ਲੇਖ

ਯੋਗ: ਸਰੀਰਕ,ਮਾਨਸਿਕ ਤੇ ਬੌਧਿਕ ਤੰਦਰੁਸਤੀ ਦਾ ਅਧਾਰ

ਕੌਮਾਂਤਰੀ ਯੋਗ ਦਿਵਸ ‘ਤੇ ਵਿਸ਼ੇਸ਼
21 ਜੂਨ, 2016 ਭਾਰਤ ਦਾ ਸਭ ਤੋਂ ਵੱਡਾ ਦਿਨ ਹੈ  ਅੰਤਰਰਾਸ਼ਟਰੀ ਪੱਧਰ ‘ਤੇ ਯੋਗ ਕਿਰਿਆਵਾਂ ਕਰਕੇ ਭਾਰਤ ਸਮੇਤ ਦੁਨੀਆਂ ਦੇ 176 ਦੇਸ਼ ਇਸ ਦਿਨ ਨੂੰ ਯੋਗ ਦਿਵਸ ਵਜੋਂ ਮਨਾ ਰਹੇ ਹਨ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲੀ ਨੇ ਇਸ ਦਿਨ ਦੀ ਮਹੱਤਤਾ ਨੂੰ ਸਮਝਦੇ ਹੋਇਆਂ ਯੋਗ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ
ਯੋਗ ਰਾਹੀਂ ਤਣਾਓ ਰਹਿਤ ਜੀਵਨ, ਚੰਗੀ ਸਿਹਤ, ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਦੇ ਨਾਲ-ਨਾਲ ਕੁਦਰਤ ਨਾਲ ਮਿਲਾਪ ਵੀ ਹੁੰਦਾ ਹੈ ਜੇ ਵੇਖਿਆ ਜਾਵੇ ਤਾਂ ਯੋਗ ਦਾ ਅਰਥ ‘ਜੁੜਨਾ ਅਤੇ ਜੋੜਣਾ’ ਹੈ ਜਿਸ ਤਰ੍ਹਾਂ ਇੱਕ ਰਕਮ ‘ਚ ਦੁਜੀ ਰਕਮ ਜੁੜ ਕੇ ਵੱਡੀ ਰਕਮ ਬਣ ਜਾਂਦੀ ਹੈ ਏਂਦਾ ਹੀ ਯੋਗ ਕਿਰਿਆਵਾਂ ਰਾਹੀਂ ਸਰੀਰਕ, ਮਾਨਸਿਕ ਤੇ ਬੌਧਿਕ ਸ਼ਕਤੀ ‘ਚ ਵਾਧਾ ਹੁੰਦਾ ਹੈ ਜੀਵਨ ਜਾਂਚ ਤੋਂ ਅਵੇਸਲੇ ਗਤੀ ਹੀਣ, ਪਦਾਰਥਕ ਦੌੜ ‘ਚ ਰੁੱਝੇ ਵਿਅਕਤੀ ਆਪਣੇ ਦੁਰਲੱਭ ਜੀਵਨ ਦੀ ਮਹੱਤਤਾ ਸੰਘਰਸ਼ ਨੂੰ ਤਾਂ ਸਮਝਦੇ ਹੋਏ ਲਾਪਰਵਾਹ ਵਿਅਕਤੀਆਂ ਨੂੰ ਜੀਵਨ ਤੇ ਯੋਗ ਦੀ ਮਹੱਤਤਾ ਸਮਝਾਕੇ ਜਿੰਦਗੀ ਪ੍ਰਤੀ ਸੁਚੇਤ ਕਰਨਾ ਵੀ ਯੋਗ ਦੇ ਮੁੱਖ ਮੰਤਵਾਂ ‘ਚ ਸ਼ਾਮਲ ਹੈ ਅਜੋਕੀ ਪਦਾਰਥਕ ਦੌੜ ਨੇ ਮਨੁੱਖੀ ਰਿਸ਼ਤਿਆਂ ਦੀ ਤੰਦ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ ਕਿਸੇ ਵਿਦਵਾਨ ਦੇ ਇਹ ਕਾਵਿਮਈ ਬੋਲ ਆਧੁਨਿਕ ਮਨੁੱਖ ਦੀ ਸਹੀ ਤਰਜ਼ਮਾਨੀ ਕਰਦੇ ਹਨ  –
