜ ਦੇਖਣ ਦੇ ਬਾਅਦ ਉਸਨੇ ਅਖਬਾਰ ’ਤੇ ਟਿਕਟ ਨੰਬਰ ਵੇਖੇ।

‘‘ਹਾਂ… ਹਾਂ… ਇਹੀ ਟਿਕਟ ਨੰਬਰ ਹੈ ਮਾਈ.. ਤੇਰਾ ਪੰਜਾਹ ਲੱਖ ਦਾ ਇਨਾਮ ਨਿੱਕਲ ਆਇਆ.. ਮੁਬਾਰਕਾਂ!’’ ਉਸ ਲੜਕੇ ਨੇ ਖੁਸ਼ ਹੁੰਦੇ ਹੋਏ ਕਿਹਾ।

ਇਹ ਸੁਣ ਉਸ ਦੇ ਢਿੱਡ ਵਿੱਚ ਤੇਜ ਗੁੱਰਾਟ ਹੋਈ। ਇਹ ਇੱਕ ਮਿੱਠਾ ਅਹਿਸਾਸ ਸੀ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਦਿਲ ਕਰਦਾ ਸੀ ਕਿ ਦੌੜੀ ਜਾਵੇ ਅਤੇ ਆਪਣੇ ਪੁੱਤਰਾਂ ਨੂੰ ਆਪਣੀ ਇਸ ਖੁਸ਼ੀ ਵਿਚ ਸ਼ਰੀਕ ਕਰ ਲਵੇ ਪਰ ਫਿਰ ਉਹ ਕੁਝ ਸੋਚ ਰੁਕ ਗਈ ਕਿ ਜੇਕਰ ਉਸਦੇ ਪੁੱਤਰਾਂ ਸਿਰਫ ਉਸਨੂੰ ਜਰਾ ਕੁ ਪੈਸਿਆਂ ਦੇ ਲਾਲਚ ਸਦਕਾ ਅਪਣਾਇਆ ਤਾਂ ਇਹ ਉਸ ਲਈ ਅਸਹਿ ਹੋਵੇਗਾ।

ਜਦ ਦੀਪੇ ਤੇ ਨਿੰਮੇ ਨੂੰ ਉਹਨਾਂ ਦੇ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਾ ਕਿ ਉਹਨਾਂ ਦੀ ਮਾਈ ਦੀ ਲਾਟਰੀ ਨਿੱਕਲੀ ਹੈ । ਦੋਵੇਂ ਉਸ ਖੁਸ਼ੀ ਦਾ ਅਨੁਮਾਨ ਨਹੀਂ ਲਾ ਪਾ ਰਹੇ ਸਨ ਜੋ ਲਾਟਰੀ ਜਿੱਤਣ ’ਤੇ ਰਕਮ ਮਿਲਣ ਵਾਲੀ ਸੀ। ਦੀਪਾ ਬਗਲ ਵਿੱਚ ਅਖਬਾਰ ਦਬਾਈ ਕਈ ਵਾਰ ਇੱਧਰ ਤੋਂ ਉੱਧਰ ਚਹਿਲਕਦਮੀ ਕਰਦਾ ਰਿਹਾ। ਇਹ ਪਹਿਲਾ ਮੌਕਾ ਸੀ ਜਦੋਂ ਉਹ ਆਪਣੇ-ਆਪ ਨੂੰ ਕੁੱਝ ਵੱਖਰਾ ਤੇ ਅਮੀਰ ਮਹਿਸੂਸ ਕਰ ਰਹੇ ਸਨ।

ਨਿੰਮਾ ਸੋਚ ਰਿਹਾ ਸੀ, ‘‘ਮਾਈ ਦਾ ਇਨਾਮ ਨਿੱਕਲਿਆ ਸਮਝੋ ਸਾਡਾ ਇਨਾਮ ਨਿੱਕਲਿਆ, ਇਹ ਇਨਾਮ ਦੀ ਰਕਮ ਤਾਂ ਮਾਈ ਸਾਨੂੰ ਹੀ ਦੇਵੇਗੀ! ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿ ਅਸੀਂ ਜਿੱਤ ਗਏ! ਤਾਂ ਹੁਣ ਅਸੀਂ ਆਪਣੇ ਜੀਣ ਦਾ ਢੰਗ ਬਦਲ ਦੇਵਾਂਗੇ।’’
ਫਿਰ ਇੱਕ-ਇੱਕ ਕਰਕੇ ਉਹਨਾਂ ਨੂੰ ਆਪਣੀ ਮਾਈ ਨਾਲ ਕੀਤੇ ਬੁਰੇ ਵਰਤਾਰੇ ਯਾਦ ਆਏ। ਸੋਚਣ ਲੱਗੇ, ‘‘ਮਾਂ ਦਾ ਦਿਲ ਵੱਡਾ ਹੁੰਦਾ ਉਹ ਉਹਨਾਂ ਦੀਆਂ ਸਭ ਗਲਤੀਆਂ ਮਾਫ ਕਰ ਦੇਵੇਗੀ।’’

ਉਹ ਇਹ ਵੀ ਜਾਣਦੇ ਸਨ ਕਿ ਜੇਕਰ ਮਾਂ ਨੂੰ ਇਹ ਪਤਾ ਲੱਗ ਗਿਆ ਕਿ ਉਹ ਸਿਰਫ ਪੈਸਿਆਂ ਦੇ ਲਾਲਚ ਕਾਰਨ ਉਹਨੂੰ ਵਾਪਸ ਘਰ ਲੈਣ ਆਏ ਹਨ ਤਾਂ ਉਹ ਕਦੇ ਵੀ ਉਹਨਾਂ ਨਾਲ ਨਹੀਂ ਆਵੇਗੀ। ਇਸ ਲਈ ਉਹਨਾਂ ਇਹ ਫੈਸਲਾ ਕੀਤਾ ਕਿ ਜਿੰਨੀ ਦੇਰ ਮਾਈ ਖੁਦ ਆਪਣੇ ਮੂੰਹੋਂ ਲਾਟਰੀ ਜਿੱਤਣ ਦਾ ਜ਼ਿਕਰ ਨਹੀਂ ਕਰੇਗੀ ਓਨੀ ਦੇਰ ਘਰ ਵਿਚ ਉਹਨਾਂ ’ਚੋਂ ਕੋਈ ਵੀ ਲਾਟਰੀ ਦੇ ਇਨਾਮ ਦਾ ਜਿਕਰ ਨਹੀਂ ਕਰੇਗਾ।
ਫਿਰ ਉਹ ਦੌੜ ਕੇ ਬਿਰਧ ਆਸ਼ਰਮ ’ਚੋਂ ਮਾਈ ਨੂੰ ਘਰ ਵਾਪਸ ਲੈ ਆਏ।

ਤਾਰੋ ਘਰ ਆ ਕੇ ਇਸ ਲਈ ਖੁਸ਼ ਸੀ ਕਿ ਆਖਰ ਉਸਦੇ ਪੁੱਤਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਹ ਉਸਨੂੰ ਵਾਪਸ ਘਰ ਲੈ ਆਏ। ਇੱਕਦਮ ਅਚਾਨਕ ਸਭ ਕੁਝ ਚੰਗਾ-ਚੰਗਾ ਹੋ ਰਿਹਾ ਸੀ ਉਸ ਨਾਲ ‘‘ਪਹਿਲਾਂ ਇਹ ਫਿਕਰ ਸੀ ਕਿ ਐਨੇ ਸਾਰੇ ਪੈਸਿਆਂ ਦਾ ਕੀ ਕਰਾਂਗੀ? ਹੁਣ ਇਹ ਫਿਕਰ ਵੀ ਲਹਿ ਗਿਆ। ਮੇਰਾ ਸਭ ਕੁਝ ਤਾਂ ਮੇਰੇ ਪੁੱਤਰਾਂ ਦਾ ਹੀ ਹੈ ਸੋ ਇਹਨਾਂ ਨੂੰ ਹੀ ਅੱਧੋ-ਅੱਧ ਵੰਡ ਦੇਵਾਂਗੀ। ਮੈਂ ਕੀ ਕਰਨੀ ਦੌਲਤ, ਮੇਰੀ ਅਸਲੀ ਦੌਲਤ ਤਾਂ ਮੇਰੇ ਬੱਚੇ ਹਨ।’’ ਤਾਰੋ ਮਨ ਵਿਚ ਸੋਚ ਰਹੀ ਸੀ।
ਉੁਧਰ ਉਹ ਦੋਵੇਂ ਆਪਣੇ ਖਿਆਲਾਂ ਵਿੱਚ ਉੱਡਦੇ ਫਿਰਦੇ ਸਨ।

‘‘ਜੇ ਮਾਈ ਨੇ ਮੈਨੂੰ ਅੱਧੇ ਪੈਸੇ ਦੇ ਦਿੱਤੇ ਤਾਂ ਸਭ ਤੋਂ ਪਹਿਲਾਂ ਆਪਣਾ ਕਰਜਾ ਲਾਹ ਕੇ ਨਵਾਂ ਘਰ, ਨਵਾਂ ਫਰਨੀਚਰ ਤੇ ਇੱਕ ਸੌਦੇ ਦੀ ਦੁਕਾਨ ਖੋਲ੍ਹਾਂਗਾ।’’ ਨਿੰਮਾ ਮਨ ਹੀ ਮਨ ਸੋਚ ਰਿਹਾ ਸੀ। ਦੀਪਾ ਸੋਚਦਾ, ‘‘ਜੇ ਮਾਈ ਮੈਨੂੰ ਮੇਰਾ ਅੱਧਾ ਹਿੱਸਾ ਦੇ ਦੇਵੇਗੀ ਤਾਂ ਮੈਂ ਸ਼ਹਿਰ ਕੋਈ ਪਲਾਟ ਖਰੀਦ ਲਵਾਂਗਾ ਫਿਰ ਉਹਨੂੰ ਵੱਧ ਰਕਮ ’ਤੇ ਵੇਚ ਦਿਆ ਕਰਾਂਗਾ ਤੇ ਬਾਕੀ ਬਚੀ ਰਕਮ ਨੂੰ ਵਿਆਜ਼ ’ਤੇ ਦੇ ਦਿਆ ਕਰਾਂਗਾ।’’
ਹੋਰ ਥੋੜ੍ਹੀ ਦੇਰ ਵਿੱਚ ਉਹ ਕੁੱਝ ਨਵਾਂ ਸੋਚਦੇ ਜੋ ਪਹਿਲਾਂ ਸੋਚੀ ਗਈ ਗੱਲ ਨਾਲੋਂ ਅੱਗੇ ਹੁੰਦਾ।

ਹੁਣ ਉਹਨਾਂ ਦੋਵਾਂ ਆਪਣੀ ਮਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੂੰਹਾਂ ਨੂੰ ਉਹ ਜ਼ਰਾ ਵੀ ਚੰਗੀ ਨਾ ਲੱਗਦੀ ਸੀ ਉਹੀ ਨੂੰਹਾਂ ਚੌਵੀ ਘੰਟੇ ਆਪਣੀ ਸੱਸ ਦੀ ਸੇਵਾ ਕਰਨ ਲਈ ਤਿਆਰ ਰਹਿੰਦੀਆਂ। ਦੀਪਾ ਤੇ ਨਿੰਮਾ ਹਰ ਰੋਜ਼ ਆਪਣੀ ਮਾਂ ਲਈ ਨਵੇਂ-ਨਵੇਂ ਫਲ-ਫਰੂਟ ਲਿਆਉਂਦੇ ਜੋ ਤਾਰੋ ਨੇ ਕਦੇ ਆਪਣੀ ਜਿੰਦਗੀ ਵਿੱਚ ਨਹੀਂ ਸਨ ਖਾਧੇ । ਉਸ ਨੂੰ ਇਹ ਸਭ ਇੱਕ ਸੁਫ਼ਨਾ ਹੀ ਲੱਗ ਰਿਹਾ ਸੀ ਕਿ ਅਚਾਨਕ ਜਿੰਦਗੀ ਉਸ ਉੱਪਰ ਐਦਾਂ ਵੀ ਮਿਹਰਬਾਨ ਹੋਵੇਗੀ। ਉਸਦੇ ਦੋਵੇਂ ਹੱਥ ਖੁਸ਼ੀਆਂ ਨਾਲ ਭਰੇ ਪਏ ਸਨ।

ਇੱਕ ਦਿਨ ਜਦ ਉਹ ਆਪਣੇ ਪੁੱਤਰਾਂ ਨੂੰਹਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਈ ਤਾਂ ਉਸ ਫੈਸਲਾ ਕੀਤਾ ਕਿ ਸਭ ਨੂੰ ਲਾਟਰੀ ਦੇ ਇਨਾਮ ਦੀ ਖਬਰ ਸੁਣਾਵੇ। ਦੁਪਹਿਰ ਦਾ ਵੇਲਾ ਸੀ ਉਹ ਆਪਣੇ ਕਮਰੇ ’ਚੋਂ ਉੱਠ ਦੀਪੇ ਦੇ ਕਮਰੇ ਵੱਲ ਗਈ। ਜਿਵੇਂ ਹੀ ਉਹ ਦਰਵਾਜ਼ਾ ਖੋਲ੍ਹ ਅੰਦਰ ਜਾਣ ਲੱਗੀ ਤਾਂ ਉਸ ਨੂੰ ਉਹਨਾਂ ਚਾਰਾਂ ਦੀਆਂ ਆਵਾਜਾਂ ਕੰਨੀ ਪਈਆਂ।

‘‘ਇੱਕ ਮਹੀਨੇ ਤੋਂ ਉੱਤੇ ਟਾਈਮ ਲੰਘ ਗਿਆ ਪਰ ਮਾਈ ਨੇ ਆਪਾਂ ਨੂੰ ਪੈਸੇ ਦੇਣੇ ਤਾਂ ਕੀ ਅਜੇ ਇਨਾਮ ਜਿੱਤਣ ਬਾਰੇ ਕੁਝ ਨਹੀਂ ਦੱਸਿਆ।’’ ਨਿੰਮੇ ਨੇ ਤਲਖੀ ਨਾਲ ਕਿਹਾ। ‘‘ਮੈਂ ਤਾਂ ਮਾਈ ਕੋਲ ਇੱਕ ਪਲ ਨਾ ਬੈਠਾਂ, ਉਹ ਤਾਂ ਪੈਸਿਆਂ ਕਰਕੇ ਉਹਦੀ ਗੋਲੀ ਬਣੀ ਬੈਠੀ ਹਾਂ।’’ ਨਿੰਮੇ ਦੀ ਵਹੁਟੀ ਨੇ ਮੂੰਹ ਬਣਾਉਂਦੀ ਨੇ ਕਿਹਾ।

‘‘ਮੈਨੂੰ ਤਾਂ ਇਹ ਡਰ ਹੈ ਕਿ ਕਿਤੇ ਆਪਾਂ ਮਾਈ ਦੀ ਸੇਵਾ ਕਰਦੇ ਰਹਿ ਜਾਈਏ ਤੇ ਇਨਾਮ ਉਹ ਕਿਸੇ ਹੋਰ ਨੂੰ ਦੇ ਦੇਵੇ!’’ ਦੀਪੇ ਦੀ ਘਰ ਵਾਲੀ ਨੇ ਆਪਣਾ ਪੱਖ ਰੱਖਿਆ । ‘‘ਕੋਈ ਨਾ ਕੋਈ ਸਕੀਮ ਬਣਾ ਕੇ ਜਲਦੀ ਤੋਂ ਜਲਦੀ ਮਾਈ ਦੀ ਸਾਰੀ ਰਕਮ ਆਪਾਂ ਆਪਣੇ ਹੱਥ ਲੈ ਹੀ ਲੈਣੀ ਹੈ ਤੇ ਫਿਰ ਉਹਨੂੰ ਬਿਰਧ ਆਸ਼ਰਮ ਰਵਾਨਾ ਕਰਨਾ। ਮੇਰੇ ਕੋਲ ਇੱਕ ਤਰਕੀਬ ਹੈ ਵੇਖਣਾ ਸ਼ਾਮ ਤੋਂ ਪਹਿਲਾਂ ਮਾਈ ਦੇ ਸਾਰੇ ਪੈਸੇ ਆਪਣੇ ਕੋਲ ਹੋਣਗੇ।’’ ਦੀਪੇ ਨੇ ਵੀ ਆਪਣੀ ਘਰਵਾਲੀ ਦੀ ਗੱਲ ’ਤੇ ਹੁੰਗਾਰਾ ਭਰ ਕੁਝ ਸੋਚਦੇ ਨੇ ਸਭ ਨੂੰ ਆਪਣਾ ਪਲਾਨ ਦੱਸਿਆ ਤਾਰੋ ਤੋਂ ਇਨਾਮ ਦੇ ਪੈਸੇ ਲੈਣ ਲਈ।

‘‘ਇਹਦਾ ਮਤਲਬ ਇਹਨਾਂ ਨੂੰ ਸਭ ਕੁਝ ਪਤਾ ਸੀ ਮੇਰੇ ਇਨਾਮ ਜਿੱਤਣ ਦਾ, ਤੇ ਮੈਨੂੰ ਲੱਗਾ ਮੇਰਾ ਪਿਆਰ ਇਹਨਾਂ ਨੂੰ ਮੇਰੇ ਕੋਲ ਖਿੱਚ ਲਿਆਇਆ? ਮੈਂ ਵੀ ਐਵੇਂ ਕੇਹੀ ਖੁਸ਼ਫਹਿਮੀ ’ਚ ਜਿਊਂਦੀ ਰਹੀ ਐਨੇ ਦਿਨ। ਚੱਲ ਤਾਰੋ ਇੱਥੋਂ ਵਾਪਸ ਮੁੜ ਚੱਲ, ਇਸ ਜਗ੍ਹਾ ਕੁਝ ਨਹੀਂ ਰਹੀ ਤੇਰੀ, ਤੇਰੇ ਪੁੱਤਰਾਂ ਨੂੰ ਤੇਰੇ ਨਾਲ ਪਿਆਰ ਨਹੀਂ ਬਲਕਿ ਤੇਰੀ ਦੌਲਤ ਨਾਲ ਪਿਆਰ ਹੈ। ਜਿਸ ਦਿਨ ਦਾ ਤੈਨੂੰ ਬੁਢਾਪੇ ਨੇ ਜਕੜ ਲਿਆ ਤੇਰੀ ਏਸ ਘਰ ਵਿਚ ਕੋਈ ਅਹਿਮੀਅਤ ਨਹੀਂ ਰਹੀ, ਤੂੰ ਇੱਕ ਫਾਲਤੂ ਦੀ ਪੁਰਾਣੀ ਵਸਤੂ ਹੋ ਗਈ ਜਿਸ ਲਈ ਘਰ ਵਿਚ ਕੋਈ ਥਾਂ ਨਹੀਂ ਰਹੀ।’’
ਇਹ ਕਹਿ ਕੇ ਉਹ ਉੱਥੋਂ ਵਾਪਸ ਬਿਰਧ ਆਸ਼ਰਮ ਮੁੜ ਆਈ।

