8 ਮਾਰਚ ਨੂੰ ਹੀ ਕਿਉਂ ਫਿਰ

8 ਮਾਰਚ ਨੂੰ ਹੀ ਕਿਉਂ ਫਿਰ

ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ,
ਮੇਰੀਆਂ ਤੜਫ ਦੀਆਂ ਆਦਰਾਂ
ਸੁਲਗਦੇ ਚਾਅ, ਡੁੱਲਦੇ ਨੈਣ
ਫਿਰ ਵੀ ਕੁਝ ਸਵਾਲ ਕਰ ਰਹੇ ਨੇ
ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ
ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ,
ਜ਼ਾਲਮ ਦੇ ਪੰਜੇ ਵਿੱਚੋਂ
ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ,
ਬਚ-ਬਚ ਕੇ ਨਿਕਲ ਰਹੇ ਨੇ
ਬੇ-ਰੁੱਤੇ, ਪਤਝੜ ਮੌਸਮ ਵਾਂਗ
ਤਿਨਕਾ-ਤਿਨਕਾ ਕਰ
ਖਿੰਡ ਚੁੱਕੇ ਅਰਮਾਨ

ਜੇਠ-ਹਾੜ੍ਹ ਦੀ ਰੁੱਤੇ ਪੁੰਗਰ ਰਹੇ ਨੇ
ਛੱਡ ਦਿੱਤੇ ਬੇ-ਮਤਲਬ ਦੇ ਰਿਸ਼ਤੇ ਤੇ
ਉਹ ਢਲਦੀਆਂ ਸ਼ਾਮਾਂ,ਢਲਦੇ ਪਰਛਾਵੇਂ
ਜ਼ਮਾਨੇ ਦੇ ਸਾਰੇ ਰੰਗ ਬਦਲ ਰਹੇ ਨੇ
ਕੱਚੇ ਰਿਸ਼ਤੇ ਦੀ ਉਹ ਤੰਦ
ਬਿਨਾਂ ਡੋਰੋ ਅਸਮਾਨੀ ਪਤੰਗ
ਸਿਸਕੀਆਂ ਭਰਦੀਆਂ ਰੀਝਾਂ
ਮੋਮ ਵਾਂਗ ਪਿਘਲਦਾ ਦਿਲ
ਹੌਲੀ-ਹੌਲੀ ਦੋਨੋਂ ਪੱਥਰ ਬਣ ਰਹੇ ਨੇ
ਬਿਖਰ ਗਈ ਰਿਸ਼ਤਿਆਂ ਦੀ ਸੀ ਜੋ ਪੱਕੀ ਗੰਢ
ਕੱਚਿਆਂ ਵਾਂਗ ਖਰ ਗਈ ਹਰ ਮੋਹ ਦੀ ਤੰਦ

ਮੁਹੱਬਤਾਂ ਦੇ ਗੋਲੇ ਉਲਝ-ਉਲਝ ਕੇ ਉਧੜ ਰਹੇ ਨੇ
ਮੇਰੀ ਪਦਵੀ ਨੂੰ ਸਲਾਮ ਏ
ਸਭ ਕੁਝ ਬੇਨਾਮ ਏ
ਅੱਜ ਵੀ ਭੀੜ ਵਿੱਚ ਆਪਣੀ ਹੋਂਦ ਦੀ
ਸੁਰੱਖਿਅਤ ਮਹਿਸੂਸ ਕਰ ਰਹੀ ਹਾਂ
ਓਹੀ ਰੁਤਬਾ, ਓਹੀ ਪਹਿਚਾਣ
ਕੁਝ ਨਾਮ ਬਣ-ਬਣ ਕੇ ਉੱਭਰ ਰਹੇ ਨੇ
ਅਸਲ ਵਿੱਚ ਕੀ ਹਾਂ ਮੈ ?
ਕੀ ਪਹਿਚਾਣ ਹੈ ?

ਮਰਦ ਦੀ ਤਰ੍ਹਾਂ ਕਿਉ ਨਹੀਂ ਵਿਚਰਦਾ ਰਿਸ਼ਤਾ ਮੇਰਾ
ਜਦਕਿ ਸਾਰਾ ਆਸਮਾਨ ,ਹਰ ਰਿਸਤਾ ਮੇਰਾ
ਧਾਲੀਵਾਲ ਕਹਿਣ ਨੂੰ ਤਾਂ ਰਾਤ ਵੀ ਮੇਰੀ
ਹਰ ਦਿਨ ਵੀ ਮੇਰਾ ਹਰ ਸਾਲ ਵੀ ਮੇਰਾ
ਗਗਨ 8 ਮਾਰਚ ਨੂੰ ਹੀ ਕਿਉਂ ਫਿਰ
ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ
ਵਾਰ-ਵਾਰ ਇਹੋ ਸਵਾਲ ਉੱਭਰ ਰਹੇ ਨੇ
ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.