ਵਿਸ਼ਵ ਕੱਪ: ਇੰਗਲੈਂਡ-ਨਿਊਜ਼ੀਲੈਂਡ ‘ਚ ਫਾਈਨਲ ਅੱਜ

England Vs New Zealand, Final, Today

ਵਿਸ਼ਵ ਕੱਪ: ਇੰਗਲੈਂਡ-ਨਿਊਜ਼ੀਲੈਂਡ ‘ਚ ਫਾਈਨਲ ਅੱਜ

ਲੰਦਨ, ਏਜੰਸੀ। ਲਗਭਗ ਡੇਢ ਮਹੀਨੇ ਦੇ ਰੋਮਾਂਚ ਤੋਂ ਬਾਅਦ ਹੁਣ ਆਈਸੀਸੀ ਵਿਸ਼ਵ ਕੱਪ ਦੀ ਸਮਾਪਤੀ ਹੋਣ ਜਾ ਰਹੀ ਹੈ ਅਤੇ ਲੰਦਨ ਦੇ ਲਾਡਰਜ਼ ਮੈਦਾਨ ‘ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਦਰਮਿਆਨ ਅੱਜ ਹੋਣ ਵਾਲੇ ਫਾਈਨਲ ਮੁਕਾਬਲੇ ‘ਚ ਜਿੱਤ ਕਿਸੇ ਵੀ ਟੀਮ ਦੀ ਹੋਵੇ ‘ਇਤਿਹਾਸ’ ਬਣਨਾ ਤੈਅ ਹੈ। ਲਗਾਤਾਰ ਦੂਜੀ ਵਾਰ ਆਈਸੀਸੀ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਨਿਊਜ਼ੀਲੈਂਡ ਦੀ ਟੀਮ ਦੀਆਂ ਨਜ਼ਰਾਂ ਪਹਿਲੀ ਵਾਰ ਚੈਂਪੀਅਨ ਬਣਨ ‘ਤੇ ਹੋਣਗੀਆਂ ਤਾਂ ਦੂਜੇ ਪਾਸੇ ਇਆਨ ਮੋਰਗਨ ‘ਤੇ ਇੰਗਲੈਂਡ ਨੂੰ ਆਪਣੇ ਘਰੇਲੂ ਮੈਦਾਨ ‘ਤੇ ਇਤਿਹਾਸ ‘ਚ ਪਹਿਲੀ ਵਾਰ ਚੈਂਪੀਅਨ ਦਾ ਤਮਗਾ ਦਿਵਾਉਣ ਦਾ ਦਬਾਅ ਹੈ।

ਇੰਗਲਿਸ਼ ਟੀਮ ਲਈ ਮਨੋਵਿਗਿਆਨਕ ਦਬਾਅ ਇਸ ਲਈ ਵੀ ਜ਼ਿਆਦਾ ਹੈ ਕਿ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਇਸ ਦੇਸ਼ ਨੂੰ ਹੀ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ‘ਚ 27 ਸਾਲ ਲੱਗ ਗਏ ਅਤੇ ਹੁਣ ਆਪਣੀਆਂ ਘਰੇਲੂ ਸਥਿਤੀਆਂ ‘ਚ ਉਸ ਤੋਂ ਹਰ ਹਾਲ ‘ਚ ਇਸ ਸੁਨਹਿਰੇ ਮੌਕੇ ਦਾ ਫਾਇਦਾ ਚੁੱਕਣ ਦੀ ਉਮੀਦ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਲਈ ਮੌਜ਼ੂਦਾ ਵਿਸ਼ਵ ਕੱਪ ਕਾਫੀ ਉਤਾਰ ਚੜਾਅ ਭਰਿਆ ਰਿਹਾ ਹੈ ਅਤੇ ਟੀਮ ਨੇ ਨੰਬਰ ਵੰਨ ਟੀਮ ਅਤੇ ਲੀਗ ਗੇੜ ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਅੰਕ ਸੂਚੀ ‘ਚ ਟਾਪ ‘ਤੇ ਵਿਰਾਟ ਕੋਹਲੀ ਦੀ ਭਾਰਤੀ ਟੀਮ ਨੂੰ ਸੈਮੀਫਾਈਨਲ ‘ਚ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਜਦੋਂਕਿ ਖੁਦ ਉਸ ਲਈ ਆਖਰੀ ਲੀਗ ਗੇੜ ਮੁਕਾਬਲੇ ਹਾਰਨ ਤੋਂ ਬਾਅਦ ਇੱਕ ਸਮੇਂ ਸੈਮੀਫਾਈਨਲ ਤੱਕ ਲਈ ਕੁਆਲੀਫਾਈ ਕਰਨਾ ਮੁਸ਼ਕਲ ਹੋ ਗਿਆ ਸੀ।

