ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, ਟਰੱਕ ਚਾਲਕ ਗੰਭੀਰ ਜਖ਼ਮੀ

ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, ਟਰੱਕ ਚਾਲਕ ਗੰਭੀਰ ਜਖ਼ਮੀ

ਸਮਾਣਾ, (ਸੁਨੀਲ ਚਾਵਲਾ) ਸਮਾਣਾ ਭਵਾਨੀਗੜ੍ਹ ਰੋਡ ‘ਤੇ ਟਰੱਕ ਅਤੇ ਪੀਕਅੱਪ ਗੱਡੀ ਵਿਚਕਾਰ ਹੋਈ ਜਬਰਦਸਤ ਟੱਕਰ ਵਿਚ ਪੀਕੱਪ ਗੱਡੀ ਚਾਲਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਟੱਰਕ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਟੱਕਰ ਇੰਨੀ ਜਬਰਦਸਤ ਸੀ ਕਿ ਪੀਕੱਪ ਗੱਡੀ ਬੁਰੀ ਤਰਾਂ ਖ਼ਤਮ ਹੋ ਗਈ ਜਦੋਂਕਿ ਟੱਰਕ ਵੀ ਹਾਦਸਾਗ੍ਰਸਤ ਹੋ ਕੇ ਪਲਟ ਗਿਆ।

ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਉਰਫ਼ ਜੋਨੀ 25 ਪੁੱਤਰ ਸਮਸ਼ੇਰ ਸਿੰਘ ਵਾਸੀ ਰਾਮ ਬਸਤੀ ਸੰਗਰੂਰ ਜੋ ਕਿ ਪੇਸ਼ੇ ਤੋਂ ਇੱਕ ਫੋਟੋਗ੍ਰਾਫਰ ਸੀ ਪ੍ਰੰਤੂ ਲਾਕਡਾਊਨ ਦੌਰਾਨ ਕੰਮ ਬੰਦ ਹੋਣ ਕਾਰਨ ਉਹ ਕੁੱਲੂ ਤੋਂ ਫੱਲ ਅਤੇ ਹੋਰ ਸਮਾਨ ਲਿਆ ਕੇ ਨੇੜੇ ਦੀਆਂ ਮੰਡੀਆਂ ਵਿਚ ਉਸ ਸਮਾਨ ਨੂੰ ਵੇਚ ਕੇ ਆਪਣੇ ਪ੍ਰੀਵਾਰ ਦਾ ਗੁਜਾਰਾ ਕਰ ਰਿਹਾ ਸੀ।

ਅੱਜ ਸਵੇਰੇ ਉਹ ਕੁੱਲੂ ਤੋਂ ਵਾਪਸੀ ਸਮੇਂ ਸਮਾਣਾ ਮੰਡੀ ਵਿਚ ਆਪਣਾ ਸਮਾਨ ਵੇਚ ਕੇ ਸੰਗਰੂਰ ਆਪਣੇ ਘਰ ਜਾ ਰਿਹਾ ਸੀ ਕਿ ਪਿੰਡ ਫਤਿਹਗੜ ਛੰਨਾ ਨੇੜੇ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸਦੀ ਪੀਕੱਪ ਗੱਡੀ ਨੂੰ ਜੋਰਦਾਰ ਟੱਕਰ ਮਾਰ ਦਿੱਤੀ

ਜਿਸ ਕਾਰਨ ਪੀਕੱਪ ਗੱਡੀ ਚਲਾ ਰਿਹਾ ਜਸਵਿੰਦਰ ਸਿੰਘ ਅਤੇ ਟੱਰਕ ਚਾਲਕ ਮਹਿੰਗਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਾਕੜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨਾਂ ਨੂੰ ਤੁਰੰਤ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਡਾਕਟਰਾਂ ਨੇ ਜਸਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਮਹਿੰਗਾ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੇਫਰ ਕਰ ਦਿੱਤਾ। ਜਸਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਲਾਸ਼ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