ਉਸਦੇ ਪੁੱਤਰਾਂ ਬੜੀ ਕੋਸ਼ਿਸ ਕੀਤੀ ਉਸਨੂੰ ਵਾਪਸ ਘਰ ਮੋੜ ਲਿਆਉਣ ਦੀ ਪਰ ਤਾਰੋ ਨੇ ਮਨ੍ਹਾ ਕਰ ਦਿੱਤਾ ਤੇ ਇਨਾਮ ਦੀ ਜਿੱਤੀ ਰਕਮ ਵਿੱਚੋਂ ਅੱਧੀ ਰਕਮ ਉਸ ਬਿਰਧ ਆਸ਼ਰਮ ਨੂੰ ਦਾਨ ਕਰ ਦਿੱਤੀ ਅਤੇ ਦੋ-ਦੋ ਲੱਖ ਰੁਪਏ ਆਪਣੇ ਦੋਵਾਂ ਪੁੱਤਰਾਂ ਨੂੰ ਭਿਜਵਾ ਦਿੱਤੇ ਇਹ ਕਹਿ ਕਿ ਮੈਂ ਤੁਹਾਡੇ ’ਤੇ ਬੋਝ ਨਹੀਂ ਬਣਨਾ ਚਾਹੁੰਦੀ ਸਾਂ ਪਰ ਜੋ ਪਿਛਲੇ ਕੁਝ ਦਿਨ ਤੁਸੀਂ ਸੇਵਾ ਕੀਤੀ ਮੇਰੀ, ਮੈਨੂੰ ਲੱਗਾ ਤੁਹਾਡਾ ਜ਼ਮੀਰ ਜਾਗ ਗਿਆ ਪਰ ਮੈਂ ਗਲਤ ਸਾਂ! ਮਾਂ-ਪਿਉ ਆਪਣੇ ਬੱਚਿਆਂ ਨੂੰ ਪਾਲ ਸਕਦੇ ਨੇ ਪਰ ਬੱਚੇ ਮਾਪਿਆਂ ਨੂੰ ਨਹੀਂ, ਇਹੀ ਸੱਭਿਆਚਾਰ ਹੈ ਨਾ ਆਪਣਾ! ਤੁਸੀਂ ਤਾਂ ਮੇਰੀ ਇਨਾਮ ਦੀ ਰਕਮ ਲਈ ਇਹ ਸਭ ਕੁਝ ਕਰ ਰਹੇ ਸੋ। ਖੈਰ ਜੋ ਵੀ ਸੀ ਮੈਂ ਸੋਚਾਂਗੀ ਕਿ ਉਹ ਕੁਝ ਦਿਨ ਮੈਂ ਇੱਕ ਬਹੁਤ ਵੱਡੇ ਆਲੀਸ਼ਾਨ ਹੋਟਲ ਵਿੱਚ ਗੁਜ਼ਾਰੇ ਸਨ

ਜਿਸ ਦਾ ਬਿੱਲ ਭੇਜ ਰਹੀ ਹਾਂ ਦੋ-ਦੋ ਲੱਖ ਰੁਪਈਆ ਤੁਹਾਡੇ ਬੱਚਿਆਂ ਦੇ ਨਾਂਅ ’ਤੇ, ਇਸ ਲਈ ਕਿ ਜਦੋਂ ਉਹ ਤੁਹਾਨੂੰ ਘਰੋਂ ਬਾਹਰ ਕੱਢਣ ਤਾਂ ਉਨ੍ਹਾਂ ਕੋਲ ਕੁਝ ਪੈਸੇ ਹੋਣ ਤੁਹਾਨੂੰ ਦੇਣ ਲਈ ਨਾ ਕਿ ਮੇਰੀ ਤਰ੍ਹਾਂ ਹਾਲ ਹੋਵੇ ਖੈਰ! ਭਾਵੇਂ ਜਿਸ ਵੀ ਲਾਲਚ ਨਾਲ ਤੁਸੀਂ ਮੇਰੀ ਸੇਵਾ ਕੀਤੀ ਉਹ ਮੈਂ ਜਿੰਦਗੀ ਭਰ ਨਹੀਂ ਭੁੱਲਾਂਗੀ।’’