ਜਾਨੀ ਬੇਅਰਸਟੋ ਤੇ ਜੇਸਨ ਰਾਏ ਕਰ ਰਹੇ ਹਨ ਕਮਾਲ ਦਾ ਪ੍ਰਦਰਸ਼ਨ

World Cup, England Vs New Zealand, Final, Today

ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਕਪਤਾਨਾਂ ਮੋਰਗਨ ਅਤੇ ਵਿਲੀਅਮਸਨ ਨੇ ਪ੍ਰੇਰਨਾਦਾਈ ਪ੍ਰਦਰਸ਼ਨ ਕਰਦਿਆਂ ਆਪਣੀਆਂ-ਆਪਣੀਆਂ ਟੀਮਾਂ ਨੂੰ ਫਾਈਨਲ ‘ਚ ਪਹੁੰਚਾਇਆ ਅਤੇ ਇੱਕ ਜਿੱਤ ਨਾਲ ਦੋਵਾਂ ‘ਚੋਂ ਕਿਸੇ ਇੱਕ ਦਾ ਨਾਂਅ ਵੀ ਇਤਿਹਾਸ ‘ਚ ਸੁਨਹਿਰੇ ਅੱਖਰਾਂ ‘ਚ ਦਰਜ ਹੋ ਸਕਦਾ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਜਾਨੀ ਬੇਅਰਸਟੋ ਅਤੇ ਜੇਸਨ ਰਾਏ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਓਪਨਿੰਗ ਸਾਂਝੇਦਾਰੀਆਂ ਨੇ ਟੀਮ ਨੂੰ ਲਗਾਤਾਰ ਮਜ਼ਬੂਤੀ ਦਿੱਤੀ ਹੈ। ਬੇਅਰਸਟੋ ਟੂਰਨਾਮੈਂਟ ‘ਚ 496 ਦੌੜਾਂ, ਰਾਏ 426, ਜੋ ਰੂਟ 549, ਬੇਨ ਸਟੋਕਸ 381, ਇਆਨ ਮੋਰਗ 362 ਅਤੇ ਜੋਸ ਬਟਲਰ 253 ਦੌੜਾਂ ਬਣਾ ਚੁੱਕੇ ਹਨ।ਗੇਂਦਬਾਜ਼ੀ ‘ਚ ਵੀ ਇੰਗਲੈਂਡ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ, ਤੇਜ਼ ਗੇਂਦਬਾਜ਼ ਜੋਫਰਾ ਆਰਚਰ 19 ਵਿਕਟਾਂ, ਮਾਰਕ ਵੁੱਡ 17 ਵਿਕਟਾਂ ਅਤੇ ਕ੍ਰਿਸ ਵੋਕਸ 13 ਵਿਕਟਾਂ ਲੈ ਚੁੱਕੇ ਹਨ।