ਲੋਕ ਟੁਕੜਿਆਂ ਵਿੱਚ ਜਿਉਂਦੇ ਹਨ,
ਛੱਤਰੀ ਹੇਠ ਵੀ ਸੇਕ ਹੰਢਾਉਂਦੇ ਹਨ
ਫੁੱਲਾਂ ਦਾ ਜੀਵਨ ਭਾਵੇਂ ਥੋੜ੍ਹੇ ਚਿਰ ਦਾ ਹੁੰਦਾ ਹੈ ਪਰ ਸਦਾ ਟਹਿਕਦੇ-ਮਹਿਕਦੇ ਰਹਿੰਦੇ ਹਨ ਪਰ ਦੂਜੇ ਪਾਸੇ ਮਨੁੱਖ ਨੇ ਆਪਣੇ ਹਿੱਸੇ ਆਈ ਖੂਬਸੂਰਤ ਜ਼ਿੰਦਗੀ ਨੂੰ ਬੇਅਰਥ ਸਮਝਕੇ ਮਨੋਰਥਹੀਣ ਬਣਾ ਦਿੱਤਾ ਹੈ ਜੇਕਰ ਹਸਪਤਾਲਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਲੰਮੀਆਂ ਕਤਾਰਾਂ ‘ਚ ਖੜ੍ਹੇ ਤੇ ਭਰੇ ਹੋਏ ਮੈਡੀਕਲ ਸਰਜ਼ੀਕਲ ਵਾਰਡਾਂ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਦੇਸ਼ ਦੀ ਬਹੁ-ਗਿਣਤੀ ਵੱਖ-ਵੱਖ ਰੋਗਾਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੀ ਭੀਖ ਮੰਗਣ ਲਈ ਹਸਪਤਾਲਾਂ ਦੀ ਸ਼ਰਨ ‘ਚ ਆ ਗਈ ਹੋਵੇ
ਆਪਣੀ ਜੀਵਨ ਜਾਂਚ ਤੋਂ ਅਵੇਸਲੇ , ਪਰਿਵਾਰਕ ਜ਼ਿੰਮੇਵਾਰੀਆਂ  ਤੋਂ ਲਾਪਰਵਾਹ,ਨੈਤਿਕ ਕਦਰਾਂ ਕੀਮਤਾਂ ਤੋਂ ਸੱਖਣੇ ਵਿਅਕਤੀ ਦੀ ਮਾਨਸਿਕ ਤੇ ਸਰੀਰਕ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਦਰੱਖਤ ਸੁੱਕ ਰਿਹਾ ਹੈ ਤੇ ਸਪਰੇਅ ਪੱਤਿਆਂ ‘ਤੇ ਕੀਤੀ ਜਾ ਰਹੀ ਹੈ ਦੂਜੇ ਸ਼ਬਦਾਂ ‘ਚ ਇੰਜ ਕਹਿ ਦੇਈਏ ਕਿ ਮਨੁੱਖ ਆਪਣੇ ਡਰਾਇੰਗ ਰੂਮ ਨੂੰ ਸਾਫ਼ ਰੱਖਣ ਦਾ ਭਰਮ ਪਾਲ ਰਿਹਾ ਹੈ, ਅਜਿਹੀ ਹਾਲਤ ‘ਚ ਜਿੱਥੇ ਮਨੁੱਖ ਦੀ ਮਨੁੱਖ ਨਾਲੋਂ ਸਾਰਥਿਕ ਗੱਲਬਾਤ ਹੀ ਟੁੱਟ ਗਈ ਹੈ, ਉੱਥੇ ਹੀ ਉਹ ਸਰੀਰਕ ਮਾਨਸਿਕ ਤੇ ਬੌਧਿਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਦਵਾਈਆਂ ਰੂਪੀ ਆਕਸੀਜ਼ਨ ਨਾਲ ਦਿਨ ਕਟੀ ਕਰ ਰਿਹੈ
ਗੁਰਬਾਣੀ ‘ਚ ਦਰਜ਼ ਹੈ,
‘ਬਾਬਾ ਸੋ ਖਾਣਾ ਖੁਸ਼ੀ ਖੁਆਰੁ ਜਿਤੁ ਖਾਧੈ ਤਨਿ ਪੀੜੀਐ ਮਨ ਮਹਿ ਚਲਹਿ ਵਿਕਾਰੁ’ ਗੁਰੂ ਸਾਹਿਬ ਦੇ ਕਥਨ ਨੂੰ ਭੁੱਲ ਕੇ ਤੇ ਅਸੀਂ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਜਿੱਥੇ ਸਿਹਤ ਨਾਲ ਖਿਲਵਾੜ ਕਰਦੇ ਹਾਂ, ਉੱਥੇ ਹੀ ਸਿਹਤ ਦੀ ਸਾਂਝ ਸੰਭਾਲ ਨਾ ਹੋਣ ਕਾਰਨ ਜਵਾਨੀ ਪਹਿਰੇ ਹੀ ਮੰਜੇ ਸਾਂਝ ਪਾ ਲੈਂਦੇ ਹਾਂ ਸਾਡੇ ਰਿਸ਼ੀਆਂ ਮੁਨੀਆਂ ਨੇ ਸਾਧਨਾ ਤੇ ਤਪੱਸਿਆ ਰਾਹੀਂ ਪਰਮ ਸੁਖ ਤੇ ਸ਼ਾਂਤੀ ਦੀ ਪ੍ਰਾਪਤੀ ਲਈ  ਯੋਗ ਵਿਗਿਆਨ ਦੀ ਖੋਜ ਕੀਤੀ ਹੈ ਯੋਗ ਵਿਗਿਆਨ ਨੇ ਜੀਵਨ ਜਾਂਚ ਦੀ ਜੁਗਤ ਦੱਸਦਿਆਂ ਇਹ ਸੁਨੇਹਾ ਦਿੱਤਾ ਹੈ ਕਿ ਸੱਚਾ ਅਨੰਦ ਸਰੀਰ, ਮਨ ਤੇ ਦਿਮਾਗ ਦੀ ਤੰਦਰੁਸਤੀ ‘ਤੇ ਨਿਰਭਰ ਕਰਦਾ ਹੈ ਇਹ ਤੰਦਰੁਸਤੀ ਯੋਗ ਕਰਿਆਵਾਂ ਤੇ ਆਸਨਾਂ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਯੋਗ ਕਿਰਿਆਵਾਂ ਨੇ ਮਨੁੱਖ ਨੂੰ ਇਹ ਸਾਰਥਿਕ ਸੁਨੇਹਾ ਵੀ ਦਿੱਤਾ ਹੈ, ‘ਬੰਦਾ ਕੰਮ ਕਰਦਾ ਲੋਹਾ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ ‘  ਪ੍ਰਮਾਤਮਾ ਵੱਲੋਂ ਮਨੁੱਖੀ ਜੀਵਨ ਦੀ ਬਖ਼ਸ਼ਿਸ਼ ਸਭ ਤੋਂ ਉੱਤਮ ਹੈ ਤੇ ਇਸ ਦੀ ਸੰਭਾਲ ਲਈ ਯੋਗ ਕਿਰਿਆਵਾਂ ਦਾ ਸਹਾਰਾ ਲੈਣਾ ਬੇਹੱਦ ਜਰੂਰੀ ਹੈ
ਕੋਈ ਸਮਾਂ ਸੀ ਜਦੋਂ ਲੋਕ ਯੋਗ ਨੂੰ ਖਾਸ ਕਿਸਮ ‘ਸਨਕੀ ‘ ਲੋਕਾਂ ਦੀ ਕਿਰਿਆ ਸਮਝਕੇ ਯੋਗ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦੇ ਸਨ ਇਸੇ ਕਾਰਨ ਭਾਰਤ ‘ਚ ਅੰਦਾਜ਼ਨ ਪੰਜ ਹਜ਼ਾਰ ਸਾਲ ਪਹਿਲਾਂ ਹੋਂਦ ‘ਚ ਆਈ ਯੋਗ ਵਿਦਿਆ ਨੂੰ ਚੱਜ ਨਾਲ ਮਾਨਤਾ ਨਹੀਂ ਮਿਲੀ ਪਰ ਅੱਜ ਜਦੋਂ ਸੰਯੁਕਤ ਰਾਸ਼ਟਰ ਦੀ ਤਜਵੀਜ਼ ‘ਤੇ ਦੂਜੇ ਦੇਸ਼ਾਂ ਨੇ ਵੀ ਇਹ ਦਿਨ ਮਨਾਉਣ ਲਈ ਉਤਸ਼ਾਹ ਵਿਖਾਇਆ ਹੈ ਤਾਂ ਯੋਗ ਵਿਗਿਆਨ ਦੀ ਮਹੱਹਤਾ, ਮਾਨਤਾ ਤੇ ਮਨੁੱਖੀ ਜੀਵਨ ਲਈ ਯੋਗ ਕਾਰਨਾ ਇੱਕ ਵਰਦਾਨ ਵਜੋਂ ਸਾਹਮਣੇ ਆਇਆ ਹੈ ਦੇਸ਼ ‘ਚ ਥਾਂ-ਥਾਂ ਫੈਲੇ ਪਾਰਕਾਂ ‘ਚ ਘਰਾਂ ‘ਚ, ਧਾਰਮਿਕ ਅਸਥਾਨਾਂ, ਵਿੱਦਿਅਕ ਸੰਸਥਾਵਾਂ ਤੇ ਹੋਰ ਸਾਂਝੀਆਂ ਥਾਵਾਂ ‘ਤੇ ਬਹੁਤ ਸਾਰੀਆਂ ਔਰਤਾਂ ਤੇ ਮਰਦਾਂ ਦਾ ਯੋਗ ਕਰਨਾ ਇੱਕ ਸ਼ੁੱਭ ਸ਼ਗਨ ਵੀ ਹੈ ਤੇ ਸਰੀਰਕ ਮਾਨਸਿਕ ਤੰਦਰੁਸਤੀ ਲਈ ਉਲਾਰ ਹੋਣ ਦੀ ਨਿਸ਼ਾਨੀ ਵੀ
ਯੋਗ ਕਿਰਿਆਵਾਂ ਤੇ ਪ੍ਰਣਾਯਾਮ ਰਾਹੀਂ ਜਿੱਥੇ ਮਨ ਨੂੰ ਕਾਬੂ ਰੱਖਣ ਦੀ ਜਾਚ ਆ ਜਾਂਦੀ ਹੈ, ਉੱਥੇ ਹੀ ਸਰੀਰ, ਮਨ ਤੇ ਬੁੱਧੀ ‘ਚ ਸ਼ੁੱਧਤਾ ਵੀ ਆਉਂਦੀ ਹੈ ਇੱਥੇ ਹੀ ਬੱਸ ਨਹੀਂ , ਯੋਗ ਕਿਰਿਆਵਾਂ ਰਾਹੀਂ ਸਰੀਰ ਦਾ ਨਾੜੀ ਤੰਤਰ ਵੀ ਕਾਬੂ ‘ਚ ਰਹਿੰਦਾ ਹੈ ਤੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਕਮਜ਼ੋਰੀ ਖ਼ਤਮ ਹੋ ਕੇ ਸਰੀਰ ਰਿਸ਼ਟ- ਪੁਸ਼ਟ ਬਣ ਜਾਂਦਾ ਹੈ ਯੋਗ ਅਭਿਆਸ ਰਾਹੀਂ ਇਹ ਸੁਨੇਹਾ ਵੀ ਮਿਲਦਾ ਹੈ ਕਿ ਚਿੰਤਾ ਨਾ ਕਰੋ, ਚਿੰਤਨ ਕਰੋ, ਕਿਉਂਕਿ ਚਿੰਤਾ ਕਰਨ ਨਾਲ ਤਣਾਅ ਪੈਦਾ ਹੁੰਦਾ ਹੈ  ਤੇ ਤਣਾਅ ਨਾਲ ਤਨ ਮਨ ਨੂੰ ਥਕਾਵਟ ਤੇ ਉਦਾਸੀ ਦੇ ਨਾਲ-ਨਾਲ ਬੁਢਾਪਾ ਵੀ ਮਹਿਸੂਸ ਹੋਣ ਲੱਗਦਾ ਹੈ
ਮਹਾਂਰਿਸ਼ੀ ਪਤੰਜਲੀ ਮੁਤਾਬਕ ਯੋਗ ਦੇ ਅੱਠ ਅੰਗ ਹਨ, ਜਿਨ੍ਹਾਂ ‘ਚ ‘ਯਮ’ ਸਮਾਜ ਦੇ ਭਲੇ ਲਈ, ‘ਆਸਨ’ ਸਰੀਰ ਨੂੰ ਤੰਦਰੁਸਤ ਰੱਖਣ ਲਈ , ‘ਨਿਯਮ’  ਪਵਿੱਤਰਤਾ ਤੇ ਸੰਤੁਸ਼ਟੀ ਲਈ ‘ਧਿਆਨ’ ਚਿੱਤ ਨੂੰ ਸ਼ੁੱਧ ਰੱਖਣ, ‘ਪ੍ਰਣਾਯਾਮ’ ਮਾਨਸਿਕ ਅਰੋਗਤਾ ਲਈ ‘ਪ੍ਰਤਿਆਹਾਰ’  ਇੰਦਰੀਆਂ ਨੂੰ ਅੰਤਰ ਮੁਖੀ ਬਣਾਉਣ ਲਈ , ‘ਧਾਰਨਾ’ ਇਕਾਗਰਤਾ ਲਈ , ‘ਸਮਾਧੀ’ ਯੋਗ ਵਿੱਚ ਸਰੀਰ, ਇੰਦਰੀਆਂ ਮਨ ਵਿਕਾਰਾਂ ਤੋਂ ਮੁਕਤ ਹੋ ਕੇ ਸ਼ਾਂਤੀ ਤੇ ਆਨੰਦ ਪ੍ਰਾਪਤ ਹੁੰਦਾ ਹੈ ਇਹ ਸਭ ਕੁਝ ਨਾਲ ਯੋਗਾ ਨਿੱਜੀ ਜੀਵਨ ਤੋਂ ਲੈ ਕੇ ਸਮਾਜਿਕ ਜੀਵਨ ਤੱਕ ਸਹੀ ਦਿਸ਼ਾ ਪ੍ਰਦਾਨ ਕਰਨ ‘ਚ ਸਹਾਈ ਹੁੰਦਾ ਹੈ ਮਨ ਦੀ ਚੰਚਲਤਾ ,ਈਰਖਾ, ਗੁੱਸਾ ਸਭ ਕੁਝ ਅਲੋਪ ਹੋ ਕੇ ਮਨੁੱਖ ਸ਼ਾਂਤ ਜੀਵਨ ਬਤੀਤ ਕਰਦਾ ਹੈ ਦੂਜੇ ਸ਼ਬਦਾਂ ‘ਚ ਅਸੀਂ ਕਹਿ ਦੇਈਏ ਕਿ ਯੋਗ ਨਾਲ ਪ੍ਰਭਾਵਿਤ ਜੀਵਨ ਜਿੱਥੇ ਮਾਨਸਿਕ, ਸਰੀਰਕ ਤੇ ਬੌਧਿਕ ਪੱਧਰ ਤੋਂ ਤੰਦਰੁਸਤ ਹੁੰਦਾ ਹੈ, ਉੱੇਥੇ ਹੀ ਉਸਨੂੰ ਈਰਖਾ , ਲਾਲਚ ਕੁਸੈਲੀ ਭਾਸ਼ਾ ‘ਤੇ ਕਾਬੂ ਕਰਨ ਦੀ ਜਾਂਚ ਵੀ ਆ ਜਾਂਦੀ ਹੈ ਜਦੋਂ ਇਹ ਮਨੁੱਖੀ ਜੀਵਨ ‘ਚ ਆ ਜਾਵੇ, ਫਿਰ ਹੀ ਭਾਈਚਾਰਕ ਤੰਦਾਂ ਦੀ ਡੋਰ ਮਜ਼ਬੂਤ ਹੁੰਦੀ ਹੈ ਯੋਗ ਕਿਰਿਆਵਾਂ ਸੂਈ ਧਾਗੇ ਦਾ ਕੰਮ ਕਰਦੀਆਂ ਹਨ, ਕੈਂਚੀ ਦਾ ਨਹੀਂ, ਬਿਨਾਂ ਸ਼ੱਕ ਯੋਗ ਨਾਲ ਸਰੀਰ ‘ਚ ਅਨੁਸ਼ਾਸਨ ਪੈਦਾ ਹੁੰਦਾ ਹੈ ਤੇ ਹੌਂਸਲਾ ਵਧਦਾ ਹੈ ਨਾਕਰਾਤਾਮਿਕ ਸੋਚਾਂ ਦੀ ਥਾਂ ਸਕਾਰਾਤਮਕ ਸੋਚਾਂ ਯੋਗ ਕਰਨ ਵਾਲੇ ਦੇ ਅੰਗ-ਸੰਗ ਰਹਿੰਦੀਆਂ ਹਨ ਜੀਵਨ ਨੂੰ ਤੰਦਰੁਸਤ ਰਿਸਟ-ਪੁਸ਼ਟ, ਖੁਸ਼ਹਾਲ, ਨਿੱਡਰ, ਸ਼ਾਂਤ, ਉੱਦਮੀ ਤੇ ਨਿਰਪੱਖ ਰਹਿਣ ਲਈ ਯੋਗ ਦੀ ਸ਼ਰਨ ‘ਚ ਆਉਣਾ ਬੇਹੱਦ ਜਰੂਰੀ ਹੈ ਤੇ ਜੋ ਇਸਦੀ ਸ਼ਰਨ ‘ਚ ਆ ਗਿਆ ਉਹ ਦੰਗੇ ਜਾਂ ਪੰਗੇ ਤੋਂ ਦੂਰ ਰਹਿਕੇ ਹੋਰਾਂ ਨੂੰ ਚੱਜ ਦੀ ਜਿੰਦਗੀ ਜਿਉਣ ਦੀਆਂ ਜੁਗਤਾਂ ਦੱਸ ਕੇ ਦੇਸ਼ ਦੀ ਉਸਾਰੀ ‘ਚ ਬਣਦਾ ਯੋਗਦਾਨ ਪਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਰਹੇਗਾ ਆਓ , ਇਸ ਆਨੰਦ ਉਤਸਵ ‘ਚ ਸ਼ਾਮਲ ਹੋਕੇ ਸਰੀਰਕ , ਮਾਨਸਿਕ ਤੇ ਬੌÎਧਿਕ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਦ੍ਰਿੜ ਸੰਕਲਪ ਕਰੀਏ
ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ
ਨਸ਼ਾ ਛੁਡਾਊ ਹਸਪਤਾਲ , ਸੰਗਰੂਰ
ਮੋ :94171-48866

ਪ੍ਰਸਿੱਧ ਖਬਰਾਂ

To Top