ਇਹ ਪੜ੍ਹ ਉਹ ਸਭ ਆਪਣੀ ਖ਼ਾਮੋਸ਼ੀ ਦੇ ਸੰਗੀਨ ਕਫ਼ਸ ਵਿੱਚ ਚਲੇ ਗਏ। ਉਹਨਾਂ ਤਾਰੋ ਤੋਂ ਬਹੁਤ ਮਾਫੀਆਂ ਮੰਗੀਆਂ ਆਪਣੇ ਕੀਤੇ ਬੁਰੇ ਵਰਤਾਰੇ ਲਈ, ਉਹਨਾਂ ਬਹੁਤ ਕੋਸ਼ਿਸ਼ ਕੀਤੀ ਮੁੜ ਮਾਈ ਨੂੰ ਘਰ ਮੋੜ ਲਿਆਉਣ ਦੀ ਪਰ ਤਾਰੋ ਆਪਣੇ ਨਵੇਂ ਘਰ ਬਿਰਧ ਆਸ਼ਰਮ ਵਿੱਚ ਬਹੁਤ ਖੁਸ਼ ਸੀ ਆਪਣੇ ਹਮਉਮਰ ਸਾਥੀਆਂ ਨਾਲ ਉਸਨੂੰ ਹੁਣ ਪਹਿਲਾਂ ਨਾਲੋਂ ਵੀ ਵੱਧ ਸਕੂਨ ਸੀ ਕਿ ਜਿਊਂਦੇ ਜੀ ਜਿੱਥੇ ਉਹ ਹੁਣ ਤੱਕ ਆਪਣੇ ਪਰਿਵਾਰ ਲਈ ਜਿਊਂਦੀ ਆਈ ਤੇ ਅਖੀਰ ਵਿੱਚ ਸਮਾਜ ਲਈ ਵੀ ਕੁਝ ਕਰ ਗਈ,

ਉਸ ਨੂੰ ਐਨੀ ਖੁਸ਼ੀ ਤਾਂ ਆਪਣੇ ਪਰਿਵਾਰ ਲਈ ਸਭ ਕੁਝ ਕਰਦਿਆਂ ਨਹੀਂ ਹੋਈ ਜਿੰਨੀ ਖੁਸ਼ੀ ਸਮਾਜ ਲਈ ਕੁਝ ਕਰਨ ’ਤੇ ਹੋਈ! ਤਾਰੋ ਦੇ ਮਨ ਵਿੱਚ ਫਿਰ ਕਦੇ ਉਦਾਸੀ ਨਾ ਆਈ ਕਿਉਂਕਿ ‘ਜਿਊਣਾ ਵੀ ਉਸਦਾ ਜਿਊਣਾ ਹੈ ਗੈਰਾਂ ਲਈ ਜੋ ਜਿਊਂਦਾ ਹੈ’ ਉਸ ਤੋਂ ਬਾਅਦ ਤਾਰੋ ਦੇ ਆਲੇ-ਦੁਆਲੇ ਖੁਸ਼ੀਆਂ ਦਾ ਘੇਰਾ ਹੀ ਰਿਹਾ ਬਾਕੀ ਬਚੇ ਜੀਵਨ ਵਿੱਚ।
ਸਰੁੱਚੀ ਕੰਬੋਜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।