ਨਿਊਜ਼ੀਲੈਂਡ ਦੀਆਂ ਉਮੀਦਾਂ ਵਿਲੀਅਮਸਨ ‘ਤੇ

World Cup, England Vs New Zealand, Final, Todayਨਿਊਜ਼ੀਲੈਂਡ ਦੀਆਂ ਉਮੀਦਾਂ ਦਾ ਕਾਰਜਭਾਰ ਵੀ ਕਪਤਾਨ ਵਿਲੀਅਮਸਨ ‘ਤੇ ਨਿਰਭਰ ਕਰੇਗਾ ਜੋ ਸ਼ਾਨਦਾਰ ਫਾਰਮ ‘ਚ ਹਨ ਤੇ ਦੋ ਸੈਂਕੜਿਆਂ ਅਤੇ ਦੋ ਅਰਧ ਸੈਂਕੜਿਆਂ ਨਾਲ 548 ਦੌੜਾਂ ਬਣਾ ਚੁੱਕੇ ਹਨ। ਰਾਸ ਟੇਲਰ ਨੇ 335, ਜੇਮਸ ਨਿਸ਼ਾਮ ਨੇ 213 ਅਤੇ ਕਾਲਿਨ ਡੀ ਗ੍ਰੈਂਡਹੋਮੇ ਨੇ 174 ਦੌੜਾਂ ਬਣਾਈਆਂ ਪਰ ਮੁਕਾਬਲਾ ਵਿਲੀਅਮਸਨ ਅਤੇ ਇੰਗਲਿਸ਼ ਗੇਂਦਬਾਜ਼ਾਂ ਦਰਮਿਆਨ ਰਹੇਗਾ। ਨਿਊਜ਼ੀਲੈਂਡ ਦਾ ਸਭ ਤੋਂ ਮਜ਼ਬੂਤ ਪੱਖ ਉਸ ਦੀ ਗੇਂਦਬਾਜ਼ੀ ਹੈ ਲਾਕੀ ਫਰਗਿਊਸਨ 18 ਵਿਕਟਾਂ, ਟ੍ਰੈਂਟ ਬੋਲਟ 17 ਵਿਕਟਾਂ, ਮੈਟ ਹੇਨਰੀ 13 ਵਿਕਟਾਂ ਤੇ ਜੇਮਸ ਨਿਸ਼ਾਮ 12 ਵਿਕਟਾਂ ਲੈ ਚੁੱਕੇ ਹਨ।

ਇੰਗਲੈਂਡ ਜਿੱਤੇਗਾ ਵਿਸ਼ਵ ਕੱਪ: ਪੋਂਟਿੰਗ

ਸਾਬਕਾ ਅਸਟਰੇਲੀਆਈ ਕਪਤਾਨ ਅਤੇ ਫਿਲਹਾਲ ਕੌਮੀ ਟੀਮ ਦੇ ਸਹਿ ਕੋਚ ਰਿਕੀ ਪੋਂਟਿੰਗ ਨੇ ਆਈਸੀਸੀ ਵਿਸ਼ਵ ਕੱਪ 2019 ਦੇ ਫਾਈਨਲ ‘ਚ ਮੇਜ਼ਬਾਨ ਇੰਗਲੈਂਡ ਦੇ ਚੈਂਪੀਅਨ ਬਣਨ ਦੀ ਭਵਿੱਖਬਾਣੀ ਕੀਤੀ ਹੈ। ਟੂਰਨਾਮੈਂਟ ਦੇ ਸ਼ੁਰੂਆਤ ਤੋਂ ਹੀ ਇੰਗਲੈਂਡ ਨੂੰ ਆਪਣੇ ਮੈਦਾਨ ‘ਤੇ ਖਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਅਤੇ ਸਾਬਕਾ ਚੈਂਪੀਅਨ ਅਸਟਰੇਲੀਆ ਦੇ ਸਫਲ ਕਪਤਾਨ ਪੋਂਟਿੰਗ ਨੇ ਵੀ ਉਸੇ ਦੇ ਚੈਂਪੀਅਨ ਬਣਨ ਦੀ ਭਵਿੱਖਬਾਣੀ ਕੀਤੀ ਹੈ। ਅਸਟਰੇਲੀਆ ਦੇ ਸਹਿ ਕੋਚ ਪੋਂਟਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਇੰਗਲੈਂਡ ਜਿੱਤੇਗਾ, ਮੈਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਗੱਲ ਕਹੀ ਸੀ ਉਨ੍ਹਾਂ ਨੂੰ ਉਨ੍ਹਾਂ ਦੇ ਮੈਦਾਨ ‘ਤੇ ਹਰਾਉਣਾ ਬਹੁਤ ਮੁਸ਼ਕਲ ਹੈ। ਮੈਂ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਦੱਸਿਆ ਸੀ ਅਤੇ ਹੁਣ ਤੱਕ ਅਜਿਹਾ ਹੀ ਹੈ। ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੀ ਵੀ ਸ਼ਲਾਘਾ ਕੀਤੀ।

ਵਿਲੀਅਮਸਨ ਵਿਸ਼ਵ ਰਿਕਾਰਡ ਤੋਂ ਇੱਕ ਕਦਮ ਦੂਰ

ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅੱਜ ਇੰਗਲੈਂਡ ਖਿਲਾਫ ਆਈਸੀਸੀ ਵਿਸ਼ਵ ਕੱਪ ਫਾਈਨਲ ‘ਚ ਇੱਕ ਦੌੜ ਬਣਾਉਣ ਦੇ ਨਾਲ ਹੀ ਆਪਣੇ ਨਾਂਅ ਇੱਕ ਅਹਿਮ ਵਿਸ਼ਵ ਰਿਕਾਰਡ ਦਰਜ ਕਰ ਲੈਣਗੇ। ਆਪਣੀ ਕਪਤਾਨੀ ‘ਚ ਨਿਊਜ਼ੀਲੈਂਡ ਨੂੰ ਉਤਾਰ-ਚੜਾਅ ਤੋਂ ਬਾਅਦ ਵਿਸ਼ਵ ਕੱਪ ਫਾਈਨਲ ‘ਚ ਪਹੁੰਚਾਉਣ ਵਾਲੇ ਅਤੇ ਟੀਮ ਦੇ ਟਾਪ ਸਕੋਰਰ ਵਿਲੀਅਮਸਨ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਸਿਰਫ ਇੱਕ ਦੌੜ ਹੀ ਦੂਰ ਹਨ। ਬਿਹਤਰੀਨ ਫਾਰਮ ‘ਚ ਚੱਲ ਰਹੇ ਅਤੇ ਆਪਣੀ ਟੀਮ ਦੇ ਟਾਪ ਸਕੋਰਰ ਵਿਲੀਅਮਸਨ ਫਾਈਨਲ ‘ਚ ਇੰਗਲੈਂਡ ਖਿਲਾਫ ਇੱਕ ਦੌੜ ਬਣਾਉਂਦੇ ਹੀ ਇੱਕ ਵਿਸ਼ਵ ਕੱਪ ਸੈਸ਼ਨ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕਪਤਾਨ ਬਣ ਜਾਣਗੇ। ਫਿਲਹਾਲ ਕੀਵੀ ਖਿਡਾਰੀ ਦੇ ਨਾਂਅ ਮੌਜ਼ੂਦਾ ਵਿਸ਼ਵ ਕੱਪ ਦੇ 9 ਮੈਚਾਂ ‘ਚ 91.33 ਦੀ ਔਸਤ ਨਾਲ ਕੁੱਲ 548 ਦੌੜਾਂ ਹਨ ਅਤੇ ਉਹ ਸਾਬਕਾ ਸ੍ਰੀਲੰਕਾਈ ਕਪਤਾਨ ਮਹਿਲਾ ਜੈਵਰਧਨੇ ਦੇ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ‘ਚ ਬਰਾਬਰੀ ‘ਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।